ਸਿਆਸੀ ਖਬਰਾਂ

ਲੇਖਕਾਂ, ਵਿਚਾਰਕਾਂ, ਵਕੀਲਾਂ, ਪੱਤਰਕਾਰਾਂ ਵੱਲੋਂ ਪੁਲਿਸ ਵਧੀਕੀ ਅਤੇ ਗ੍ਰਿਫਤਾਰੀਆਂ ਦਾ ਵਿਰੋਧ

By ਸਿੱਖ ਸਿਆਸਤ ਬਿਊਰੋ

April 15, 2020

ਸ੍ਰੀ ਅੰਮਿ੍ਰਤਸਰ: ਪਟਿਆਲਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ‘ਸਰਕਾਰੀ ਪੱਖ ਤੋਂ ਵੱਖਰਾ ਪੱਖ’ ਰੱਖਣ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਈ ਹਿੱਸਿਆਂ ਵਲੋਂ ਕਰੜੀ ਨਿਖੇਧੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ‘ਆਪਣਾ ਸਾਂਝਾ ਪੰਜਾਬ’ ਚੈੱਨਲ ਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੇ ਇੱਕ ਇਕ ਗੱਲਬਾਤ ਪੇਸ਼ ਕੀਤੀ ਸੀ ਜਿਸ ਉਪਰੰਤ ਪੁਲਿਸ ਵੱਲੋਂ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਗਿ੍ਰਫਤਾਰ ਕਰ ਲਿਆ ਗਿਆ ਤੇ ਕਰਫਿਊ ਦੀ ਉਲੰਘਣਾ ਕਰਨ ਅਤੇ ਚੈੱਨਲ ਰਾਹੀਂ ਲੋਕਾਂ ਨੂੰ ਭੜਕਾਉਣ ਤੇ ਨਿਹੰਗ ਸਿੰਘਾਂ ਦੇ ਹੱਕ ’ਚ ਭੁਗਤਣ ਦਾ ਕਹਿ ਕੇ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲੀਸ ਨੇ ਪੰਜਾਬ ’ਚ ਹੋਰ ਵੀ ਕਈ ਸਿੱਖ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਕੇ ਜੇਲ੍ਹੀਂ ਡੱਕ ਦਿੱਤਾ ਹੈ।

ਇੱਕ ਸਾਂਝੇ ਬਿਆਨ ਵਿਚ ਸਾਬਕਾ ਆਈ.ਏ.ਐੱਸ. ਗੁਰਤੇਜ ਸਿੰਘ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ, ਉਘੇ ਵਕੀਲ ਰਾਜਵਿੰਦਰ ਸਿੰਘ, ਦੇਸ ਪੰਜਾਬ ਦੇ ਸੰਪਾਦਕ ਗੁਰਬਚਨ ਸਿੰਘ ਅਤੇ ਉਘੇ ਪੱਤਰਕਾਰਾਂ ਜਸਪਾਲ ਸਿੰਘ, ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਸਿੱਧੂ ਨੇ ਪੁਲਿਸ ਵਲੋਂ ਪੱਤਰਕਾਰ ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਮੁਖ ਮੰਤਰੀ ਇਹ ਗੱਲ ਯਕੀਨੀ ਬਣਾਵੇ ਕਿ ਪੁਲਿਸ ਪਟਿਆਲਾ ਘਟਨਾ ਦੇ ਬਹਾਨੇ ਤਾਕਤ ਦੀ ਦੁਰਵਰਤੋਂ ਕਰਦੀਆਂ ਲੋਕਾਂ ਨੂੰ ਖ਼ੌਫ਼ਜ਼ਦਾ ਨਾ ਕਰੇ।

ਪੁਲਿਸ ਵਤੀਰੇ ਅਤੇ ਗ੍ਰਿਫਤਾਰੀਆਂ ਦੇ ਮਾਮਲੇ ’ਤੇ ਪ੍ਰਤੀਕਰਮ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪੁਲਿਸ ਦੇ ਵਤੀਰੇ ਦਾ ਕਰੜੇ ਸ਼ਬਦਾਂ ’ਚ ਵਿਰੋਧ ਕੀਤਾ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਭੁਪਿੰਦਰ ਸਿੰਘ ਸੱਜਣ ਸਮੇਤ ਬਾਕੀ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ਲੋਕਤੰਤਰ ਦੇ ਚੌਥਾ ਥੰਮ੍ਹ ਮੰਨੇ ਜਾਂਦੇ ਮੀਡੀਆ ਦਾ ਇਹ ਕਤਲ ਅਤੇ ਵੱਖਰੇ ਵਿਚਾਰ ਪੇਸ਼ ਕਰਨ ਵਾਲਿਆਂ ਦੀ ਅਜ਼ਾਦੀ ’ਤੇ ਤਿੱਖਾ ਹਮਲਾ ਹੈ। ਉਹਨਾਂ ਕਿਹਾ ਕਿ ਪੁਲਿਸ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ।

ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਭੁਪਿੰਦਰ ਸਿੰਘ ਸੱਜਣ ਦੀ ਗਿ੍ਰਫਤਾਰੀ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਇਸ ਦੇ ਨਾਲ ਹੋਰ ਅਨੇਕਾਂ ਸਿੱਖ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ, ਪੱਤਰਕਾਰ ਭਾਈਚਾਰੇ ਅਤੇ ਸੋਸ਼ਲ ਮੀਡੀਆ ’ਤੇ ਪੰਜਾਬ ਦੇ ਲੋਕਾਂ ਵੱਲੋਂ ਪੁਲਿਸ ਦੀ ਇਸ ਗੈਰ-ਕਨੂੰਨੀ ਕਾਰਵਾਈ ਦੀ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ ਜਾ ਰਹੀ ਹੈ। ਪੱਤਰਕਾਰ ਭੁਪਿੰਦਰ ਸਿੰਘ ਸੱਜਣ ਦੇ ਕੇਸ ਦੀ ਐਡਵੋਕੇਟ ਸਿਮਰਨਜੀਤ ਸਿੰਘ ਪੈਰਵਾਈ ਕਰ ਰਹੇ ਹਨ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ “ਇਹ ਠੀਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਪੰਜਾਬ ਪੁਲੀਸ ਨੇ ਕਾਫੀ ਹੱਦ ਤੱਕ ਅਪਣਾ ਵਤੀਰਾ ਬਦਲਿਆ ਹੈ। ਮੈਂ ਇਸ ਦੀ ਪਰਸ਼ੰਸਾ ਕਰਦਾ ਹਾਂ। ਪਰ ਜਿਹਨਾਂ ਨਿਹੰਗ ਸਿੰਘਾਂ ਨੇ ਕੱਲ੍ਹ ਗਲਤੀ ਕੀਤੀ ਸੀ , ਉਹਨਾਂ ਵਿਰੁੱਧ ਸਭ ਨੇ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਵੀ ਕੀਤੀ ਸੀ । ਪਰ ਇਸ ਗੱਲ ਨੂੰ ਕਿਵੇ ਵੀ ਠੀਕ ਨਹੀ ਕਿਹਾ ਜਾਏਗਾ ਕਿ ਹਮਲਾ ਕਰਨ ਵਾਲੇ ਚਾਰ ਲੋਕ ਸਨ ਪਰ ਪਰਚਾ ੯ ਲੋਕਾਂ ਉੱਤੇ ਕਿਵੇ ਕਰ ਦਿੱਤਾ ਗਿਆ ? ਉਹਨਾ ਵਿੱਚ ਵੀ ਦੋ ਔਰਤਾਂ ਅਤੇ ਦੋ ਬਜੁਰਗ ਨੇ ।ਇਹੀ ਗੱਲਾਂ ਪੁਲੀਸ ਦਾ ਅਕਸ ਖਰਾਬ ਕਰਦੀਆਂ ਹਨ । ਮੈਨੁੰ ਪਤਾ ਹੈ ਕਿ ਪਟਿਆਲੇ ਦੇ ਆਈ ਜੀ ਅਤੇ ਐਸ ਐਸ ਪੀ ਦੋਵੇਂ ਇਮਾਨਦਾਰ ਅਤੇ ਚੰਗੇ ਆਫਿਸਰ ਹਨ । ਉਹਾਂ ਤੋ ਇਹ ਆਸ ਕਦੀ ਨਹੀ ਰੱਖੀ ਜਾ ਸਕਦੀ ਕਿ ਉਹ ਕਿਸੇ ਨਾਲ ਧੱਕਾ ਕਰਨਗੇ । ਦੂਜੇ ਪਾਸੇ ਪੰਜਾਬ ਦੇ ਪੱਤਰਕਾਰਾਂ ਉੱਤੇ ਪਰਚੇ ਦਰਜ ਕਰਕੇ ਪੁਲੀਸ ਰਿਮਾਂਡ ਲੈ ਨਿਹੰਗ ਸਿੰਘਾਂ ਦੀ ਕੀਤੀ ਗਲਤੀ ਦਾ ਗੁੱਸਾ ਇਹਨਾ ਨੌਜਵਾਨਾ ਨੂੰ ਕੁੱਟ ਕੇ ਕੱਢਣਾ ਕਿਵੇ ਜਾਇਜ ਹੈ? ਪਰ ਮੈ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਨੁੰ ਬੇਨਤੀ ਕਰਾਂਗਾਂ ਕਿ ਪਲੀਸ ਦਾ ਮਨੋਬਲ ਉੱਚਾ ਰੱਖਣ ਦੇ ਨਾਮ ਹੇਠ ਕਿਸੇ ਬੇਗੁਨਾਹ ਨਾਲ ਧੱਕਾ ਨਹੀ ਚਾਹੀਦਾ। ਇਸ ਲਈ ਮੁੱਖ ਮੰਤਰੀ ਸਾਹਿਬ ਜਾਤੀ ਤੌਰ ਉੁਤੇ ਦਖਲ ਦੇ ਕੇ ਕਸੂਰਵਾਰਾਂ ਨੁੰ ਸਜਾ ਦਿਵਾਉਣ ਅਤੇ ਜਿਹਨਾਂ ਦਾ ਕਸੂਰ ਨਹੀ ਹੈ ਉਹਨਾ ਪ੍ਰਤੀ ਪੜਤਾਲ ਕਰਵਾ ਕੇ ਉਹਨਾ ਨੁੰ ਰਿਹਾ ਕਰਾਵਾਉਣ”।

ਲੇਖਕ ਅਤੇ ਵਿਚਾਰਕ ਸਰਬਜੀਤ ਸਿੰਘ ਘੁਮਾਣ ਨੇ ਕਿਹਾ ਕਿ ਪੰਜਾਬ ਨੂੰ ਪੁਲੀਸ ਰਾਜ ਵਿੱਚ ਬਦਲਿਆ ਜਾ ਰਿਹਾ ਹੈ! ਖਾਕੀ ਵਰਦੀ ਦੀ ਦਹਿਸ਼ਤ ਦਿਲਾਂ ਵਿਚ ਵਸਾਉਣ ਲਈ ਪੱਤਰਕਾਰ, ਵਿਧਾਇਕ, ਆਮ ਲੋਕ ਤੇ ਹੋਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹੋ ਜਿਹੇ ਮਹੌਲ਼ ਵਿਚ ਜੁਲਮ ਦਾ ਸ਼ਿਕਾਰ ਲੋਕਾਂ ਦੇ ਹੱਕ ਵਿੱਚ ਬੋਲਣਾ ਵੀ ਬਹੁਤ ਵੱਡੀ ਸੂਰਬੀਰਤਾ ਹੈ।

ਸਿੱਖ ਬੁਲਾਰੇ ਅਤੇ ਲੇਖਕ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਕਿ ਸਿੱਖ ਪਹਿਲਾਂ ਹੀ ਸੰਤਾਪ ਭੋਗ ਰਹੇ ਹਨ ਤੇ ਇਹ ਗਿ੍ਰਫਤਾਰੀਆਂ ਕਰਕੇ ਸਰਕਾਰ ਹੋਰ ਸੰਤਾਪ ਪੈਦਾ ਨਾ ਕਰੇ। ਉਹਨਾਂ ਕਿਹਾ ਕਿ ਪੱਤਰਕਾਰੀ ਦਾ ਉਦੇਸ਼ ਨਿਰਪੱਖਤਾ ਹੋਵੇ ਤਾਂ ਅਕਸਰ ਸਰਕਾਰਾਂ ਦੇ ਪੱਖਪਾਤੀ ਵਤੀਰੇ ਉੱਪਰ ਚਰਚਾਵਾਂ ਕੀਤੀਆਂ ਹੀ ਜਾਂਦੀਆਂ ਹਨ। ਕਿਸੇ ਵੀ ਵਾਪਰੀ ਘਟਨਾ ਬਾਰੇ ਹਰ ਕਿਸੇ ਦੇ ਵਿਚਾਰ ਇੱਕੋ ਸੂਤਰ ਵਿੱਚ ਨਹੀਂ ਪਰੋਏ ਜਾ ਸਕਦੇ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਲੋਕਾਂ ਨਾਲੋਂ ਮੇਰੇ ਵਿਚਾਰ ਵੀ ਵੱਖਰੇ ਹੋਣ ਕਿ ਅਸੀਂ ਪੂਹਲੇ ਵਰਗੀ ਮਾਨਸਿਕਤਾ ਵਾਲੇ ਹਰ ਨਿਹੰਗ ਵਿੱਚ ਅਕਾਲੀ ਫੂਲਾ ਸਿੰਘ ਨਾ ਵੇਖੀਏ ਅਤੇ ਕਿਸੇ ਪੁਲਿਸ ਵਾਲੇ ਵਿੱਚ ਵੀ ਕੋਈ ਜਨਰਲ ਲਾਭ ਸਿੰਘ ਅਤੇ ਭਾਈ ਦਿਲਾਵਰ ਸਿੰਘ ਸੂਰਮਾ ਉਭਰ ਸਕਦਾ ਹੈ।

ਪੱਤਰਕਾਰੀ ਦਾ ਉਦੇਸ਼ ਹੀ ਵੱਖ ਵੱਖ ਵਿਚਾਰਾਂ ਨੂੰ ਲੋਕਾਂ ਸਾਹਮਣੇ ਰੱਖਣਾ ਹੁੰਦਾ ਹੈ ਕਿ ਲੋਕ ਘੋਖ ਉਪਰੰਤ ਲੋਕ ਰਾਏ ਬਣਾ ਸਕਣ। ਉਹਨਾਂ ਕਿਹਾ ਕਿ ਘਰ ਬੈਠ ਕੇ ਭੁਪਿੰਦਰ ਸਿੰਘ ਨੇ ਜੇਕਰ ਸਰਕਾਰ ਵਿਰੋਧੀ ਪੱਖ ਰੱਖਿਆ ਹੈ ਤਾਂ ਉਸ ਵਿੱਚ ਕਰਫਿਊ ਦੀ ਉਲੰਘਣਾ ਕਿਵੇਂ ਹੋ ਗਈ?

ਪੱਤਰਕਾਰ ਯਾਦਵਿੰਦਰ ਕਰਫਿਊ ਨੇ ਕਿਹਾ ਕਿ ਫਰਾਂਸ ਦੇ ਮਹਾਨ ਵਿਦਵਾਨ ਵਾਲਤੇਅਰ ਨੇ ਕਈ ਸਦੀਆਂ ਪਹਿਲਾਂ ਕਿਹਾ ਸੀ ਕਿ ਲੋਕਤੰਤਰ ਦੀ ਮੁੱਢਲੀ ਸ਼ਰਤ ਬੋਲਣ ਦੀ ਆਜ਼ਾਦੀ ਹੈ। ਸਾਰ ਤੱਤ ‘ਚ ਓਹਨੇ ਕਿਹਾ ਸੀ ਮੈਂ ਮੇਰੇ ਨਾਲ ਅਸਹਿਮਤ ਲੋਕਾਂ ਦੀ ਬੋਲਣ ਦੀ ਆਜ਼ਾਦੀ ਲਈ ਮਰਨ ਤੱਕ ਲੜਾਂਗਾ। ਲੋਕਤੰਤਰ ‘ਚ ਲੋਕ ਤੇ ਮੀਡੀਆ ਇਸੇ ਆਜ਼ਾਦੀ ਨਾਲ ਜਿਉਂਦੇ ਨੇ। ਇਸ ਦੌਰ ‘ਚ ਘੱਟੋ ਘੱਟ ਲੋਕਤੰਤਰੀ ਕਦਰਾਂ-ਕੀਮਤਾਂ ਬਚਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਵਿਚਾਰਧਾਰਾ ਸਰਕਾਰ ‘ਚ ਬੋਲਣ ‘ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ। ਪਟਿਆਲਾ ‘ਨਿਹੰਗ ਕਾਂਡ’ ਮਸਲੇ ਚ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਖਿਲਾਫ਼ ਦਰਜ ਹੋਇਆ ਪੁਲੀਸ ਕੇਸ ਗਲਤ ਹੈ। ਸਮੂਹ ਪੱਤਰਕਾਰਾਂ ਨੂੰ ਸਮਝਣ ਦੀ ਲੋੜ ਹੈ ਕਿ ਸਰਕਾਰ ਜਿਸਦੀ ਮਰਜ਼ੀ ਹੋਵੇ ਗੱਲ ਸਿਰਫ਼ ਹਰਜੀਤ ‘ਤੇ ਨਹੀਂ ਰੁਕਣੀ। ਕੋਰੋਨਾ ‘ਚ ਸਭ ਕੁਝ ਰੁਕਿਆ ਹੋਇਆ। ਸਾਰੇ ਰੁਕ ਕੇ ਸੋਚ ਲਵੋ। ਲੋਕਤੰਤਰੀ ਕਦਰਾਂ ਕੀਮਤਾਂ ਤੇ ਲੋਕਤੰਤਰੀ ਸੰਸਥਾਵਾਂ ਨਹੀਂ ਬਚਣਗੀਆਂ ਤਾਂ ਲੋਕਤੰਤਰ ਕਿਵੇਂ ਬਚੇਗਾ?

ਪੱਤਰਕਾਰ ਸਿਮਰਨਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਪਟਿਆਲਾ ਘਟਨਾ ਦੀ ਮੇਰੇ ਸਮੇਤ ਜ਼ਿਆਦਾਤਰ ਪੰਜਾਬੀਆਂ ਨੇ ਨਿਖੇਧੀ ਕੀਤੀ, ਪਰ ਜਿਹੜੇ ਲੋਕ ਨਿਹੰਗ ਸਿੰਘਾਂ ਦੇ ਹੱਕ ਵਿੱਚ ਨੇ ਉਹ ਵੀ ਮੁਲਕ ਦੇ ਨਾਗਰਿਕ ਨੇ, ਉਹਨਾਂ ਦਾ ਵੀ ਬੋਲਣ ਦਾ ਉਨ੍ਹਾਂ ਹੀ ਅਧਿਕਾਰ ਹੈ। ਸਾਨੂੰ ਸੰਵਿਧਾਨ ਆਪਣੇ ਵਿਚਾਰ ਰੱਖਣ ਦਾ ਹੱਕ ਦਿੰਦਾ ਹੈ। ਵਿਚਾਰ ਦੇਣਾ ਕੋਈ ਜੁਰਮ ਨਹੀਂ। ਪੁਲਿਸ ਵਲੋਂ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਘਰੋਂ ਚੁੱਕ ਲੈ ਜਾਣਾ ਪੁਲਸ ਦੀ ਅਸਹਿਣਸ਼ੀਲਤਾ ਹੈ ਸਮਾਜ ਪ੍ਰਤੀ। ਜਿਨ੍ਹਾਂ ਨੇ ਪਟਿਆਲਾ ਘਟਨਾ ਦੀ ਨਿਖੇਧੀ ਕੀਤੀ ਉਹਨਾਂ ਨੂੰ ਇਸ ਦੀ ਨਿਖੇਧੀ ਵੀ ਕਰਨੀ ਚਾਹੀਦੀ ਹੈ। ਲੋਕਤੰਤਰ ਵਿਚਾਰਾਂ ਦੇ ਪ੍ਰਗਟਾਵੇ ਨਾਲ ਹੀ ਜਿਉਂਦਾ ਨਹੀਂ ਤਾਂ ਇਹ ਪੁਲਸੀਆ ਗੁੰਡਾਤੰਤਰ ਹੋ ਜਾਊਗਾ। ਪੁਲਿਸ ਵੀ ਦੁੱਧ ਧੋਤੀ ਨਹੀਂ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸ਼ ਤੱਕ ਨਹੀਂ ਲੱਭੀ ਸੀ, 25000 ਨੌਜਵਾਨ ਮੁਕਾਬਲੇ ਬਣਾ ਕੇ ਮਾਰ ਦਿੱਤੇ ਗਏ, ਹਜ਼ਾਰਾਂ ਮਾਵਾਂ ਅੱਜ ਵੀ ਆਪਣੇ ਪੁੱਤ ਉਡੀਕਦੀਆਂ ਨੇ। ਪੰਜਾਬ ਦੇ ਲੋਕਾਂ ਨੇ ਐਨਾ ਸਹਿਣ ਤੋਂ ਬਾਅਦ ਵੀ ਪੁਲਿਸ ਦਾ ਹਮੇਸ਼ਾਂ ਉਸ ਸਮੇਂ ਸਾਥ ਦਿੱਤਾ ਜਦੋ ਜਦੋ ਪੁਲਿਸ ਚੰਗਾ ਕੰਮ ਕਰਦੀ ਰਹੀ ਹੈ, ਤਰੀਫਾਂ ਕੀਤੀਆਂ। ਇਸ ਤਰਾਂ ਪੱਤਰਕਾਰ ਨੂੰ ਘਰੋਂ ਚੁੱਕਣਾ ਗਲਤ ਹੈ, ਸੰਵਿਧਾਨ ਦਾ ਕਤਲ ਹੈ। ਸਹਿਮਤੀ ਅਸਹਿਮਤੀ ਨਾਲ ਹੀ ਮੁਲਕ ਚਲਦਾ ਹੈ। ਕਨੂੰਨ ਦੀ ਪਾਲਣਾ ਹੋਵ, ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਆਮ ਨਾਗਰਿਕ ਦੀ ਤਰਾਂ ਵਿਵਹਾਰ ਕੀਤਾ ਹੈ।

ਪੱਤਰਕਾਰ ਗੁਰਸੇਵਕ ਸਿੰਘ ਧੌਲਾ ਨੇ ਕਿਹਾ ਕਿ ਘਰ ਬੈਠੇ ਭੁਪਿੰਦਰ ਸਿੰਘ ਸੱਜਣ ਤੇ ਕੇਸ ਦਰਜ ਕਰਕੇ ਗਿ੍ਰਫਤਾਰ ਕਰਨਾ ਧੱਕੇਸ਼ਾਹੀ ਅਤੇ ਕਾਨੂੰਨ ਦੀ ਦੁਰਵਰਤੋਂ ਹੈ। ਸਰਕਾਰ ਇਸ ਤਰ੍ਹਾਂ ਦੀਆਂ ਗਿ੍ਰਫਤਾਰੀਆਂ ਨਾਲ ਲੋਕਾਂ ਦੀ ਜੁਬਾਨ ਬੰਦ ਕਰਨਾ ਚਾਹੁੰਦੀ ਹੈ। ਇਸ ਗਿ੍ਰਫਤਾਰੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਾਰੇ ਉਹ ਸਿੱਖ ਵੀ ਭਾਈਵਾਲ ਹਨ ਜਿਨ੍ਹਾਂ ਨੇ ਪਟਿਆਲਾ ਨੇੜੇ ਹੋਈ ਮੰਦਭਾਗੀ ਝੜਪ ਵਿਚ ਬਿਨਾ ਸੋਚੇ-ਸਮਝੇ ਨਿਹੰਗ ਸਿੰਘਾਂ ਖਿਲਾਫ ਬਿਆਨ ਜਾਰੀ ਕੀਤੇ। ਇਹ ਨਿਹੰਗ ਸਿੰਘ ਅਸਲੀ ਸਨ ਜਾਂ ਨਕਲੀ ? ਝੜਪ ਪਿੱਛੇ ਕੀ ਕਾਰਨ ਸਨ ? ਇਸ ਘਟਨਾ ਲਈ ਅਸਲੀ ਜ਼ਿੰਮੇਵਾਰ ਕੌਣ ਸੀ ਇਹ ਜਾਂਚ ਦਾ ਵਿਸ਼ਾ ਸੀ। ਸਿੱਖ ਆਗੂਆਂ ਨੂੰ ਚਾਹੀਦਾ ਸੀ ਕਿ ਇਸ ਘਟਨਾ ਲਈ ਜਾਂਚ ਦੀ ਮੰਗ ਕਰਦੇ। ਪਰ ਸਿੱਖ ਆਗੂਆਂ ਨੇ ਤੁਰੰਤ ਆਪਣੇ ਹੱਥ ਪਿੱਛੇ ਕਰਕੇ ਭੁਪਿੰਦਰ ਸਿੰਘ ਸੱਜਣ ਪੱਤਰਕਾਰ ਹੁਰਾਂ ਨੂੰ ਮੈਦਾਨ ਵਿਚ ਨਿਰਾਲਾ ਕੱਢ ਦਿੱਤਾ। ਸਰਕਾਰ ਦਾ ਇਹ ਧੱਕਾ ਬੋਲਣ ਦੀ ਆਜ਼ਾਦੀ ਦਾ ਗਲ਼ ਘੁੱਟਣ ਬਰਾਬਰ ਹੈ। ਮੈਂ ਇਸ ਸਰਕਾਰੀ ਧੱਕੇ ਦਾ ਸ਼ਖਤ ਲਫਜਾਂ ਵਿਚ ਵਿਰੋਧ ਕਰਦਾ ਹਾਂ। ਪੱਤਰਕਾਰ ਹਰਸ਼ਰਨ ਕੌਰ ਨੇ ਕਿਹਾ ਕਿ ਦੁਨੀਆਂ ਵਿੱਚ ਸੱਚ-ਝੂਠ ਦੀ ਲੜਾਈ ਬਰਾਬਰ ਚਲਦੀ ਹੈ, ਇਹਦੇ ‘ਚ ਜਿੱਤ ਹਾਰ ਦੋਵਾਂ ਦੀ ਹੁੰਦੀ ਐ, ਫਰਕ ਸਿਰਫ ਐਨਾ ਕਿ ਦੁਨੀਆ ‘ਚ ਜ਼ਿਆਦਤਾਰ ਪਹਿਲਾਂ ਝੂਠ ਜਿੱਤਦਾ, ਸੱਚ ਦੀ ਜਿੱਤ ‘ਚ ਸੰਘਰਸ਼ ਹੁੰਦਾ ਤੇ ਕਈ ਵਾਰ ਜਿੱਤ ਹੁੰਦੀ ਹੀ ਨਹੀਂ, ਪਰ ਅਕਾਲ ਪੁਰਖ ਦੀ ਕਚਹਿਰੀ ‘ਚ ਸਦਾ ਈ ਸੱਚ ਜਿੱਤਦਾ, ਸੱਚ-ਝੂਠ ਵਾਂਗ ਪੱਖ-ਵਿਪੱਖ, ਸਹਿਮਤੀ-ਅਸਹਿਮਤੀ ਵੀ ਨਾਲ-ਨਾਲ ਚੱਲਦੇ ਨੇ, ਜੇ ਤੁਸੀਂ ਇਸ ਮੁਲਕ ‘ਚ ਲੋਕਤੰਤਰ ਦਾ ਰਾਜ ਮੰਨਦੇ ਹੋ ਤਾਂ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਵੀ ਤੁਸੀਂ ਸਭ ਨੂੰ ਆਪ ਦਿੱਤਾ ਹੋਇਆ, ਪੱਤਰਕਾਰ ਦੀ ਤਾਂ ਜ਼ਿੰਮੇਵਾਰੀ ਹੀ ਜਾਣਕਾਰੀ ਪੇਸ਼ ਕਰਨ ਦੀ ਹੁੰਦੀ ਹੈ, ਪੱਤਰਕਾਰ ਭੁਪਿੰਦਰ ਸਿੰਘ ਸੱਜਣ ਖ਼ਿਲਾਫ਼ ਹੋਇਆ ਪਰਚਾ ਪੁਲਿਸ ਦੀ ਧੱਕੇਸ਼ਾਹੀ ਹੈ, ਮੁੱਖ ਮੰਤਰੀ ਸਾਹਬ ਨੂੰ ਦਖ਼ਲ ਦੇਣ ਦੀ ਲੋੜ ਹੈ, ਪਰਚਾ ਰੱਦ ਹੋਣਾ ਚਾਹੀਦਾ ਹੈ।

ਪੱਤਰਕਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਹੜੀਆਂ ਧਾਰਾਵਾਂ ਅੱਜ ਫੇਸਬੁੱਕ ‘ਤੇ ਪੋਸਟਾਂ ਪਾਉਣ ਵਾਲਿਆਂ ਨੂੰ ਗਿ੍ਰਫਤਾਰ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਾ ਰਹੀ ਹੈ ਇਹੀ ਧਾਰਵਾਂ ਲਾ ਕੇ 1897 ਵਿਚ ਅੰਗ੍ਰੇਜ਼ ਸਰਕਾਰ ਨੇ ਭਾਰਤ ਦੇ ਅਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ 18 ਮਹੀਨਿਆਂ ਲਈ ਜੇਲ੍ਹ ਵਿਚ ਬੰਦ ਸੀ ਜਦੋਂ ਇਸ ਕਾਨੂੰਨ ਨੂੰ ਅੰਗ੍ਰੇਜ਼ਾਂ ਨੇ ਬਣਾਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: