ਤੀਜਾ ਘੱਲੂਘਾਰਾ (ਜੂਨ 1984 ਦੇ ਹਮਲੇ)

ਜੂਨ 1984 ਦੇ ਹਮਲੇ-2: ਗੁ. ਧਮਤਾਨ ਸਾਹਿਬ (ਜੀਂਦ) ਤੇ ਬਿਪਰਵਾਦੀ ਫੌਜ ਦਾ ਹਮਲਾ ਚਸ਼ਮਦੀਦ ਗਵਾਹਾਂ ਦੀ ਜੁਬਾਨੀ

By ਸਿੱਖ ਸਿਆਸਤ ਬਿਊਰੋ

June 04, 2020

ਲੜੀ – ਜੂਨ 1984 ਦੇ ਹਮਲੇ

ਕੜੀ ਦੂਜੀ –  ਉਹ ਦਰਬਾਰ ਸਾਹਿਬ ਦੇ ਉੱਪਰ ਸਨੇ ਜੁੱਤੀਆਂ ਦਗੜ ਦਗੜ ਕਰਦੇ ਫਿਰ ਰਹੇ ਸੀ…

(ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ – ਧਮਤਾਨ ਸਾਹਿਬ)

ਗੁਰਦੁਆਰਾ ਸਾਹਿਬ – ਇਹ ਪਾਵਨ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਯਾਦ ‘ਚ ਸੁਭਾਇਮਾਨ ਹੈ। ਗੁਰੂ ਜੀ ਬਾਂਗਰ ਤੋਂ ਆਗਰੇ ਨੂੰ ਜਾਂਦੇ ਹੋਏ ਇਥੇ ਪਧਾਰੇ ਸਨ। ਇਹ ਪਾਵਨ ਅਸਥਾਨ ਸ਼ਹਿਰ ਧਮਤਾਨ, ਤਹਿਸੀਲ ਨਰਵਾਣਾ, ਜ਼ਿਲ੍ਹਾ ਜੀਂਦ, ਹਰਿਆਣਾ ਰਾਜ ਵਿਚ ਦਿੱਲੀ-ਜਾਖਲ-ਬਠਿੰਡਾ ਰੇਲਵੇ ਲਾਈਨ ‘ਤੇ ਰੇਲਵੇ ਸਟੇਸ਼ਨ ਧਮਤਾਨ ਤੋਂ ਦੋ ਕਿਲੋਮੀਟਰ ਤੇ ਬੱਸ ਸਟੈਂਡ ਧਮਤਾਨ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਅਸਥਾਨ ਦਿੱਲੀ-ਪਾਤੜਾਂ-ਨਿਰਵਾਣਾ-ਟੋਹਾਣਾ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਰਾਹੀਂ ਜੁੜਿਆ ਹੈ। 

ਭੁਗੋਲਿਕ ਸਥਿਤੀ – ਗੁਰਦੁਆਰਾ ਧਮਤਾਨ ਸਾਹਿਬ ਹਰਿਆਣੇ ਦੇ ਜੀਂਦ ਜਿਲ੍ਹੇ ਵਿੱਚ ਨਰਵਾਣਾ-ਟੋਹਾਣਾ ਸੜਕ ਤੋਂ 10 ਕੁ ਕਿ.ਮੀ. ਚੜ੍ਹਦੇ ਵਾਲੇ ਪਾਸੇ ਹੈ। ਗੁ. ਧਮਤਾਨ ਸਾਹਿਬ ਦਰਬਾਰ ਸਾਹਿਬ ਅੰਮਿ੍ਰਤਸਰ ਤੋਂ ਦੱਖਣ-ਪੂਰਬ ਵਾਲੇ ਪਾਸੇ ਕਰੀਬ 293 ਕਿ.ਮੀ. ਦੀ ਦੂਰੀ ਉੱਤੇ ਸਥਿੱਤ ਹੈ।

ਜੂਨ 1984 – ਦਰਬਾਰ ਸਾਹਿਬ ਤੇ ਹਮਲਾ ਹੋਣ ਦੀ ਖਬਰ ਰੇਡੀਓ ਰਾਹੀਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧਮਤਾਨ ਸਾਹਿਬ ਦੇ ਸੇਵਾਦਾਰਾਂ ਨੇ ਸੁਣੀ, ਸੁਣਨ ਤੋਂ ਬਾਅਦ ਮੈਨੇਜਰ ਸੁਰਜੀਤ ਸਿੰਘ ਨੇ ਬਾਕੀ ਸੇਵਾਦਾਰਾਂ/ਮੁਲਾਜਮਾਂ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਇਹ ਹਦਾਇਤ ਕੀਤੀ ਕਿ ਤੁਸੀਂ ਕਿਸੇ ਨੇ ਵੀ ਧਮਤਾਨ ਸਾਹਿਬ ਬੱਸ ਸਟੈਂਡ ਤੇ ਜਾਂ ਪਿੰਡ ਦੇ ਵਿੱਚ ਨਹੀਂ ਜਾਣਾ ਤਾਂ ਕਿ ਕਿਸੇ ਨਾਲ ਕੋਈ ਤਕਰਾਰਬਾਜ਼ੀ ਨਾ ਹੋਵੇ। ਹਾਲਾਤ ਮਾੜੇ ਹੋਣ ਕਾਰਨ ਐਵੇਂ ਕਿਸੇ ਨਾਲ ਤੂੰ ਤੂੰ ਮੈਂ ਮੈਂ ਨਾ ਹੋ ਜਾਵੇ ਅਤੇ ਗੱਲ ਨਾ ਵਧ ਜਾਵੇ। ਮੈਨੇਜਰ ਸੁਰਜੀਤ ਸਿੰਘ ਹਜੇ ਇਹ ਹਦਾਇਤ ਕਰ ਹੀ ਰਹੇ ਸਨ ਕਿ ‘ਸੀ ਆਰ ਪੀ’ ਗੁਰਦੁਆਰਾ ਸਾਹਿਬ ਦੀ ਡਿਓਡੀ ਦੇ ਬਾਹਰ ਇਕੱਠੀ ਹੋ ਗਈ। ਧਮਤਾਨ ਸਾਹਿਬ ਪੁਲਿਸ ਚੋਂਕੀ ਵਿੱਚ ਉਸ ਵੇਲੇ ਇਕ ਸਰਦਾਰ ਦੀ ਡਿਊਟੀ ਹੁੰਦੀ ਸੀ, ਉਹ ਵੀ ਉਹਨਾਂ ਨਾਲ ਆਇਆ ਸੀ। ਉਹ ਬਿਨਾ ਕਮੀਜ ਦੇ ਸਿਰਫ ਬਨੈਣ ਪੈਂਟ ਨਾਲ ਅੰਦਰ ਆਇਆ। ਉਹਦੇ ਸਿਰ ਤੇ ਪਰਨਾ ਬੰਨਿਆ ਸੀ। ਉਹਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਤਲਾਸ਼ੀ ਲੈਣੀ ਹੈ। ਉਹਨਾ ਨੇ ਬਿਨਾ ਕਿਸੇ ਲੰਬੀ ਚੌੜੀ ਗੱਲਬਾਤ ਦੇ ਕਿਹਾ ਕਿ ਤੁਸੀਂ ਤਲਾਸ਼ੀ ਲੈ ਸਕਦੇ ਹੋ। ਇਸ ਵੇਲੇ ਤਕਰੀਬਨ ਸਵੇਰੇ 7 ਕੁ ਵਜੇ ਦਾ ਸਮਾਂ ਹੋਵੇਗਾ ਤੇ ‘ਸੀ ਆਰ ਪੀ’ ਆਪਣੇ ਲਾਮ ਲਸ਼ਕਰ ਸਮੇਤ ਅੰਦਰ ਆ ਗਈ। ਥੋੜੀ ਬਹੁਤ ਗੱਲਬਾਤ ਸੁਰਜੀਤ ਸਿੰਘ ਨਾਲ ਕਰਕੇ ਫਿਰ ਉਹਨਾਂ ਨੇ ਸਾਰੇ ਸੇਵਾਦਾਰਾਂ/ਮੁਲਾਜਮਾਂ ਨੂੰ ਇੱਕ ਨਿੰਮ ਥੱਲੇ ਬਿਠਾ ਲਿਆ। ਸਭ ਦੀ ਜਾਮਾ ਤਲਾਸ਼ੀ ਕੀਤੀ ਅਤੇ ਜੇਬਾਂ ਦੀ ਤਲਾਸ਼ੀ ਕਰਕੇ ਬਾਰੀ ਬਾਰੀ ਇਕੱਲਾ ਇਕੱਲਾ ਕਮਰਾ ਖਲਾਉਂਦੇ ਰਹੇ ਤੇ ਕਮਰਿਆ ਦੀ ਤਲਾਸ਼ੀ ਲੈਂਦੇ ਰਹੇ। ਜਿਸ ਕਮਰੇ ਵਿਚ ਗੁਰੁਦੁਅਰਾ ਸਹਿਬ ਦੀ ਕਣਕ ਰੱਖੀ ਹੋਈ ਸੀ ਉਹਦੇ ਵਿਚ ਵੀ ਉਹਨਾਂ ਨੇ ਸੋਟੀਆਂ ਮਾਰ ਮਾਰ ਕੇ ਦੇਖਿਆ ਕਿ ਕਿਤੇ ਕੋਈ ਹਥਿਆਰ ਤਾਂ ਨੀ ਲੁਕੋਇਆ ਹੋਇਆ ਪਰ ਉੱਥੇ ਵੀ ਉਹਨਾਂ ਨੂੰ ਕੁਝ ਨਾ ਮਿਲਿਆ। ਇਹ ਸਭ ਕਰਕੇ ਵੀ ਹਜੇ ਉਹਨਾਂ ਨੂੰ ਤਸੱਲੀ ਨਹੀਂ ਸੀ ਹੋ ਰਹੀ ਤੇ ਫਿਰ ਓਹ ਦਰਬਾਰ ਸਹਿਬ ਦੇ ਅੰਦਰ ਚਲੇ ਗਏ। ਇਹ ਸਭ ਦੱਸ ਰਹੇ ਸਨ ‘ਬਲਦੇਵ ਸਿੰਘ’ ਜੋ ਉਸ ਵੇਲੇ ਗੁਰਦੁਆਰਾ ਸਾਹਿਬ ਵਿੱਚ ਬਤੌਰ ਤਬਲਾਬਾਦਕ ਸੇਵਾ ਨਿਭਾ ਰਹੇ ਸੀ। 

ਸਾਨੂੰ ਬਾਹਰ ਨਿੰਮ ਹੇਠਾਂ ਬਿਠਾਏ ਹੋਣ ਕਰਕੇ ਇਹ ਨਹੀਂ ਪਤਾ ਕਿ ਉਹ ਜੁੱਤਿਆਂ ਸਮੇਤ ਅੰਦਰ ਗਏ ਜਾ ਜੁੱਤੇ ਕੱਢ ਕੇ ਗਏ। ਗੁਰਦੁਆਰਾ ਸਾਹਿਬ ਦਾ ਮੈਨੇਜਰ ਉਹਨਾਂ ਨਾਲ ਸੀ। ਦਰਬਾਰ ਸਾਹਿਬ ਵਿਚ ਇੱਕ ਛੋਟੇ ਕਮਰੇ ਵਿੱਚ ਖਜਾਨਾ ਹੁੰਦਾ ਸੀ ਜਿੱਥੇ  ਪੁਰਾਣੀਆ ਇਤਿਹਾਸਿਕ ਤੋੜੇਦਾਰ ਬੰਦੂਕਾਂ ਹੁੰਦੀਆ ਸੀ, ਕਿਸੇ ਦਾ ਵੱਟ, ਕਿਸੇ ਦੀ ਪਾਈਪ, ਕੁਝ ਸ਼੍ਰੀ ਸਾਹਿਬ ਬਿਨਾ ਮਿਆਨ ਤੋਂ ਇਹ ਸਭ ਉਹਨਾਂ ਨੇ ਚੱਕ ਲਈਆਂ ਜੋ ਬਾਅਦ ਵਿੱਚ ਲਿਖਤ ਪੜ੍ਹਤ ਦੀ ਕਾਰਵਾਈ ਕਰਕੇ ਵਾਪਸ ਮਿਲ ਗਈਆਂ ਸਨ। ਹੁਣ ਵੀ ਉਹ ਤੋੜੇਦਾਰ ਬੰਦੂਕਾਂ ਦਰਬਾਰ ਸਾਹਿਬ ਵਿੱਚ ਸ਼ੁਸ਼ੋਬਿਤ ਹਨ। ਕੁਝ ਸੇਵਾਦਾਰਾਂ ਕੋਲ ਆਪਣੀਆਂ ਲਾਇਸੈਂਸੀ ਬੰਦੂਕਾਂ ਸਨ ਓਹ ਵੀ ਉਹਨਾਂ ਨੇ ਕਬਜ਼ੇ ਚ ਕਰ ਲਈਆਂ। ਫਿਰ ਉਹਨਾਂ ਨੇ ਟੇਚੀ ਟਰੰਕ ਅਲਮਾਰੀ ਸਭ ਦੀ ਫਰੋਲਾ ਫਰਾਲ ਕੀਤੀ ਪਰ ਨਜਾਇਜ਼ ਕੁਝ ਵੀ ਨਾ ਮਿਲਿਆ ਅਤੇ ਫਿਰ ਬਾਹਰ ਆ ਕੇ ਪੁੱਛ ਗਿੱਛ ਕੀਤੀ। 

ਦਰਬਾਰ ਸਾਹਿਬ ਦੇ ਪਿੱਛੇ ਇੱਕ ਕੋਠੀ ਹੁੰਦੀ ਸੀ ਜਿਹੜੀ ਕਿ ਜਿਸ ਰਾਜੇ ਨੇ ਦਰਬਾਰ ਸਾਹਿਬ ਦੀ ਇਮਾਰਤ ਬਣਾਈ ਸੀ ਉਸ ਦੀ ਰਹਾਇਸ਼ ਹੁੰਦੀ ਸੀ। ਓਹਦੀ ਬਨਾਵਟ ਇਸ ਤਰ੍ਹਾਂ ਸੀ ਕਿ ਇੱਕ ਦਰਵਾਜੇ ਵਿਚ ਜਾ ਕੇ ਉਸ ਦੇ ਅੰਦਰ ਹੀ ਅੰਦਰ ਹੋਰ ਦਰਵਾਜੇ ਸਨ ਪਰ ਬਾਅਦ ਵਿਚ ਓਹਦੇ ਦਰਵਾਜੇ ਬੰਦ ਕਰਕੇ ਵੱਖਰੇ ਵੱਖਰੇ ਕੁਆਟਰ ਬਣਾ ਦਿਤੇ ਸਨ। ਇੱਕ ਕੁਆਟਰ ਵਿੱਚ ਅਜਿਹਾ ਭੋਰਾ ਹੁੰਦਾ ਸੀ ਕਿ ਜੇ ਅਲਮਾਰੀ ਖੋਲੀਏ ਤਾਂ ਸਿੱਧੀਆਂ ਪੌੜੀਆਂ ਹੁੰਦੀਆ ਸਨ। ਓਹਦਾ ਰਸਤਾ ਖਤਰਨਾਕ ਅਤੇ ਖ਼ਰਾਬ ਹੋਣ ਕਰਕੇ ਓਹਦੇ ਵਿੱਚ ਕੋਈ ਵੜਦਾ ਨਹੀਂ ਸੀ ਹੁੰਦਾ। ਓਹਨਾ ਨੇ ਮੈਨੇਜਰ ਨੂੰ ਕਿਹਾ ਵੀ ਤੂੰ ਚੱਲ ਤਾਂ ਮੈਨੇਜਰ ਨੇ ਕਿਹਾ ਕਿ ਤਲਾਸ਼ੀ ਤੁਸੀਂ ਲੈਣੀ ਹੈ ਤੁਸੀਂ ਜਾਓ। ਉੱਥੇ ਵੀ ਤਲਾਸ਼ੀ ਦੌਰਾਨ ਓਹਨਾ ਨੂੰ ਕੁਝ ਨਹੀਂ ਸੀ ਮਿਲਿਆ। ਇਹਨਾਂ ਨੇ ਸਾਰਾ ਦਿਨ ਤਕਰੀਬਨ ਸ਼ਾਮ ਦੇ 7 ਵਜੇ ਤੱਕ ਤਲਾਸ਼ੀ ਲਈ ਅਤੇ ਇਸ ਦੌਰਾਨ ਨਾ ਬਾਹਰੋਂ ਅੰਦਰ ਕੋਈ ਆ ਸਕਦਾ ਸੀ ਨਾ ਹੀ ਅੰਦਰੋਂ ਕੋਈ ਬਾਹਰ ਜਾ ਸਕਦਾ ਸੀ। 

ਗੁਰਦੁਆਰਾ ਸਾਹਿਬ ਦੇ ਬੁਰਜ ਫਾਰਮ ਵਿਚ ਬਤੌਰ ਸੇਵਾਦਾਰ ਰਹਿੰਦੇ ਸ. ਹਵਾ ਸਿੰਘ ਮੁਤਾਬਿਕ ਜਦੋਂ ਗੁਰਦੁਆਰਾ ਸਾਹਿਬ ਤੋਂ ਉਹ (ਪੁਲਿਸ) ਵੱਡੀ ਗਿਣਤੀ ਵਿੱਚ ਬੁਰਜ ਫਾਰਮ ਆਏ, ਉਹਨਾਂ ਨੇ 450 ਕਿਲ੍ਹੇ ਦੇ ਫਾਰਮ ਨੂੰ ਘੇਰਾ ਪਾ ਲਿਆ ਅਤੇ ਫਾਰਮ ਵਿੱਚ ਰਹਿੰਦੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ/ਮੁਲਾਜਮਾਂ ਬਾਰੇ ਪੁੱਛਣ ਲੱਗ ਪਏ ਅਤੇ ਸਾਰਿਆਂ ਦੀ ਪੁੱਛ ਪੜਤਾਲ ਕੀਤੀ। ਉਹ ਉੱਥੇ ਬਹੁਤ ਚਿਰ ਤੁਰਦੇ ਫਿਰਦੇ ਰਹੇ। ਖੇਤੀਬਾੜੀ ਕਰਨ ਵਾਲੇ ਬੰਦੇ ਤਕਰੀਬਨ ਉੱਥੇ ਹੀ ਸੌਂਦੇ ਹੁੰਦੇ ਸੀ ਅਤੇ ਉਹਨਾਂ ਦੀ ਰੋਟੀ ਉੱਥੇ ਹੀ ਆਉਂਦੀ ਹੁੰਦੀ ਸੀ। ਪੁਲਸ ਵਾਲੇ ਦੂਸਰੇ ਤੀਸਰੇ ਦਿਨ ਸਵੇਰੇ ਸਵੇਰੇ ਫਿਰ ਆ ਗਏ। ਜਿਹੜਾ ਸਿੰਘ ਸੇਵਾਦਾਰਾਂ/ਮੁਲਾਜਮਾਂ ਦੀ ਰੋਟੀ ਲੈਕੇ ਆ ਰਿਹਾ ਸੀ ਓਹਨੂੰ ਕਹਿੰਦੇ ਕਿੱਥੇ ਨੇ ਅੱਤਵਾਦੀ? ਤੂੰ ਅੱਤਵਾਦੀਆਂ ਦੀ ਰੋਟੀ ਦੇ ਕੇ ਆਇਆਂ? ਉਸ ਵੇਲੇ ਸਪੈਦੇ ਲਾਏ ਹੋਏ ਸੀ ਬਹੁਤ ਜਿਆਦਾ, ਤਕਰੀਬਨ 30-40 ਕਿੱਲ੍ਹੇ। ਪੁਲਿਸ ਵਾਲੇ ਸਾਡੇ ਨਾਲ ਜਾ ਕੇ ਉੱਥੇ ਵੀ ਗੇੜਾ ਮਾਰ ਕੇ ਆਏ। ਫਿਰ ਓਹਨਾ ਨੇ ਸਾਰੇ ਬੰਦੇ ਇਕੱਠੇ ਕੀਤੇ ਤੇ ਸਭ ਨੂੰ ਪੁੱਛਿਆ ਕਿ ਤੂੰ ਕਿੱਥੇ ਦਾ? ਤੂੰ ਕਿੱਥੇ ਦਾ? … ਉਹਨਾਂ ਨੂੰ ਐਵੇਂ ਡਰ ਸੀ ਉਹਨਾਂ ਦਾ (ਖਾੜਕੂ ਸਿੰਘਾਂ ਦਾ)। ਉੱਥੇ ਇੱਕ 10-12 ਕਿਲ੍ਹਿਆਂ ਦੇ ਥਾਂ ਚ ਬੀੜ ਸੀ ਤੇ ਇਕ ਥਾਂ ਇੱਟਾਂ ਧਰ ਕੇ ਚੁੱਲ੍ਹਾ ਜਿਆ ਪਾਇਆ ਹੋਇਆ ਸੀ। ਉੱਥੇ ਉਹਨਾਂ ਨੇ ਘੇਰਾ ਪਾ ਲਿਆ ਕਿ ਇੱਥੇ ਅੱਤਵਾਦੀ ਆਉਂਦੇ ਆ, ਚਾਹ ਕਰਦੇ ਆ, ਤੁਸੀਂ ਦੱਸਦੇ ਨੀ ਜਾਣਕੇ… ਇਹ ਆ ਵੋ ਆ… ਬਹੁਤ ਕੁਝ ਕਰਦੇ ਰਹੇ। ਜੇ ਕੋਈ ਆਇਆ ਹੋਵੇ ਫਿਰ ਤਾਂ ਦੱਸੀਏ, ਕੋਈ ਆਉਂਦਾ ਹੀ ਨੀ ਸੀ। ਅਸੀਂ ਉੱਥੇ 20-25 ਮੁਲਾਜਮ ਹੀ ਰਹਿੰਦੇ ਹੁੰਦੇ ਸੀ। ਫਾਰਮ ਦੀ ਬਹੁਤ ਜਿਆਦਾ ਤਲਾਸ਼ੀ ਲਈ, ਕੁਝ ਨਾ ਮਿਲਿਆ ਉਹਨਾਂ ਨੂੰ। ਮੱਝਾਂ ਆਲੇ ਚ ਵੀ ਗੇੜੇ ਮਾਰਦੇ ਸੀ, ਬੁਰਜ ਦੇ ਉੱਤੇ ਥੱਲੇ ਗੇੜੇ ਮਾਰਦੇ ,ਤਲਾਸ਼ੀ ਲੈਕੇ ਪੁੱਛ ਪੜਤਾਲ ਕਰਕੇ ਮੁੜ ਜਾਂਦੇ ਹੁੰਦੇ ਸੀ।    

ਸ. ਬਲਦੇਵ ਸਿੰਘ ਮੁਤਾਬਿਕ ਇਹਨਾਂ ਦਿਨਾਂ ਤੋਂ ਬਾਅਦ ਇਕ ਵਾਰ ਫਿਰ ਪੁਲਸ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ ਅਤੇ ਇਸ ਵਾਰ ਉਹ ਸਮੇਤ ਜੁੱਤੀਆਂ ਦਗੜ ਦਗੜ ਕਰਦੀ ਅੰਦਰ ਵੜੀ। ਇਸ ਵਾਰ ਕਿਸੇ ਨੇ ਉਹਨਾਂ ਨੂੰ ਇਹ ਦੱਸ ਪਾਈ ਸੀ ਕਿ ਗੁਰਦੁਆਰਾ ਸਾਹਿਬ ਅੰਦਰ ਅੱਤਵਾਦੀ ਗਏ ਨੇ। ਅਸਲ ਵਿੱਚ ਉਹ ਤਾਂ ਗੁਰੁਦੁਅਰਾ ਸਾਹਿਬ ਦੇ ਮੁਲਾਜਮ ਸਨ ਜੋ ਅੰਮ੍ਰਿਤਸਰ ਤੋਂ ਆਏ ਸੀ ਅਤੇ ਬੁਰਜ ਫਾਰਮ ਰਹਿ ਰਹੇ ਸਨ। ਉਹ ਸਵੇਰੇ ਆਉਂਦੇ ਸਨ ਅਤੇ ਡਿਊਟੀ ਕਰਕੇ ਸ਼ਾਮ ਨੂੰ ਬੁਰਜ ਫਾਰਮ ਚਲੇ ਜਾਂਦੇ ਸਨ। ਪੁਲਸ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਤੇ ਸਟੇਨ ਗੰਨਾ ਵੀ ਬੀਡ ਲਈਆਂ। ਮੈਂ ਰੋਜ਼ਾਨਾ ਵਾਂਙ ਆਸਾ ਕੀ ਵਾਰ ਦੀ ਡਿਊਟੀ ਤੇ ਚਲਾ ਗਿਆ ਅਤੇ ਵੇਖਿਆ ਕਿ ਦਰਬਾਰ ਸਾਹਿਬ ਦੇ ਸਾਰੇ ਬੂਹੇ ਖੁੱਲੇ ਪਏ ਸੀ। ਉਹ ਦਰਬਾਰ ਸਾਹਿਬ ਦੇ ਉੱਪਰ ਸਨੇ ਜੁੱਤੀਆਂ ਦਗੜ ਦਗੜ ਕਰਦੇ ਫਿਰ ਰਹੇ ਸੀ। ਤਲਾਸ਼ੀ ਅਤੇ ਪੁੱਛ ਪੜਤਾਲ ਤੋਂ ਬਾਅਦ ਉਹ ਚਲੇ ਗਏ।

ਜਰੂਰੀ ਬੇਨਤੀਆਂ:

• ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ – ਧਮਤਾਨ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦੇ ਉਕਤ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਰਣਜੀਤ ਸਿੰਘ ਅਤੇ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਕੀਤੀ ਗਈ ਸੀ। ਇਸ ਗੱਲਬਾਤ ਉੱਤੇ ਅਧਾਰਤ ਉਕਤ ਲਿਖਤ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਗਈ ਹੈ – ਸੰਪਾਦਕ।

• ਇਸ ਲੜੀ ਦੀ ਅਗਲੀ ਕੜੀ ਪੜ੍ਹੋ – ਜੂਨ 1984 ਦੇ ਹਮਲੇ-3: ਗੁ: ਚਰਨ ਕੰਵਲ ਸਾਹਿਬ (ਬੰਗਾ) ਉੱਤੇ ਹਮਲਾ – ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ

⊕ ਇਸ ਲੜੀ ਦੀ ਪਿਛਲੀਆਂ ਲਿਖਤ ਪੜ੍ਹੋ – ਜੂਨ 1984 ਦੇ ਹਮਲੇ-1: ਭੋਰਾ ਸਾਹਿਬ ਵਿੱਚ ਫੌਜੀ ਸਿਗਰਟਾਂ ਪੀ ਰਹੇ ਸਨ… (ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ‘ਤੇ ਹਮਲਾ ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: