ਕਾਂਗਰਸ ਦੇ ਪੰਜਾਬ ਇੰਚਾਰਜ ਕਮਲਨਾਥ, ਸਿਮਰਨਜੀਤ ਸਿੰਘ ਮਾਨ

ਪੰਜਾਬ ਦੀ ਰਾਜਨੀਤੀ

ਕਾਂਗਰਸ ਵਲੋਂ ਕਮਲਨਾਥ ਨੂੰ ਪੰਜਾਬ ਇੰਚਾਰਜ ਬਣਾਉਣਾ ਇਵੇਂ, ਜਿਵੇਂ ਅਯੋਧਿਆ ਦਾ ‘ਰਾਵਣ’ ਨੂੰ: ਮਾਨ

By ਸਿੱਖ ਸਿਆਸਤ ਬਿਊਰੋ

June 13, 2016

ਫਤਿਹਗੜ੍ਹ ਸਾਹਿਬ: ਕਾਂਗਰਸ ਵਲੋਂ ਕਮਲਨਾਥ ਨੂੰ ਪੰਜਾਬ ਦਾ ਇੰਚਾਰਜ ਬਣਾਉਣਾ ਇਵੇਂ ਹੈ ਜਿਵੇਂ ਅਯੋਧਿਆ ਦਾ ਇੰਚਾਰਜ ‘ਰਾਵਣ’ ਨੂੰ ਅਤੇ ਯਹੂਦੀਆਂ ਦੇ ਧਰਮ ਅਸਥਾਨ ਦਾ ‘ਹਿਟਲਰ’ ਨੂੰ ਬਣਾ ਦੇਈਏ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਕ ਲਿਖਤੀ ਬਿਆਨ ਵਿਚ ਜਾਹਰ ਕੀਤੇ।

ਉਨ੍ਹਾਂ ਕਿਹਾ ਕਮਲਨਾਥ ਵਰਗੇ ਸਿੱਖ ਕੌਮ ਦੇ ਕਾਤਲ ਨੂੰ ਕਾਂਗਰਸ ਨੇ ਪੰਜਾਬ ਦਾ ਇੰਚਾਰਜ ਬਣਾਕੇ ਆਪਣੇ ਅੰਦਰ ਪਣਪ ਰਹੀ ਸਿੱਖ ਵਿਰੋਧੀ ਸੋਚ ਅਤੇ ਨਫਰਤ ਨੂੰ ਖੁਦ ਹੀ ਉਜਾਗਰ ਕਰ ਦਿੱਤਾ ਹੈ। ਸ. ਮਾਨ ਨੇ ਕਿਹਾ ਸੋਨੀਆ ਗਾਂਧੀ ਨੇ ਬੇਸ਼ਕ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਵਾਗਡੋਰ ਦੇ ਦਿੱਤੀ ਹੈ ਪਰ ਸੋਨੀਆ ਗਾਂਧੀ ਨੂੰ ਕੈਪਟਨ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਹੈ। ਕੈਪਟਨ ਨੇ ਪਹਿਲਾਂ ਸਿੱਖ ਕੌਮ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦਿੱਤੀ ਸੀ ਅਤੇ ਹੁਣ ਕਮਲਨਾਥ ਵਰਗੇ ਸਿੱਖਾਂ ਦੇ ਕਾਤਲ ਨੂੰ ਪੰਜਾਬ ਦਾ ਇੰਚਾਰਜ ਪ੍ਰਵਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਅਮਰਿੰਦਰ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਬੀਤੇ ਸਮੇਂ ਵਿਚ ਹੋਏ ਅਤੇ ਅਜੋਕੇ ਸਮੇਂ ਵਿਚ ਹੋ ਰਹੇ ਜ਼ਬਰ-ਜ਼ੁਲਮ, ਬੇਇਨਸਾਫੀਆਂ ਨੂੰ ਖਤਮ ਕਰਵਾਉਣ ਅਤੇ ਸਿੱਖ ਕੌਮ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੇ ਬਿਲਕੁਲ ਸਮਰੱਥ ਨਹੀਂ ਹਨ।

ਕੈਪਟਨ ਅਮਰਿੰਦਰ ਸਿੰਘ ਆਪਣੀ ਚੋਣ ਜਿੱਤਣ ਲਈ ਕਦੀ ਫੌਜੀਆਂ ਨਾਲ ਕੌਫੀ ਪੀਣ ਅਤੇ ਕਦੀ ਵਿਦਿਆਰਥੀਆਂ ਨਾਲ ਕੌਫੀ ਪੀਣ ਦਾ ਅਡੰਬਰ ਕਰਦੇ ਹਨ, ਜਦੋਂਕਿ ਪੰਜਾਬ ਵਿਚ ਜਿਥੇ ਚਾਹ ਅਤੇ ਚਾਅ ਦੋ ਗੱਲਾਂ ਪ੍ਰਮੁੱਖ ਹਨ, ਉਥੋਂ ਅੰਗਰੇਜ਼ੀ ਰਵਾਇਤ ਕੌਫੌ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਕਿਹੜੀ ਰਾਜਨੀਤੀ ਕਰ ਰਹੇ ਹਨ, ਇਹ ਗੱਲ ਪੰਜਾਬੀਆਂ ਅਤੇ ਸਿੱਖਾਂ ਦੀ ਸਮਝ ਤੋਂ ਬਾਹਰ ਹੈ।

ਦੂਸਰਾ ਜੋ ਆਗੂ ਪੰਜਾਬੀਆਂ ਅਤੇ ਸਿੱਖ ਕੌਮ ਦੇ ਜ਼ਖਮੀ ਮਨਾਂ ਅਤੇ ਆਤਮਾਵਾਂ ਦੀ ਗੱਲ ਨੂੰ ਅਜੇ ਤਕ ਨਹੀਂ ਸਮਝ ਸਕੇ ਅਤੇ ਕਦੀ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇ ਰਹੇ ਹਨ, ਕਦੀ ਕਮਲਨਾਥ ਨੂੰ। ਅਜਿਹੇ ਕਾਂਗਰਸ ਦੀ ਘੁਰਕੀ ’ਤੇ ਕੰਮ ਕਰਨ ਵਾਲੇ ਆਗੂ ਅਣਖੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਗਵਾਈ ਨਹੀਂ ਕਰ ਸਕਦੇ ਅਤੇ ਨਾ ਹੀ ਸਿੱਖ ਕੌਮ ਵੀ ਆਪਣੇ ਕੌਮੀ ਕਾਤਲਾਂ ਨੂੰ ਭੁੱਲੇਗੀ ਅਤੇ ਨਾ ਹੀ ਕਦੇ ਮੁਆਫ ਕਰੇਗੀ।

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬੀਆਂ ਤੇ ਸਿੱਖਾਂ ਨੇ ਕਾਂਗਰਸ, ਅਕਾਲੀ-ਭਾਜਪਾ ਆਦਿ ਸਭ ਦੇ ਰਾਜ ਪ੍ਰਬੰਧ ਨੂੰ ਵੇਖ ਲਿਆ ਹੈ। ਪੰਜਾਬੀਆਂ ਅਤੇ ਸਿੱਖਾਂ ਦੇ ਮਸਲੇ ਲੰਮੇ ਸਮੇਂ ਤੋਂ ਉਸੇ ਤਰ੍ਹਾਂ ਖੜ੍ਹੇ ਹਨ। ਪਰ ਇਹ ਜਮਾਤਾਂ ਹਰ ਵਾਰੀ ਨਵੇਂ-ਨਵੇਂ ਸਬਜ਼ਬਾਗ ਦਿਖਾਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਵਿਚ ਸਫਲ ਹੋ ਜਾਂਦੀਆਂ ਸਨ, ਪਰ ਇਸ ਵਾਰੀ ਪੰਜਾਬੀ ਅਤੇ ਸਿੱਖ ਕੌਮ ਇਹਨਾਂ ਉਪਰੋਕਤ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਨੂੰ ਪੂਰਨ ਤੌਰ ’ਤੇ ਦੁਰਕਾਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮ ਖਿਆਲ ਜਥੇਬੰਦੀਆਂ ਨੂੰ ਪੰਜਾਬ ਦੀ ਵਾਗਡੋਰ ਸੰਭਾਲਣਗੇ ਤਾਂ ਕਿ ਉਹਨਾਂ ਦੀਆਂ ਇਛਾਵਾਂ ਅਨੁਸਾਰ ਇਥੇ ਪਾਰਦਰਸ਼ੀ, ਰਿਸ਼ਵਤ ਤੋਂ ਰਹਿਤ ਸਭ ਨੂੰ ਬਰਾਬਰਤਾ ਦੇ ਹੱਕ ਦੇਣ ਵਾਲਾ ਹਲੀਮੀ ਰਾਜ ਕਾਇਮ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: