ਸਿੱਖ ਖਬਰਾਂ

ਲਾਂਘੇ ਨੂੰ ਲੈ ਕੇ ਭਾਰਤ ਵਾਲੇ ਪਾਸਿੳਂ ਵੀ ਹਿਲ-ਜੁਲ ਹੋਈ ਸ਼ੁਰੂ: ਨਿਸ਼ਾਨਦੇਹੀ ਕਰਕੇ ਲਾਈਆਂ ਝੰਡੀਆਂ

January 18, 2019 | By

ਚੰਡੀਗੜ੍ਹ: ਇਸ ਵੇਲੇ ਚੜ੍ਹਦੇ ‘ਤੇ ਲਹਿੰਦੇ ਪੰਜਾਬ ਨਾਲ ਸੰਬੰਧਤ ਹਰੇਕ ਬੰਦੇ ਦੀ ਅੱਖ ਭਾਰਤ ਪਾਕਿਸਤਾਨ ਦੀ ਸਰਹੱਦ ਉੱਤੇ ਲਹਿੰਦੇ ਪਾਸੇ ਵਲ੍ਹ ਸਥਿਤ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਲਈ ਉੱਸਰ ਰਹੇ ਕਰਤਾਰਪੁਰ ਲਾਂਘੇ ਉੱਤੇ ਟਿਕੀ ਹੋਈ ਹੈ। ਪਾਕਿਸਤਾਨ ਸਰਕਾਰ ਨੇ ਇਸ ਸੰਬੰਧੀ ਪੂਰੀ ਗਰਮਜੋਸ਼ੀ ਵਿਖਾੳਂਦੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਉਸਾਰੀ ਸ਼ੁਰੂ ਕਰ ਦਿੱਤੀ ਹੈ। ਪਰ ਭਾਰਤ ਵਾਲੇ ਪਾਸਿੳਂ ਸਿਆਸਤ ਤੋਂ ਛੁੱਟ ਹਾਲੀਂ ਅਮਲੀ ਤੌਰ ‘ਤੇ ਕੁਝ ਵੀ ਸਾਹਮਣੇ ਨਹੀਂ ਸੀ ਆਇਆ।

ਬੀਤੇ ਕਲ੍ਹ ਪੰਜਾਬੀ ਅਖਬਾਰ ਅਜੀਤ ਵਿਚ ਲੱਗੀ ਖਬਰ ਅਨੁਸਾਰ ਭਾਰਤ ਵਾਲੇ ਪਾਸਿੳਂ ਵੀ ਸ੍ਰੀ ਕਰਤਾਪੁਰ ਸਾਹਿਬ ਦੇ ਲਾਂਘੇ ਦੇ ਸੰਬੰਧ ਵਿਚ ਹਿਲਜੁਲ ਸ਼ੁਰੂ ਹੋਈ ਦਿੱਸਦੀ ਹੈ।

ਭਾਰਤ ਵਾਲੇ ਪਾਸੇ ਤੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਅਤੇ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਸਿਵਲ ਪ੍ਰਸ਼ਾਸਨ ਵਲੋਂ ਜਮੀਨ ਦੀ ਨਿਸ਼ਾਨਦੇਹੀ ਕੀਤੇ ਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਵਾਲੇ ਪਾਸੇ ਤੋਂ ਤਿਆਰ ਹੋਣ ਵਾਲੇ ਚਾਰ ਮਾਰਗੀ ਸੜਕਾਂ ਦੀ ਨਿਸ਼ਾਨਦੇਹੀ ਕਰਕੇ ਇਸ ਦੇ ਆਲੇ-ਦੁਆਲੇ ਝੰਡੀਆਂ ਲਗਾਈਆਂ ਜਾ ਰਹੀਆਂ ਹਨ।

ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਲੈ ਕੇ ਅੱਜ ਬੀ.ਐਸ.ਐਫ ਦੇ ਸੀਨੀਅਰ ਮੁਲਾਜ਼ਮਾਂ ਦੀ ਬੈਠਕ ਆਈ.ਜੀ ਮਹਿਪਾਲ ਯਾਦਵ ਦੀ ਅਗਵਾਈ ‘ਚ ਹੋਈ, ਜਿਸ ‘ਚ ਸਿਵਲ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਅਸ਼ੋਕ ਸ਼ਰਮਾ ਮੁੱਖ ਤੌਰ ‘ਤੇ ਹਾਜਰ ਹੋਏ।

ਐਸ.ਡੀ.ਐਮ ਨੇ ਦੱਸਿਆ ਕਿ ਵੱਖ-ਵੱਖ ਮਾਰਗਾਂ ਰਾਹੀਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੱਕ ਆਉਣ ਵਾਲੀਆਂ ਸੜਕਾਂ ਦੀ ਨਿਸ਼ਾਨਦੇਹੀ ਕਰਕੇ ਝੰਡੀਆਂ ਲਗਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੌਰਾਨ ਜਿਹੜੀ ਵੀ ਜ਼ਮੀਨ ਉਸਾਰੀ ਅਧੀਨ ਆਵੇਗੀ ਉਸ ਦੇ ਖਸਰਾ ਨੰਬਰ ਤਿਆਰ ਕੀਤੇ ਜਾ ਰਹੇ ਹਨ ਤੇ ਇਹ ਸਾਰੀ ਰਿਪੋਰਟ ਤਿਆਰ ਕਰਨ ਉਪਰੰਤ ਅਗਾਊਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਐਸ.ਡੀ.ਐਮ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਵਾਇਆ ਅਜਨਾਲਾ,ਰਮਦਾਸ,ਕਲਾਨੌਰ ਹੁੰਦੇ ਹੋਏ ਗੁਰਦਾਸਪੁਰ ਤੱਕ ਜਾਣ ਵਾਲੇ ਮਾਰਗ ਨੂੰ ਪਹਿਲਾਂ ਹੀ ਨੈਸ਼ਨਲ ਹਾਈਵੇ 354 ਐਲਾਨਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,