ਸਿੱਖ ਖਬਰਾਂ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਤਾਵਲੇ ਤਕਰੀਬਨ ਸੌ ਸਿੱਖ ਹਰ ਰੋਜ਼ ਪਾਸਪੋਰਟ ਬਣਵਾ ਰਹੇ ਹਨ

By ਸਿੱਖ ਸਿਆਸਤ ਬਿਊਰੋ

January 21, 2019

ਅੰਮ੍ਰਿਤਸਰ: ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦਾ ਲਾਂਘਾ ਬਣਨ ਵਿਚ ਭਾਵੇਂ ਹਾਲੀ ਸਮਾਂ ਪਿਆ ਹੈ ਪਰ ਇਸ ਗੁਰਧਾਮ ਦੇ ਦਰਸ਼ਨਾਂ ਲਈ ਉਤਾਵਲੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਭਾਰੀ ਉਤਸ਼ਾਹ ਹੈ। ਖਬਰਖਾਨੇ ਦੇ ਕੁਝ ਕੁ ਹਿੱਸਿਆਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਤਕਰੀਬਨ ਸੌ ਲੋਕ ਹਰ ਰੋਜ਼ ਪਾਸਪੋਰਟ ਬਣਵਾਉਣ ਲਈ ਅਰਜੀਆਂ ਲਾ ਰਹੇ ਹਨ।

ਭਾਵੇਂ ਕਿ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰੂ ਨਾਨਕ ਜੀ ਦੇ ਵਸਾਏ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਵਿਖੇ ਜਾਣ ਲਈ ਭਾਰਤ ਤੇ ਪਾਕਿਸਤਾਨ ਵਲੋਂ ਅਜੇ ਬਕਾਇਦਾ ਤੌਰ ਤੇ ਸ਼ਰਤਾਂ ਉੱਤੇ ਸਹਿਮਤੀ ਬਣਨੀ ਹੈ ਪਰ ਹਾਲੀਆਂ ਜਾਣਕਾਰੀ ਮੁਤਾਬਕ ਦਰਸ਼ਨਾਂ ਲਈ ਜਾਣ ਵਾਲੇ ਸਿੱਖਾਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ।

ਟਾਈਮਜ਼ ਆਫ ਇੰਡੀਆ ਵਿਚ ਛਪੀ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਭਾਵੇਂ ਇਸ ਬਾਰੇ ਕਿਸੇ ਕੋਲ ਪੱਕੇ ਅੰਕੜੇ ਤਾਂ ਨਹੀਂ ਹਨ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਤਕਰੀਬਨ ਸੌ ਕੁ ਸਿੱਖ ਉਹ ਸਿੱਖ ਹਰ ਰੋਜ਼ ਪਾਸਪੋਰਟ ਬਣਵਾ ਰਹੇ ਹਨ ਜਿਹੜੇ ਕਿ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਹਨ।

ਖਬਰ ਮੁਤਾਬਕ ਪਾਸਪੋਰਟ ਦਫਤਰ ਦੇ ਅਫਸਰ ਮਨੀਸ਼ ਕਪੂਰ ਨੇ ਕਿਹਾ ਹੈ ਕਿ ਪਾਸਪੋਰਟ ਬਣਵਾਉਣ ਲਈ ਆਮ ਦਰ ਨਾਲੋਂ 5 ਤੋਂ 10 ਫੀਸਦੀ ਵੱਧ ਅਰਜੀਆਂ ਮਿਲ ਰਹੀਆਂ ਹਨ। ਇਸ ਖਬਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੈਵਲ ਏਜੰਟਾਂ ਦਾ ਵੀ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਐਲਾਨ ਹੋਣ ਤੋਂ ਬਾਅਦ ਵੱਧ ਲੋਕ ਪਾਸਪੋਰਟ ਬਣਵਾ ਰਹੇ ਹਨ।

ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਲਾਂਘੇ ਰਾਹੀਂ ਦਰਸ਼ਨਾਂ ਵਾਸਤੇ ਜਾਣ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਕਰ ਰਹੀਆਂ ਹਨ ਕਿਉਂਕਿ ਪਿੰਡਾਂ ਵਿਚ ਰਹਿੰਦੇ ਬਹੁਤੇ ਲੋਕਾਂ ਕੋਲ, ਖਾਸ ਕਰਕੇ ਬਜ਼ੁਰਗਾਂ ਕੋਲ, ਪਸਪੋਰਟ ਨਹੀਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: