ਸਿੱਖ ਖਬਰਾਂ

ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਿਆ, ਪਰ ਭਾਰਤ ਵੱਲੋਂ ਹਾਲੀ ਹੁੰਗਾਰਾ ਨਹੀਂ

July 1, 2020 | By

ਡੇਰਾ ਬਾਬਾ ਨਾਨਕ: ਬੀਤੇ ਵਰ੍ਹੇ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸ਼ੁਰੂਆਤ ਹੋਈ ਤਾਂ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਦੀਆਂ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਪ੍ਰਵਾਣ ਹੋਈਆਂ।

ਭਾਵੇਂ ਕਿ ਲਾਂਘੇ ਰਾਹੀਂ ਦਰਸ਼ਨਾਂ ਵਾਸਤੇ ਜਾਣ ਦੀ ਪ੍ਰਕਿਿਰਆ ਉਲਝਾਵੀਂ ਅਤੇ ਔਖੀ ਸੀ ਪਰ ਫਿਰ ਵੀ ਗੁਰਧਾਮ ਦੇ ਦਰਸ਼ਨਾਂ ਦੀ ਤਾਂਘ ਰੱਖਣ ਵਾਲੀਆਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੀ ਯਾਤਰਾ ਕੀਤੀ।

16 ਮਾਰਚ 2020 ਨੂੰ ਭਾਰਤ ਸਰਕਾਰ ਨੇ ਕਰੋਨਾ ਮਹਾਂਮਾਰੀ ਦਾ ਹਵਾਲਾ ਦੇ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਇਸ ਖੇਤਰ ਵਿੱਚ ਕਰੋਨੇ ਕਰਕੇ ਤਾਲਾਬੰਦੀ ਵੀ ਰਹੀ। ਪਰ ਹੁਣ ਦੁਬਾਰਾ ਕਾਰੋਬਾਰ, ਜਨਤਕ ਥਾਵਾਂ ਤੇ ਆਵਾਜਾਈ ਖੁੱਲ੍ਹ ਰਹੀ ਹੈ।

ਦੁਬਾਰਾ ਖੁੱਲ੍ਹ ਰਹੇ ਮਾਹੌਲ ਵਿੱਚ ਪਾਕਿਸਤਾਨ ਸਰਕਾਰ ਨੇ ਮੁੜ ਪਹਿਲਕਦਮੀ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦਾ ਐਲਾਨ ਕੀਤਾ। ਇਸ ਸੰਬੰਧੀ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸੀ ਨੇ ਟਵਿੱਟਰ ਉੱਤੇ ਜਾਣਕਾਰੀ ਦਿੱਤੀ ਸੀ ਕਿ ਪਾਕਿ ਸਰਕਾਰ ਨੇ 29 ਜੂਨ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਐਲਾਨ ਉੱਤੇ ਅਮਲ ਕਰਦਿਆਂ ਪਾਕਿਸਤਾਨ ਨੇ 29 ਜੂਨ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹ ਦਿੱਤਾ। ਪਾਕਿਸਤਾਨ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲਾਂਘਾ ਖੋਲ੍ਹਣ ਬਾਰੇ ਭਾਰਤ ਸਰਕਾਰ ਨੂੰ ਸਰਕਾਰੀ ਪੱਧਰ ਉੱਤੇ ਜਾਣਕਾਰੀ ਭੇਜੀ ਜਾਵੇਗੀ।

ਦੂਜੇ ਬੰਨੇ ਭਾਰਤ ਸਰਕਾਰ ਨੇ ਹਾਲੀ ਤੱਕ ਇਸ ਪਹਿਲਕਦਮੀ ਬਾਰੇ ਕੋਈ ਵੀ ਹੁੰਗਾਰਾ ਨਹੀਂ ਭਰਿਆ। ਭਾਰਤ ਵੱਲੋਂ ਨਾ ਤਾਂ ਹਾਲੀ ਤੱਕ ਲਾਂਘੇ ਦੀ ਮੁਅੱਤਲੀ ਹਟਾਈ ਗਈ ਹੈ ਤੇ ਨਾ ਹੀ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ।

ਭਾਰਤ ਸਰਕਾਰ ਦੀ ਘਰੇਲੂ ਮਾਮਲਿਆਂ ਦੀ ਵਜ਼ਾਰਤ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਜਾਣ ਦੀ ਮਨਜੂਰੀ ਲੈਣ ਲਈ ਬਣਾਏ ਗਏ ਬਿਜਾਲ-ਮੰਚ (ਵੈਬਸਾਈਟ) ਉੱਤੇ ਅਜੇ ਵੀ ਇਹੀ ਸੁਨੇਹਾ ਦਿਖਾਇਆ ਜਾ ਰਿਹਾ ਹੈ ਕਿ ਕਰੋਨੇ ਦੇ ਫੈਲਣ ਦੇ ਮੱਦੇਨਜ਼ਰ ਇਹਤਿਆਤਨ ਕਰਤਾਰਪੁਰ ਸਾਹਿਬ ਦਾ ਲਾਂਘਾ ਮੁਅੱਤਲ ਹੈ।

ਭਾਰਤ ਸਰਕਾਰ ਵੱਲੋਂ ਇਸ ਬਾਰੇ ਕੀ ਰੁਖ ਅਪਨਾਇਆ ਜਾਂਦਾ ਹੈ ਇਹ ਆਉਂਦੇ ਦਿਨਾਂ ਵਿੱਚ ਹੀ ਸਾਫ ਹੋ ਸਕੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,