ਖਾਸ ਖਬਰਾਂ

ਜੰਮੂ ਕਸ਼ਮੀਰ ਦੀਆਂ ਦੋਵੇਂ ਵੱਡੀਆਂ ਹਿੰਦ ਨਵਾਜ਼ ਪਾਰਟੀਆਂ ਨੇ ਚੋਣ ਬਾਈਕਾਟ ਦਾ ਐਲਾਨ ਕੀਤਾ

By ਸਿੱਖ ਸਿਆਸਤ ਬਿਊਰੋ

September 10, 2018

ਸ਼੍ਰੀਨਗਰ: ਜੰਮੂ ਕਸ਼ਮੀਰ ਸਬੰਧੀ ਭਾਰਤੀ ਸੰਵਿਧਾਨ ਵਿਚ ਦਰਜ ਧਾਰਾ 35-ਏ ਨੂੰ ਖੋਰਨ ਲਈ ਚੱਲ ਰਹੀਆਂ ਚਾਰਾਜ਼ੋਈਆਂ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਦੀਆਂ ਦੋਵੇਂ ਵੱਡੀਆਂ ਹਿੰਦ ਨਵਾਜ਼ ਪਾਰਟੀਆਂ ਨੇ ਅਗਾਮੀ ਪੰਚਾਇਤ ਅਤੇ ਨਗਰ ਨਿਗਮ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਕੁਝ ਦਿਨ ਪਹਿਲਾਂ ਨੈਸ਼ਨਲ ਕਾਨਫਰੰਸ ਪਾਰਟੀ ਵਲੋਂ ਇਸ ਚੋਣ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਪਿਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਵਲੋਂ ਵੀ ਇਸ ਚੋਣ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਅਸੀਂ ਧਾਰਾ35-ਏ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਵਾਂਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਇਸ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ।

ਜਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 35-ਏ ਰਾਹੀਂ ਜੰਮੂ ਕਸ਼ਮੀਰ ਨੂੰ ਵੱਧ ਹੱਕ ਦਿੱਤੇ ਗਏ ਹਨ ਜਿਸ ਮੁਤਾਬਕ ਕੋਈ ਵੀ ਸੂਬੇ ਤੋਂ ਬਾਹਰ ਦਾ ਵਸਨੀਕ ਸੂਬੇ ਵਿਚ ਜ਼ਮੀਨ ਨਹੀਂ ਜ਼ਮੀਨ ਨਹੀਂ ਖਰੀਦ ਸਕਦਾ। ਹੁਣ ਭਾਰਤੀ ਸੁਪਰੀਮ ਕੋਰਟ ਵਿਚ ਇਸ ਧਾਰਾ ਨੂੰ ਚੁਣੌਤੀ ਦਿੱਤੀ ਗਈ ਹੈ ਤੇ ਇਸ ਨੂੰ ਗੈਰ ਸੰਵਿਧਾਨਕ ਦਸਦਿਆਂ ਇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਭਾਰਤ ਸਰਕਾਰ ਵਲੋਂ ਤਰਕ ਦੇਣ ‘ਤੇ ਕਿ ਸੂਬੇ ਵਿਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੁਣਵਾਈ ਫਿਲਹਾਲ ਟਾਲ ਦਿੱਤੀ ਜਾਵੇ, 31 ਅਗਸਤ ਨੂੰ ਹੋਣ ਵਾਲੀ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਮੁਲਤਵੀ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: