ਖਰੜ ਦੇ ਵਿਧਾਇਕ ਕੰਵਰ ਸੰਧੂ (ਫਾਈਲ ਫੋਟੋ)

ਵਿਦੇਸ਼

ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੇ ਦਾਅਵਿਆਂ ‘ਤੇ ਖਰੜ ਦੇ ਵਿਧਾਇਕ ਕੰਵਰ ਸੰਧੂ ਨੂੰ ਸ਼ੱਕ

By ਸਿੱਖ ਸਿਆਸਤ ਬਿਊਰੋ

November 16, 2017

ਚੰਡੀਗੜ੍ਹ: ਸੀਨੀਅਰ ‘ਆਪ’ ਆਗੂ ਅਤੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪਿਛਲੇ ਕੁਝ ਸਮਿਆਂ ‘ਚ ਪੰਜਾਬ ‘ਚ ਹੋਏ ਚੋਣਵੇਂ ਕਤਲਾਂ ਦੇ ਸਬੰਧ ‘ਚ ਯੂ.ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੀ ਪੰਜਾਬ ਪੁਲਿਸ ਵਲੋਂ ਗ੍ਰਿਫਤਾਰੀ ‘ਤੇ ਸ਼ੱਕ ਜ਼ਾਹਰ ਕੀਤਾ ਹੈ। ਕੰਵਰ ਸੰਧੂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਯੂ.ਕੇ. ਦੀ ਪੁਲਿਸ ਨਾਲ ਮਿਲ ਕੇ ਇਸ ਮਾਮਲੇ ‘ਚ ਦਖਲਅੰਦਾਜ਼ੀ ਕਰੇ ਅਤੇ ਸਾਂਝੇ ਤੌਰ ‘ਤੇ ਇਸ ਗ੍ਰਿਫਤਾਰੀ ਦੀ ਜਾਂਚ ਕਰਵਾਈ ਜਾਵੇ।

ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਪੰਜਾਬ ਪੁਲਿਸ ਨੇ 4 ਨਵੰਬਰ, 2017 ਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚੋਂ ਗ੍ਰਿਫਤਾਰ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਬਾਅਦ ‘ਚ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਜੱਗੀ ਸਣੇ ਹਾਲ ਹੀ ‘ਚ ਹੋਈਆਂ ਗ੍ਰਿਫਤਾਰੀਆਂ ਨਾਲ ਪੰਜਾਬ ‘ਚ ਹੋਏ ਚੋਣਵੇਂ ਕਤਲਾਂ ਦੇ ਕੇਸਾਂ ਨੂੰ ਸੁਲਝਾ ਲਿਆ ਗਿਆ ਹੈ।

ਪੱਤਰਕਾਰ ਤੋਂ ਸਿਆਸਤਦਾਨ ਬਣੇ ਪੰਜਾਬ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਜੱਗੀ ‘ਤੇ ਲਾਏ ਗਏ ਦੋਸ਼ਾਂ ‘ਚ ਸਚਾਈ ਨਹੀਂ ਲਗਦੀ।

ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਲਿਖਿਆ, “ਮੈਂ ਨਿਜੀ ਤੌਰ ‘ਤੇ ਜੱਗੀ ਜੌਹਲ ਜਾਂ ਉਸਦੇ ਪਰਿਵਾਰ ਨੂੰ ਨਹੀਂ ਜਾਣਦਾ, ਪਰ ਪੱਤਰਕਾਰ ਵਜੋਂ ਮੈਂ ਪਿਛਲੇ 35 ਸਾਲ ਸਾਰਾ ਪੰਜਾਬ ਕਵਰ ਕੀਤਾ ਹੈ, ਮੈਂ ਪੁਲਿਸ ਦੀ ਇਸ ‘ਕਹਾਣੀ’ ਤੋਂ ਪ੍ਰਭਾਵਿਤ ਨਹੀਂ ਹੋ ਰਿਹਾ ਕਿ ਕੋਈ ਬੰਦਾ ਯੂ.ਕੇ. ਤੋਂ ਇੱਥੇ ਵਿਆਹ ਕਰਵਾਉਣ ਆਇਆ ਹੋਵੇ ਅਤੇ ਇਨ੍ਹਾਂ ਕਤਲਾਂ ‘ਚ ਸ਼ਾਮਲ ਹੋਵੇ।”

ਪੰਜਾਬ ਵਿਧਾਨ ਸਭਾ ‘ਚ ਖਰੜ ਹਲਕੇ ਦੀ ਨੁਮਾਇੰਦਗੀ ਕਰਦੇ ਕੰਵਰ ਸੰਧੂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ‘ਚ ਦਖਲਅੰਦਾਜ਼ੀ ਕਰਦੇ ਹੋਏ ਯੂ.ਕੇ. ਦੀ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ‘ਤੇ ਜਾਂਚ ਕਰਨੀ ਚਾਹੀਦੀ ਹੈ।

ਸਬੰਧਤ ਖ਼ਬਰ: ਜਗਤਾਰ ਸਿੰਘ ਜੱਗੀ ਜੌਹਲ ਦੇ ਪੁਲਿਸ ਰਿਮਾਂਡ ‘ਚ 3 ਦਿਨ ਦਾ ਵਾਧਾ (ਵੀਡੀਓ ਜਾਣਕਾਰੀ) …

ਕੰਵਰ ਸੰਧੂ ਨੇ ਕਿਹਾ, “ਜਦੋਂ ਜੱਗੀ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ ਤਾਂ ਉਸਨੂੰ ਅਜ਼ਾਦ ਕਰਨਾ ਚਾਹੀਦਾ ਹੈ ਅਤੇ ਮਾਫੀ ਮੰਗੀ ਜਾਣੀ ਚਾਹੀਦੀ ਹੈ। ਜੇਕਰ, ਕੋਈ ਸਬੂਤ ਉਸਦੇ ਖਿਲਾਫ ਮਿਲਦਾ ਹੈ ਤਾਂ ਜਾਣਕਾਰੀ ਯੂ.ਕੇ. ਦੀ ਸਰਕਾਰ ਅਤੇ ਪੁਲਿਸ ਨਾਲ ਸਾਂਝੀ ਕਰਨੀ ਚਾਹੀਦੀ ਹੈ।”

ਕੰਵਰ ਸੰਧੂ ਨੇ ਕਿਹਾ, “ਜੱਗੀ ਦੀ ਗ੍ਰਿਫਤਾਰੀ ਕਰਕੇ ਯੂ.ਕੇ. ਦੇ ਸਿੱਖਾਂ ਵਿਚ ਬਹੁਤ ਗੁੱਸਾ ਹੈ। ਯੂ.ਕੇ. ਦੇ ਸੰਸਦ ਮੈਂਬਰਾਂ ਦਾ ਇਕ ਗਰੁੱਪ ਵੀ ਭਾਰਤ ਸਰਕਾਰ ਨੂੰ ਇਸ ਬਾਰੇ ਲਿਖਣ ਜਾ ਰਿਹਾ ਹੈ ਕਿ ਜੱਗੀ ਜੌਹਲ ਨੂੰ ਅਜ਼ਾਦ ਕੀਤਾ ਜਾਵੇ।”

ਕੰਵਰ ਸੰਧੂ ਨੇ ਕਿਹਾ ਕਿ 1980 ਦੇ ਦਹਾਕੇ ‘ਚ ਕੈਨੇਡਾ ਦੇ ਇਕ ਨਾਗਰਿਕ ਅਮਰਜੀਤ ਸਿੰਘ ਦੀ ਬਿਹਾਰ ‘ਚ ਹੋਈ ਗ੍ਰਿਫਤਾਰੀ ਨੂੰ ਯਾਦ ਰੱਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਪੁਲਿਸ ‘ਚ ਹਾਲੇ ਵੀ ਅਜਿਹੇ ਤੱਤ ਹਨ ਜੋ ਗ਼ੈਰਕਾਨੂੰਨੀ ਹਿਰਾਸਤ ਅਤੇ ਤਸ਼ੱਦਦ ਕਰਨ ‘ਚ ਮਾਹਰ ਹਨ। ਅਮਰਜੀਤ ਸਿੰਘ ਬਾਅਦ ‘ਚ ਬੇਕਸੂਰ ਪਾਏ ਗਏ ਅਤੇ ਰਿਹਾਅ ਹੋ ਕੇ ਹੁਣ ਕੈਨੇਡਾ ਦੇ ਇਕ ਤਾਕਤਵਰ ਮੰਤਰੀ ਹਨ।”

ਜਗਤਾਰ ਸਿੰਘ ਜੌਹਲ ਯੂ.ਕੇ. ‘ਚ ਪੈਦਾ ਹੋਇਆ ਅਤੇ ਹੁਣ ਗਲਾਸਗੋ ‘ਚ ਰਹਿੰਦਾ ਹੈ।

ਜੌਹਲ ਪਰਿਵਾਰ ਦਾ ਜੱਦੀ ਪੁਸ਼ਤੀ ਘਰ ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਮੰਜਕੀ ਦੇ ਮੁਹੱਲਾ ਪੱਤੀ ਗੱਗਰ ‘ਚ ਹੈ। ਉਸਦੀ ਦਾਦੀ-ਚਾਚੀ, ਗੁਰਮੇਸ਼ ਕੌਰ ਜੋ ਕਿ ਉਸ ਘਰ ‘ਚ ਰਹਿੰਦੀ ਹੈ, ਨੇ ਦੱਸਿਆ ਕਿ ਜੱਗੀ ਦਾ ਵਿਆਹ 18 ਅਕਤੂਬਰ ਨੂੰ ਨਕੋਦਰ ਵਿਖੇ ਹੋਇਆ ਅਤੇ ਉਹ ਆਪਣੇ ਪਤਨੀ ਨਾਲ ਸਿੰਗਾਪੁਰ ਜਾਣ ਵਾਲਾ ਸੀ ਜਦੋਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ।

ਜਗਤਾਰ ਸਿੰਘ ਜੱਗੀ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਜੱਗੀ ਨੂੰ ਤੀਜੇ ਦਰਜ਼ੇ ਦੇ ਤਸ਼ੱਦਦ ਦਾ ਸ਼ਿਕਾਰ ਬਣਾਇਆ। ਉਨ੍ਹਾਂ ਕਿਹਾ, “ਜੱਗੀ ਨੇ ਮੈਨੂੰ ਅਦਾਲਤ ‘ਚ ਦੱਸਿਆ ਕਿ ਪੁਲਿਸ ਨੇ ਉਸਦੀ ਛਾਤੀ, ਕੰਨਾਂ ਅਤੇ ਗੁਪਤ ਅੰਗਾਂ ‘ਤੇ ਬਿਜਲੀ ਦਾ ਕਰੰਟ ਲਾਇਆ ਅਤੇ ਉਸਦੀਆਂ ਲੱਤਾਂ ਨੂੰ ਧੱਕੇ ਨਾਲ ਉਲਟ ਦਿਸ਼ਾਵਾਂ ਵੱਲ ਹੱਦ ਤੋਂ ਵੱਧ ਖਿੱਚਿਆ। ਅਸੀਂ ਇਨ੍ਹਾਂ ਤੱਥਾਂ ਨੂੰ ਰਿਕਾਰਡ ‘ਤੇ ਲਿਆਂਦਾ ਅਤੇ ਅਦਾਲਤ ‘ਚ ਅਰਜ਼ੀ ਲਾਈ ਕਿ ਜਗਤਾਰ ਸਿੰਘ ਜੱਗੀ ਦੀ ਮੈਡੀਕਲ ਜਾਂਚ ਡਾਕਟਰਾਂ ਦੀ ਟੀਮ ਤੋਂ ਕਰਵਾਈ ਜਾਵੇ ਜਿਸ ‘ਚ ਘੱਟ ਤੋਂ ਘੱਟ 3 ਡਾਕਟਰ / ਮਾਹਰ ਹੋਣ”।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Kharar MLA Kanwar Sandhu Doubts Police Claims About Arrested UK Citizen Jagtar Singh Jaggi …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: