ਗਵਾਹ ਖੱਟਾ ਸਿੰਘ ਵਕੀਲ ਨਵਕਿਰਨ ਸਿੰਘ ਨਾਲ

ਖਾਸ ਖਬਰਾਂ

ਡੇਰਾ ਸਿਰਸਾ ਵਿਚ ਕਤਲਾਂ ਦਾ ਮਾਮਲਾ: ਗੁਰਮੀਤ ਰਾਮ ਰਹੀਮ ਦਾ ਸਾਬਕਾ ਡਰਾਈਵਰ ਖੱਟਾ ਸਿੰਘ ਅਦਾਲਤ ਵਿਚ ਪੇਸ਼ ਹੋਇਆ

By ਸਿੱਖ ਸਿਆਸਤ ਬਿਊਰੋ

May 06, 2018

ਚੰਡੀਗੜ੍ਹ: ਡੇਰਾ ਸਿਰਸਾ ਦੇ ਸ਼ਰਧਾਲੂ ਰਣਜੀਤ ਸਿੰਘ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲਾਂ ਦੇ ਮਾਮਲੇ ਦਾ ਅਹਿਮ ਗਵਾਹ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਸਾਬਕਾ ਡਰਾਈਵਰ ਖੱਟਾ ਸਿੰਘ ਅੱਜ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ’ਚ ਪੇਸ਼ ਹੋਇਅ। ਖੱਟਾ ਸਿੰਘ ਨੂੰ ਅਦਾਲਤ ਨੇ ਪੇਸ਼ੀ ਲਈ ਨੋਟਿਸ ਭੇਜਿਆ ਸੀ, ਜਿਸ ਤਹਿਤ ਉਸ ਨੇ ਆਪਣੇ ਬਿਆਨ ਦਰਜ ਕਰਵਾਏ।

ਅਦਾਲਤ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੱਟਾ ਸਿੰਘ ਨੇ ਦੱਸਿਆ ਕਿ ਉਸ ਨੇ ਕੋਰਟ ਤੋਂ ਮੁਆਫ਼ੀ ਮੰਗੀ ਹੈ ਕਿਉਂਕਿ ਉਹ ਕੁਝ ਬਿਆਨਾਂ ਤੋਂ ਮੁੱਕਰ ਗਿਆ ਸੀ। ਉਸ ਮੁਤਾਬਕ ਉਸ ਨੇ ਅਜਿਹਾ ਡਰ ਕਾਰਨ ਦਬਾਅ ਵਿੱਚ ਆ ਕੇ ਕੀਤਾ ਸੀ, ਪਰ ਹੁਣ ਉਸ ਨੂੰ ਕੋਈ ਡਰ ਨਹੀਂ ਹੈ। ਖੱਟਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਗੱਲਾਂ ਰਹਿ ਗਈਆਂ ਸਨ, ਜਿਹੜੀਆਂ ਅੱਜ ਉਸ ਨੇ ਕੋਰਟ ਵਿੱਚ ਦੱਸੀਆਂ ਹਨ। ਉਸ ਮੁਤਾਬਕ ਹੁਣ ਉਸ ਨੂੰ ਕਿਸੇ ਕਿਸਮ ਦਾ ਡਰ ਨਹੀਂ। ਉਹ ਸੱਚਾਈ ਦੱਸ ਕੇ ਰਹੇਗਾ। ਉਸ ਨੇ ਕਿਹਾ ਕਿ ਉਂਜ ਉਸ ਨੇ ਐਸਪੀ ਪੰਚਕੂਲਾ ਤੇ ਐਸਪੀ ਮੁਹਾਲੀ ਤੋਂ ਆਪਣੇ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਉਸ ਨੇ ਦੱਸਿਆ ਕਿ ਹੁਣ ਉਸ ’ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ। ਭਵਿੱਖ ਵਿੱਚ ਕੋਈ ਦਬਾਅ ਪਿਆ ਤਾਂ ਉਸ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਹੋਵੇਗੀ। ਉਸ ਨੇ ਇਹ ਵੀ ਕਿਹਾ ਕਿ ਇਹ ਵੀ ਸੱਚ ਹੈ ਕਿ ਹਾਲੇ ਵੀ ਇਕ-ਅੱਧ ਅਣਪਛਾਤਾ ਵਿਅਕਤੀ ਉਸ ਦਾ ਪਿੱਛਾ ਕਰ ਰਿਹਾ ਹੈ। ਖੱਟਾ ਸਿੰਘ ਨੇ ਦੱਸਿਆ ਕਿ ਕੋਰਟ ਨੇ ਪੰਚਕੂਲਾ ਤੇ ਮੁਹਾਲੀ ਦੇ ਐਸਪੀ ਕਿਹਾ ਕਿ ਖੱਟਾ ਸਿੰਘ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਗ਼ੌਰਤਲਬ ਹੈ ਕਿ ਵਿਸ਼ੇਸ਼ ਸੀਬੀਆਈ ਕੋਰਟ ਪੰਚਕੂਲਾ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਕਈ ਮਾਮਲਿਆਂ ਦੀ ਸੁਣਵਾਈ ਲੰਬੇ ਸਮੇਂ ਤੋਂ ਚਲ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਸਾਧਵੀਆਂ ਦਾ ਜਿਨਸੀ ਸ਼ੋਸ਼ਣ ਤੇ ਕਈ ਸਾਧੂਆਂ ਨੂੰ ਨਪੁੰਸਕ ਬਣਾਏ ਜਾਣ, ਰਣਜੀਤ ਸਿੰਘ ਹੱਤਿਆ ਮਾਮਲਾ ਅਤੇ 25 ਅਗਸਤ, 2017 ਨੂੰ ਹੋਏ ਦੰਗਿਆਂ ਦੇ ਕਈ ਮਾਮਲੇ ਸ਼ਾਮਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: