ਵਿਦੇਸ਼

ਲੇਬਰ ਪਾਰਟੀ ਨੇ ਟੈਰੇਜ਼ਾ ਮੇਅ ਨੂੰ ਜੂਨ 1984 ਵਿਚ ਬ੍ਰਿਟੇਨ ਦੀ ਭੂਮਿਕਾ ਬਾਰੇ ਸੱਚਾਈ ਦੱਸਣ ਲਈ ਕਿਹਾ

By ਸਿੱਖ ਸਿਆਸਤ ਬਿਊਰੋ

November 06, 2016

ਲੰਡਨ: ਯੂ.ਕੇ. ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਤਿੰਨ ਦਿਨਾਂ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਭੂਮਿਕਾ ਬਾਰੇ ‘ਸਚਾਈ’ ਦੱਸਣ ਨੂੰ ਕਿਹਾ ਹੈ। ਲੇਬਰ ਪਾਰਟੀ ਦੇ ਆਗੂ ਟੌਮ ਵਾਟਸਨ ਨੇ ਕੱਲ੍ਹ ਕਿਹਾ ਕਿ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਬਰਤਾਨੀਆ ਦਾ ਸਿੱਖ ਭਾਈਚਾਰਾ ਸੱਚ ਜਾਣਨ ਦਾ ਹੱਕਦਾਰ ਹੈ ਕਿ ਬਰਤਾਨੀਆ ਦੇ ਵਿਦੇਸ਼ ਦਫ਼ਤਰ ਨੇ ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਨਵੇਂ ਸਬੂਤਾਂ ਵਾਲੀਆਂ ਫਾਈਲਾਂ ਕੌਮੀ ਪੁਰਾਲੇਖ ਵਿੱਚੋਂ ਗਾਇਬ ਕਰ ਦਿੱਤੀਆਂ ਹਨ।

ਵਾਟਸਨ ਨੇ ਕਿਹਾ, ‘ਟੈਰੇਜ਼ਾ ਨੂੰ ਭਾਰਤ ਫੇਰੀ ਤੋਂ ਪਹਿਲਾਂ ਜੂਨ 84 ਦੇ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਵਿੱਚ ਬਰਤਾਨੀਆ ਦੀ ਭੂਮਿਕਾ ਬਾਰੇ ਸਚਾਈ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਗੱਲ ਦੇ ਸਬੂਤ ਵਧ ਰਹੇ ਹਨ ਕਿ ਉਸ ਸਮੇਂ ਜਿੰਨੀ ਜਾਣਕਾਰੀ ਸੀ ਮਾਰਗਰੇਟ ਥੈਚਰ ਦੇ ਪ੍ਰਸ਼ਾਸਨ ਨੇ ਭਾਰਤ ਨਾਲ ਉਸ ਤੋਂ ਵੀ ਵੱਧ ਨੇੜਤਾ ਨਾਲ ਕੰਮ ਕੀਤਾ ਸੀ।’ ਵਾਟਸਨ ਦਾ ਬਿਆਨ ਉਨ੍ਹਾਂ ਦਾਅਵਿਆਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਦੌਰਾਨ ਭਾਰਤ ਦੇ ਕਹਿਤ ‘ਤੇ ਬਰਤਾਨੀਆ ਦੇ ਵਿਦੇਸ਼ ਦਫ਼ਤਰ ਨੇ ਬਰਤਾਨਵੀ ਫ਼ੌਜ ਦੀ ਵਿਸ਼ੇਸ਼ ਏਅਰ ਸਰਵਿਸਿਜ਼ (ਐਸਏਐਸ) ਯੂਨਿਟ ਦੇ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਨ ਵਾਲੀਆਂ ਫਾਈਲਾਂ ਜਾਣਬੁੱਝ ਕੇ ਹਟਾ ਦਿੱਤੀਆਂ ਗਈਆਂ ਹਨ। ਪਰ ਵਿਦੇਸ਼ ਦਫ਼ਤਰ ਨੇ ਕਿਹਾ ਸੀ ਕਿ ਉਸ ਨੇ ਇਹ ਫਾਈਲਾਂ ਮਹਿਜ਼ ‘ਉਧਾਰ’ ਲਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: