ਰਾਜਨਾਥ ਸਿੰਘ

ਆਮ ਖਬਰਾਂ

ਭਾਰਤ ਵਿਰੋਧੀ ਨਾਅਰੇ ਲਾਉਣ ਪਿੱਛੇ ਹਾਫਿਜ਼ ਦਾ ਹੱਥ: ਰਾਜਨਾਥ ਸਿੰਘ, ਘਰੇਲੂ ਮੰਤਰੀ ਸਬੂਤ ਦੇਵੇ -ਵਿਰੋਧੀ ਪਾਰਟੀਆਂ

By ਸਿੱਖ ਸਿਆਸਤ ਬਿਊਰੋ

February 15, 2016

ਨਵੀਂ ਦਿੱਲੀ (14 ਫਰਵਰੀ, 2016): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਮਾਮਲੇ ਵਿੱਚ ਭਾਰਤੀ ਘਰੇਲੂ ਮੰਤਰੀ ਰਾਜ ਨਾਥ ਨੇ ਇੱਕ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਅਫ਼ਜ਼ਲ ਗੁਰੂ ਦੀ ਹਮਾਇਤ ’ਚ ਹੋ ਰਹੇ ਪ੍ਰਦਰਸ਼ਨਾਂ ਨੂੰ ਲਸ਼ਕਰ-ਏ-ਤੋਇਬਾ ਦੇ ਬਾਨੀ ਹਾਫ਼ਿਜ਼ ਸਈਦ ਦੀ ਹਮਾਇਤ ਹਾਸਲ ਸੀ। ਭਾਰਤੀ ਘਰੇਲੂ ਮੰਤਰੀ ਰਾਜਨਾਥ ਸਿੰਘ ਦੇ ਇਸ ਬਿਆਨ ਨੇ ਮਾਮਲੇ ਨੂੰ ਹੋਰ ਭਖਾ ਦਿੱਤਾ ਹੈ।

ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਕਿ ਘਰੇਲੂ ਮੰਤਰੀ ਆਪਣੇ ਦਾਅਵੇ ਦਾ ਸਬੂਤ ਪੇਸ਼ ਕਰਨ। ਘਰੇਲੂ ਮੰਤਰੀ ਦੇ ਬਿਆਨ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਗੰਭੀਰ ਇਲਜ਼ਾਮ ਹੈ ਜੋ ਵਿਦਿਆਰਥੀਆਂ ਖ਼ਿਲਾਫ਼ ਲਾਏ ਗਏ ਹਨ ਅਤੇ ਇਸ ਦੇ ਸਬੂਤ ਸਾਰਿਆਂ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਹਨ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਆਗੂ ਡੀ ਰਾਜਾ ਨੇ ਵੀ ਮੰਗ ਕੀਤੀ ਕਿ ਘਰੇਲੂ ਮੰਤਰੀ ਨੂੰ ਸਬੂਤ ਜਨਤਕ ਕਰਨੇ ਚਾਹੀਦੇ ਹਨ।

ਸੀਨੀਅਰ ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਘਰੇਲੂ ਮੰਤਰੀ ਨੇ ਗੰਭੀਰ ਦੋਸ਼ ਲਾਏ ਹਨ ਅਤੇ ਉਨ੍ਹਾਂ ਨੂੰ ਇਸ ਦਾ ਸਬੂਤ ਦੇਣਾ ਚਾਹੀਦਾ ਹੈ। ਬਾਅਦ ’ਚ ਘਰੇਲੂ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਸ੍ਰੀ ਰਾਜਨਾਥ ਸਿੰਘ ਦਾ ਬਿਆਨ ਵੱਖ-ਵੱਖ ਏਜੰਸੀਆਂ ਤੋਂ ਮਿਲੀਆਂ ਸੂਹਾਂ ’ਤੇ ਆਧਾਰਿਤ ਸੀ।

ਰਾਜਨਾਥ ਸਿੰਘ ਨੇ ਕਿਹਾ, ‘‘ਜੇਐਨਯੂ ਦੀ ਘਟਨਾ ਨੂੰ ਹਾਫ਼ਿਜ਼ ਸਈਦ ਤੋਂ ਹਮਾਇਤ ਮਿਲੀ ਸੀ। ਪੂਰੇ ਮੁਲਕ ਨੂੰ ਇਹ ਸੱਚਾਈ ਸਮਝਣ ਦੀ ਲੋਡ਼ ਹੈ। ਜੋ ਕੁਝ ਵੀ ਵਾਪਰਿਆ ਉਹ ਮੰਦਭਾਗਾ ਹੈ।’’ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦੋ ਦਿਨ ਪਹਿਲਾਂ ਸਈਦ ਦੇ ਹੈਸ਼ਟੈਗ ਹੇਠ ਕਈ ਟਵੀਟ ਕੀਤੇ ਗਏ ਜਿਨ੍ਹਾਂ ’ਚ ਪਾਕਿਸਤਾਨੀਆਂ ਨੂੰ ਕਿਹਾ ਗਿਆ ਕਿ ਉਹ ਜੇਐਨਯੂ ’ਚ ਚਲ ਰਹੇ ਪ੍ਰਦਰਸ਼ਨਾਂ ਦੀ ਹਮਾਇਤ ਕਰਨ। ਪੁਲੀਸ ਤਹਿਕੀਕਾਤ ਕਰ ਰਹੀ ਹੈ ਕਿ ਟਵਿਟਰ ਹੈਂਡਲ ਹਾਫ਼ਿਜ਼ ਸਈਦ ਦਾ ਹੈ ਜਾਂ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: