ਪ੍ਰਤੀਕਾਤਮਕ ਤਸਵੀਰ

ਸਿਆਸੀ ਖਬਰਾਂ

ਲੋਕ ਸਭਾ ਚੋਣਾਂ: ਪੰਜਾਬ ਵਿਚ ਵੋਟਾਂ ਦੀ ਦਰ 70% (2014 ਵਿਚ) ਤੋਂ ਘਟ ਕੇ 65% ਤੇ ਆਈ

By ਸਿੱਖ ਸਿਆਸਤ ਬਿਊਰੋ

May 20, 2019

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ, ਭਾਰਤੀ ਮੀਡੀਆ, ਸਿਆਸੀ ਪਾਰਟੀਆਂ ਤੇ ਹਰੋਨਾਂ ਅਦਾਰਿਆਂ ਵਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਤ ਕਰਨ ਵਾਸਤੇ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਜ਼ੋਰ ਲਾਉਣ ਦੇ ਬਾਵਜੂਦ ਪੰਜਾਬ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਤਕਰੀਬਨ 5% ਘੱਟ ਲੋਕਾਂ ਨੇ ਵੋਟਾਂ ਪਾਈਆਂ। ਲੋਕਾਂ ਵਿਚ ਚੋਣਾਂ ਪ੍ਰਤੀ ਘੱਟੇ ਰੁਝਾਨ ਦੇ ਮੱਦੇਨਜ਼ਰ ਇਸ ਵਾਰ ਹਿੰਦੂਤਵੀ ਜਥੇਬੰਦੀ ਰਾਸ਼ਟਰੀ ਸਵੈ-ਸੇਵਕ ਸੰਘ (ਰਾ.ਸ.ਸ.) ਦੇ ਕਾਰਕੁੰਨਾਂ ਵਲੋਂ ਸ਼ਹਿਰਾਂ ਤੇ ਪਿੰਡਾਂ ਤੱਕ ਪਰਚਾਰ ਕਰਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਸੀ।

ਲੋਕ ਸਭਾ ਚੋਣਾਂ 2019 ਦੇ ਆਖਰੀ ਗੇੜ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਲੰਘੇ ਦਿਨ (19 ਮਈ) ਨੂੰ ਪਈਆਂ। ਇਸ ਦੌਰਾਨ ਕਈ ਥਾਵਾਂ ਤੇ ਲੜਾਈ-ਝਗੜੇ ਅਤੇ ਹਿੰਸਾਂ ਦੀਆਂ ਵਾਰਦਾਤਾਂ ਹੋਈਆਂ ਅਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਹੇਠ ਪੈਂਦੇ ਪਿੰਡ ਸਰਲੀ ਕਲਾਂ (ਤਰਨ ਤਾਰਨ) ਵਿਖੇ ਇਕ ਨੌਜਵਾਨ ਦਾ ਕਲਤ ਵੀ ਹੋ ਗਿਆ ਹਾਲਾਂਕਿ ਚੋਣ ਕਮਿਸ਼ਨ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਵੋਟਾਂ ਨਾਲ ਸੰਬੰਧਤ ਨਹੀਂ ਸੀ।

ਐਤਵਾਰ ਨੂੰ ਪਾਈਆ ਵੋਟਾਂ ਵਿਚ 65.77% ਲੋਕਾਂ ਨੇ ਵੋਟ ਪਾਈ ਜਦਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 70% ਲੋਕਾਂ ਨੇ ਵੋਟਾਂ ਪਾਈਆਂ ਸਨ।

ਬਠਿੰਡਾ ਸੀਟ ਤੇ ਸ਼ਾਮ 5 ਵਜੇ ਤੋਂ ਬਾਅਦ ਭਾਰੀ ਗਿਣਤੀ ਵਿਚ ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਇੱਥੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਗੂ ਤੇ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੁਬਾਰਾ ਚੁਣੇ ਜਾਣ ਲਈ ਚੋਣ ਲੜ ਰਹੀ ਸੀ। ਇਸ ਸੀਟ ਤੋਂ ਕਾਂਗਰਸ ਪਾਰਟੀ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਲੜਾਈ ਗਈ ਹੈ। ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬਠਿੰਡਾ ਸੀਟ ਤੇ ਸ਼ਾਮ 5 ਵਜੇ ਤੱਕ 62.24% ਲੋਕਾਂ ਨੇ ਵੋਟਾਂ ਪਾਈਆਂ ਸਨ ਪਰ ਵੋਟਾਂ ਬੰਦ ਹੋਣ ਤੱਕ ਇਹ ਅੰਕੜਾ ਵਧ ਕੇ 73.90% ਹੋ ਗਿਆ ਸੀ ਜੋ ਕਿ ਪੰਜਾਬ ਭਰ ਵਿਚੋਂ ਸਭ ਤੋਂ ਵੱਧ ਹੈ। ਅੰਮ੍ਰਿਤਸਰ ਸੀਟ ਤੇ ਸਭ ਤੋਂ ਘੱਟ 56.35% ਵੋਟਾਂ ਹੀ ਪਈਆਂ।

ਪੰਜਾਬ ਭਰ ਵਿਚ ਪਈਆਂ ਵੋਟਾਂ ਦੀ ਦਰ ਬਾਰੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੀ ਜਾਣਕਾਰੀ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:-

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: