ਖਾਸ ਖਬਰਾਂ

ਮਸਲਾ ਆਸ਼ੂਤੋਸ਼ ਦੇ ਕੂੜ ਸਮਾਗਮਾਂ ਦਾ – ਸੰਤ ਸਮਾਜ ਨੇ ਦਿੱਤਾ ਰੋਸ ਮਾਰਚ ਦਾ ਸੱਦਾ; 5 ਤੇ 6 ਨੂੰ ਲੁਧਿਆਣਾ ਬੰਦ ਦਾ ਸੱਦਾ

By ਸਿੱਖ ਸਿਆਸਤ ਬਿਊਰੋ

December 05, 2009

ਲੁਧਿਆਣਾ (5 ਦਸੰਬਰ, 2009): ਬੀਤੇ ਦਿਨਾਂ ਤੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਮਾਹੌਲ ਤਣਾਅ ਭਰਪੂਰ ਬਣਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਬੀਤੇ ਦਿਨ (4 ਦਸੰਬਰ ਨੂੰ) ਬਿਹਾਰੀ ਮਜਦੂਰ ਭਈਆਂ ਵੱਲੋਂ ਲੁਧਿਆਣਾ ਵਿਖੇ ਵੱਡੇ ਪੱਧਰ ਉੱਤੇ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ ਓਥੇ ਦੂਸਰੇ ਪਾਸੇ ਇੱਕ ਪਾਖੰਡੀ ਸਾਧ ਆਸ਼ੂਤੋਸ਼ ਦੇ ਸਮਾਗਮਾਂ ਨੂੰ ਲੈ ਕੈ ਸਾਧ ਸਮਰਥਕਾਂ ਅਤੇ ਸਿੱਖ ਸੰਗਤ ਦਰਮਿਆਨ ਟਕਰਾਅ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।

ਬਿਹਾਰੀ ਮਜਦੂਰਾਂ ਵੱਲੋਂ ਲੁਧਿਆਣਾ ਵਿੱਚ ਭਾਰੀ ਹਿੰਸਾ

ਬੀਤੇ ਦਿਨ ਬਿਹਾਰੀ ਮਜਦੂਰਾਂ ਨੇ ਲੁਧਿਆਣਾ ਅੰਦਰ ਜੰਮ ਕੇ ਹੁੱਲੜਬਾਜ਼ੀ ਕੀਤੀ ਅਤੇ ਹਿੰਸਕ ਕਾਰਵਾਈਆਂ ਵੀ ਕੀਤੀਆਂ ਗਈਆਂ। ਵੱਖ-ਵੱਖ ਅਖਬਾਰੀ ਰਿਪੋਰਟਾਂ ਅਨੁਸਾਰ ਇਨ੍ਹਾਂ ਮਜਦੂਰਾਂ ਨੇ ਜਿਨ੍ਹਾਂ ਦੀ ਗਿਣਤੀ ਪੰਜ ਤੋਂ ਛੇ ਹਜ਼ਾਰ ਦੱਸੀ ਜਾਂਦੀ ਹੈ, ਨੇ ਪਹਿਲਾਂ ਤਾਂ ਦਿੱਲੀ ਪਠਾਨਕੋਟ ਸੜਕ ਤੇ ਦਿੱਲੀ-ਅੰਮ੍ਰਿਤਸਰ/ਜੰਮੂ ਰੇਲਵੇ ਆਵਾਜਈ ਰੋਕ ਦਿੱਤੀ ਤੇ ਫਿਰ ਦਿਨ ਚੜ੍ਹੇ ਸੜਕਾਂ ਉਤੇ ਲੁੱਟ ਮਾਰ ਕਰਕੇ ਗੱਡੀਆਂ ਦੀ ਭੰਨ-ਤੋੜ ਕੀਤੀ। ਇਸ ਵਿੱਚ ਬੱਸਾਂ ਅਤੇ ਇੱਕ ਫੌਜੀ ਗੱਡੀ ਸਮੇਤ ਤਕਰੀਬਨ 16 ਗੱਡੀਆਂ ਸਾੜੀਆਂ ਗਈਆਂ ਹਨ। ਬਿਹਾਰੀ ਹੁੱਲੜਬਾਜ਼ਾਂ ਨੇ ਢੰਡਾਰੀ ਕਲਾਂ ਕੋਲ ਰੁਕੀ ਸੱਚਖੰਡ ਐਕਸਪ੍ਰੈਸ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਪਿੰਡ ਵਾਸੀਆਂ ਦੇ ਦਖਲ ਕਾਰਨ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਘਟਨਾਕ੍ਰਮ ਵਿੱਚ ਤਕਰੀਬਨ ਸੌ ਵਿਅਕਤੀ ਜਖਮੀ ਹੋ ਗਏ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਕੁਝ ਪੁਲਿਸ ਕਰਮਚਾਰੀ ਵੀ ਸ਼ਾਮਿਲ ਹਨ। ਪੂਰੇ ਘਟਨਾਕ੍ਰਮ ਵਿੱਚ ਪੁਲਿਸ ਲਾਚਾਰ ਹੀ ਨਜ਼ਰ ਆਈ ਅਤੇ ਪੰਜ ਠਾਣਿਆ ਦੇ ਖੇਤਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।

ਭਾਵੇਂ ਇਸ ਕਾਰਵਾਈ ਪਿੱਛੇ ਕਿਸੇ ਬਿਹਾਰੀ ਦੀ ਅਣਪਛਾਤੇ ਅਨਸਰਾਂ ਵੱਲੋਂ ਲੁੱਟ ਉਪਰੰਤ ਪੁਲਿਸ ਵੱਲੋਂ ਇਸ ਬਾਰੇ ਸ਼ਿਕਾਇਤ ਦਰਜ ਨਾ ਕਰਨ ਨੂੰ ਹੀ ਕਾਰਨ ਦੱਸਿਆ ਜਾ ਰਿਹਾ ਹੈ ਪਰ ਇਸ ਦਾ ਬਿਹਾਰੀ ਪਾਖੰਡੀ ਸਾਧ ਆਸ਼ੂਤੋਸ਼ ਦੇ ਲੁਧਿਆਣਾ ਵਿਖੇ ਹੋ ਰਹੇ ਸਮਾਗਮਾਂ ਨਾਲ ਵੀ ਸਬੰਧ ਹੋ ਸਕਦਾ ਹੈ।

ਸੰਤ-ਸਮਾਜ ਵੱਲੋਂ ਰੋਸ ਮਾਰਚ ਦਾ ਐਲਾਨ:

ਲੁਧਿਆਣਾ (5 ਦਸੰਬਰ, 2009): ਬੀਤੇ ਦਿਨ ਸੰਤ ਸਮਾਜ ਅਤੇ ਕੁਝ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਲੁਧਿਆਣਾ ਵਿਖੇ ਹੋਈ ਜਿਸ ਵਿੱਚ 5 ਤੇ 6 ਦਸੰਬਰ ਨੂੰ ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਮਾਗਮਾਂ ਨੂੰ ਰੋਕਣ ਲਈ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਇਕੱਰਤਾ ਤੋਂ ਬਾਅਦ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ (ਧੁੰਮਾ), ਬਾਬਾ ਸੁਖਚੈਨ ਸਿੰਘ, ਬਾਬਾ ਬੂਟਾ ਸਿੰਘ ਤੇ ਮਹਿਤਾ ਫੈਡਰੇਸ਼ਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਹੈ। ਬਿਆਨ ਅਨੁਸਾਰ ਮਾਰਚ ਸ਼ਾਂਤਮਈ ਹੋਵੇਗਾ ਤੇ ਸ਼ਾਂਤਮਈ ਤਰੀਕੇ ਨਾਲ ਸਮਾਗਮ ਰੋਕਿਆ ਜਾਵੇਗਾ।

ਭਾਰੀ ਸੁਰੱਖਿਆ ਪ੍ਰਬੰਧ:

ਦੂਸਰੇ ਪਾਸੇ ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ਆਸ਼ੂਤੋਸ਼ ਦੇ ਸਮਾਗਮ ਸਫਲ ਕਰਨ ਲਈ ਭਾਰੀ ਪ੍ਰਬੰਧ ਕਰ ਰਹੇ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ‘ਧਾਰਮਿਕ ਸਮਾਗਮਾਂ’ ਦੌਰਾਨ ਅਮਨ-ਕਾਨੂੰਨ ਦੇ ਹਾਲਾਤ ਹਰ ਹੀਲੇ ਕਾਇਮ ਰੱਖੇ ਜਾਣਗੇ।

5 ਤੇ 6 ਨੂੰ ਲੁਧਿਆਣਾ ਬੰਦ ਦਾ ਸੱਦਾ:

ਗੁਰਦੁਆਰਾ ਕਰਲਗੀਧਰ ਦੀ ਸਿੱਖ ਸੰਗਤ ਤੇ ਤੱਤ ਖਾਲਸਾ ਜਥੇਬੰਦੀ ਵੱਲੋਂ ਆਸ਼ੂਤੋਸ਼ ਦੇ ਸਮਾਗਮਾਂ ਦੇ ਵਿਰੋਧ ਵਿੱਚ 5 ਤੇ 6 ਦਸੰਬਰ 2009 ਨੂੰ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਹੈ। ਤੱਤ ਖਾਲਸਾ ਦੇ ਮੁਖੀ ਸ. ਜਰਨੈਲ ਸਿੰਘ ਨੇ ਸਮੂਹ ਲੁਧਿਆਣਾ ਵਾਸੀਆਂ ਨੂੰ ਕਿਹਾ ਹੈ ਕਿ ਉਹ ਗੁਰਦੋਖੀ ਆਸ਼ੂਤੋਸ਼ ਦੇ ਸਮਾਗਮਾਂ ਦੇ ਵਿਰੋਧ ਵਿੱਚ ਲੁਧਿਆਣਾ ਮੁਕੰਮਲ ਬੰਦ ਕਰਨ।

ਇਹ ਦੱਸਣਯੋਗ ਹੈ ਕਿ ਆਸ਼ੂਤੋਸ਼ ਨੂੰ ਹਿੰਦੂਤਵ ਦਾ ਧੁਰਾ ਕਹੀ ਜਾਂਦੀ ਰਾਸ਼ਟਰੀ ਸਵੈਂ-ਸੇਵਕ ਸੰਘ (ਆਰ. ਐਸ. ਐਸ) ਦਾ ਥਾਪੜਾ ਹੈ ਤੇ ’ਕਾਲੀ ਸਰਕਾਰ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ ਉਰਫ ਭਾਜਪਾ) ਇਹ ਸਮਾਗਮ ਕਰਵਾਉਣ ਲਈ ਅੱਡੀ-ਬੋਦੀ ਦਾ ਜ਼ੋਰ ਲਗਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: