ਵਾਸ਼ਿੰਗਟਨ (20 ਮਾਰਚ, 2015): ਅਮਰੀਕਾ ਵਿੱਚ ਸਿੱਖ ਪਛਾਣ ਲਈ ਜੱਦੋਜਹਿਦ ਕਰ ਰਹੀ ਸਿੱਖ ਕੌਮ ਵੱਲੋਂ “ਨੈਸ਼ਨਲ ਸਿੱਖ ਕੈਂਪੇਨ” ਨੇ ਤਿਆਰ ਕੀਤੀ ਰੀਪੋਰਟ ਵਿਚ ਇਸ ਕੌੜੀ ਸਚਾਈ ਨੂੰ ਵੀ ਪ੍ਰਵਾਨ ਕਰਨ ਦੀ ਗੱਲ ਆਖੀ ਗਈ ਹੈ ਕਿ ਅਮਰੀਕਾ ਵਿਚ ਬਹੁ-ਗਿਣਤੀ ਲੋਕਾਂ ਨੂੰ ਸਿੱਖ ਧਰਮ ਬਾਰੇ ਬਹੁਤ ਘੱਟ ਗਿਆਨ ਹੈ ਅਤੇ ਕਈ ਤਾਂ ਅਜਿਹੇ ਹਨ ਜਿਨ੍ਹਾਂ ਨੇ ਸਿੱਖ ਧਰਮ ਦਾ ਨਾਮ ਤਕ ਨਹੀਂ ਸੁਣਿਆ। ਇਸ ਲਈ ਸਾਨੂੰ ਸਿੱਖਾਂ ਨਾਲ ਵਾਪਰਦੀਆ ਨਸਲੀ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਥਾਂ ਲੋਕਾਂ ਨੂੰ ਅਪਣੀ ਅਸਲ ਪਛਾਣ ਦਸਣ ਦੀ ਲੋੜ ਹੈ।
ਅਮਰੀਕਾ ਵਿਚ ਅਪਣੀ ਵਖਰੀ ਪਛਾਣ ਲਈ ਜੱਦੋ-ਜਹਿਦ ਕਰ ਰਹੀ ਸਿੱਖ ਕੌਮ ਨੂੰ ਰਾਹ ਵਿਖਾਉਂਦੀ ਰੀਪੋਰਟ ‘ਚ ਦਸਿਆ ਗਿਆ ਹੈ ਕਿ ਸਿੱਖ ਕੌਮ ਕਿਸ ਤਰ੍ਹਾਂ ਅਮਰੀਕਾ ‘ਚ ਸਿੱਖੀ ਅਕਸ ਬਾਰੇ ਜਾਗਰੂਕਤਾ ਫੈਲਾ ਸਕਦੀ ਹੈ।
‘ਸਿੱਖਇਜ਼ਮ ਇਨ ਯੂਨਾਈਟਡ ਸਟੇਟ : ਵਟ ਅਮੈਰੀਕਨਜ਼ ਨੋਅ ਐਂਡ ਨੀਡ ਟੂ ਨੋਅ’ ਨਾਮਕ ਇਸ ਰੀਪੋਰਟ ‘ਚ ਪਾਇਆ ਗਿਆ ਹੈ ਕਿ ਜੇ ਸਿੱਖ, ਸਿੱਖੀ ਦੇ ਵਿਸ਼ੇਸ਼ ਪੱਖਾਂ ਨੂੰ ਅਮਰੀਕੀ ਲੋਕਾਂ ਅੱਗੇ ਸਹੀ ਢੰਗ ਨਾਲ ਰੱਖੇ ਤਾਂ ਸਿੱਖਾਂ ਦੀ ਪਛਾਣ ਅਮਰੀਕਾ ‘ਚ ਮਜ਼ਬੂਤ ਹੋ ਸਕਦੀ ਹੈ। ਇਸ ਰੀਪੋਰਟ ਦਾ ਇਕ ਅਹਿਮ ਅੰਸ਼ ਇਹ ਹੈ ਕਿ ਭਾਰੀ ਗਿਣਤੀ ਵਿਚ ਮੂਲ ਅਮਰੀਕੀ, ਸਿੱਖਾਂ ਬਾਰੇ ਉੱਕਾ ਹੀ ਨਹੀਂ ਜਾਣਦੇ।
ਅਮਰੀਕਾ ‘ਚ ਸਿੱਖਾਂ ਦੇ ਸੌ ਸਾਲਾਂ ਤੋਂ ਵਧ ਦੇ ਇਤਿਹਾਸ ‘ਚ ਇਹ ਪਹਿਲੀ ਅਜਿਹੀ ਰੀਪੋਰਟ ਆਈ ਹੈ ਜੋ ਅਮਰੀਕਾ ਵਸਦੇ ਸਿੱਖਾਂ ਨੂੰ ਵਿਗਿਆਨਕ ਨਜ਼ਰੀਏ ਨਾਲ ਸਿੱਖੀ ਦੇ ਉਨ੍ਹਾਂ ਤੱਥਾਂ, ਤਸਵੀਰਾਂ ਅਤੇ ਕਹਾਣੀਆਂ ਨੂੰ ਸਮਝਣ ‘ਚ ਮਦਦ ਕਰਦੀ ਹੈ ਜੋ ਅਮਰੀਕੀ ਸਭਿਅਤਾ ਨੂੰ ਛੂੰਹਦੇ ਹਨ।
ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀਆਂ ਦਾ ਉਨ੍ਹਾਂ ਲੋਕਾਂ ਵਲ ਜ਼ਿਆਦਾ ਝੁਕਾਅ ਹੁੰਦਾ ਹੈ ਜੋ ਉਨ੍ਹਾਂ ਨੂੰ ਅਪਣੇ ਨਾਲ ਮਿਲਦੇ-ਜੁਲਦੇ ਪ੍ਰਤੀਤ ਹੰਦੇ ਹਨ। ਜੇ ਸਿੱਖ ਅਪਣੀਆਂ ਕਦਰਾਂ-ਕੀਮਤਾਂ ਨੂੰ ਅਮਰੀਕੀ ਸਭਿਅਤਾ ਨਾਲ ਜੋੜ ਕੇ ਪੇਸ਼ ਕਰਨ ਤਾਂ ਇਸ ਨਾਲ ਅਮਰੀਕੀ ਲੋਕ ਸਿੱਖ ਵਿਰਸੇ ਦੇ ਵਧੇਰੇ ਨੇੜੇ ਆਉਣਗੇ।
ਰੀਪੋਰਟ ਮੁਤਾਬਕ ਅਮਰੀਕੀ ਲੋਕ ਜਾਤ, ਧਰਮ, ਨਸਲ ਆਦਿ ਵਰਗੇ ਵਿਚਾਰਾਂ ਤੋਂ ਉਪਰ ਉਠ ਕੇ ਸਿੱਖੀ ਸੰਦੇਸ਼ ਨੂੰ ਗ੍ਰਹਿਣ ਕਰਨ ਲਈ ਤਿਆਰ ਹਨ, ਪਰ ਇਹ ਸਾਡੇ ‘ਤੇ ਹੈ ਕਿ ਅਸੀਂ ਕਿੱਦਾਂ ਅਪਣੇ ਗੁਣਾਂ ਦਾ ਸੰਚਾਰ ਕਰਦੇ ਹਾਂ। ਸਿੱਖੀ ਦੇ ਅਹਿਮ ਸਿਧਾਂਤ ‘ਬਰਾਬਰਤਾ’ ਨੂੰ ਉਭਾਰ ਕੇ ਪੇਸ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਸ ਸਿਧਾਂਤ ਨੂੰ ਅਮਰੀਕੀ ਸਮਾਜ ਬੇਹੱਦ ਪਸੰਦ ਕਰਦਾ ਹੈ।
ਇਸ ਵਿਚ ਦਿਤੀਆਂ ਹਦਾਇਤਾਂ ਤੋਂ ਸਾਨੂੰ ਸਹਿਜੇ ਹੀ ਪਤਾ ਚਲ ਜਾਵੇਗਾ ਕਿ ਸਾਨੂੰ ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੀ ਅਤੇ ਕਿਸ ਨੂੰ ਪ੍ਰਚਾਰਨਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇ ਅਸੀਂ ਸਦੀਆਂ ਤਕ ਅਪਣੇ ਆਪ ਨੂੰ ਅਮਰੀਕੀ ਧਰਤੀ ‘ਤੇ ”ਵਿਦੇਸ਼ੀ” ਹੀ ਮੰਨੀ ਜਾਵਾਂਗੇ ਤਾਂ ਇਸ ਨਾਲ ਸਾਡੀ ਸਿੱਖ ਸ਼ਖ਼ਸੀਅਤ ਨੂੰ ਢਾਹ ਵਜੇਗੀ।