ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ (ਫਾਈਲ ਫੋਟੋ)

ਸਿੱਖ ਖਬਰਾਂ

ਅਵਤਾਰ ਸਿੰਘ ਮੱਕੜ ਵਲੋਂ ਭਾਈ ਢੱਡਰੀਆਂਵਾਲਿਆਂ ਨਾਲ ਮੁਲਾਕਾਤ, ਹੱਕ ‘ਚ ਖੜ੍ਹਨ ਦਾ ਭਰੋਸਾ ਦਿਵਾਇਆ

By ਸਿੱਖ ਸਿਆਸਤ ਬਿਊਰੋ

May 24, 2016

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸੋਮਵਾਰ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਮਿਲਣ ਲਈ ਆਏ। ਇਸ ਮੁਲਾਕਾਤ ਦੌਰਾਨ ਭਾਵੇਂ ਮੱਕੜ ਨੇ ਭਾਈ ਢੱਡਰੀਆਂਵਾਲਿਆਂ ਦੇ ਹੱਕ ਵਿਚ ਖੜ੍ਹਨ ਦਾ ਪੂਰਾ ਭਰੋਸਾ ਦਿਵਾਇਆ ਪ੍ਰੰਤੂ ਭਾਈ ਢੱਡਰੀਆਂਵਾਲਿਆਂ ਵਲੋਂ ਇਸ ਗੱਲ ’ਤੇ ਹੀ ਜ਼ੋਰ ਦਿੱਤਾ ਗਿਆ ਕਿ ਜਦੋਂ ਤਕ ਘਟਨਾ ਦਾ ਮੁੱਖ ਸਾਜਿਸ਼ਘਾੜਾ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਉਂਦਾ ਉਦੋਂ ਤਕ ਉਹ ਸਰਕਾਰ ਵਲੋਂ ਕਰਵਾਈ ਜਾ ਰਹੀ ਪੜਤਾਲ ਨਾਲ ਸਹਿਮਤ ਨਹੀਂ ਹੋ ਸਕਦੇ।

ਮੱਕੜ ਕਰੀਬ ਵੀਹ ਮਿੰਟ ਭਾਈ ਢੱਡਰੀਆਂਵਾਲਿਆਂ ਕੋਲ ਬੈਠੇ ਅਤੇ ਵਾਪਰੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁਲਾਕਾਤ ਦੌਰਾਨ ਭਾਈ ਢੱਡਰੀਆਂਵਾਲਿਆਂ ਨੇ ਗਿਲਾ ਕੀਤਾ ਕਿ ਹੁਣ ਜਦੋਂ ਘਟਨਾਕ੍ਰਮ ਦਾ ਸਾਰਾ ਹਾਲ ਜਗ ਜਾਹਰ ਹੋ ਚੁੱਕਾ ਹੈ ਅਤੇ ਘਟਨਾ ਦੇ ਮੁੱਖ ਸਾਜਿਸ਼ਘਾੜੇ ਦਾ ਬਚਾਅ ਕਿਸ ਵਜ੍ਹਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾ ਜ਼ੋਰ ਦਿੱਤਾ ਕਿ ਹੁਣ ਸਰਕਾਰ ਨੂੰ ਇਸ ਮਾਮਲੇ ’ਤੇ ਦੇਰ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਸਰਕਾਰ ਵਲੋਂ ਦੇਰ ਕੀਤੀ ਜਾ ਰਹੀ ਹੈ ਤਾਂ ਇਸ ਦੇ ਕਾਰਨ ਸੋਚਣ ਵਾਲੀ ਗੱਲ ਹੈ।

ਮਿਲੀ ਜਾਣਕਾਰੀ ਮੁਤਾਬਕ ਮੱਕੜ ਨੇ ਮੁੱਖ ਸਾਜਿਸ਼ਘਾੜੇ ਨੂੰ ਪੁਲਿਸ ਵਲੋਂ ਅਜੇ ਤਕ ਗ੍ਰਿਫਤਾਰ ਨਾ ਕਰਨ ਦੇ ਜਵਾਬ ਵਿਚ ਕਿਹਾ ਕਿ ਸਰਕਾਰ ਇਸ ਮਾਮਲੇ ’ਤੇ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਇਹ ਕੰਮ ਸਰਕਾਰ ਪੱਧਰ ਦਾ ਹੈ ਅਤੇ ਪੰਜਾਬ ਸਰਕਾਰ ਮਾਮਲੇ ’ਤੇ ਪੂਰੀ ਤਰ੍ਹਾਂ ਗੰਭੀਰ ਹੈ।

ਉਨ੍ਹਾਂ ਆਖਿਆ ਕਿ ਕੁਝ ਸ਼ਰਾਰਤੀ ਅਨਸਰ ਕੌਮ ਵਿਚ ਵੰਡ ਪਾਉਣ ਦੀ ਤਾਕ ਵਿਚ ਹਨ। ਉਨ੍ਹਾਂ ਭਾਈ ਢੱਡਰੀਆਂਵਾਲਿਆਂ ਵਲੋਂ ਸਿੱਖ ਕੌਮ ਦੇ ਪ੍ਰਚਾਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: