ਖਾਸ ਖਬਰਾਂ

ਸ਼ਹੀਦ ਭਾਈ ਸੁਖਵਿੰਦਰ ਸਿੰਘ ਉਰਫ ਕੇ. ਸੀ. ਸ਼ਰਮਾ ਦਾ ਸ਼ਹੀਦੀ ਦਿਹਾੜਾ ਮਨਾਇਆ

By ਸਿੱਖ ਸਿਆਸਤ ਬਿਊਰੋ

February 28, 2023

ਚੰਡੀਗੜ੍ਹ :-  ਜੂਨ 1984 ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੰਗ ਦੌਰਾਨ ਵੈਰੀ ਫੌਜਾਂ ਦਾ ਟਾਕਰਾ ਕਰਨ ਵਾਲੇ ਅਤੇ ਤੀਜੇ ਘੱਲੂਘਾਰੇ ਤੋਂ ਬਾਅਦ ਖਾੜਕੂ ਸੰਘਰਸ਼ ਨੂੰ ਲਾਮਬਧ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ. ਸੀ. ਸ਼ਰਮਾ ਦਾ ਸ਼ਹੀਦੀ ਦਿਹਾੜਾ ਉਹਨਾ ਦੇ ਜੱਦੀ ਪਿੰਡ ਕੋਟ ਮੁਹੰਮਦ ਖਾਨ (ਨੇੜੇ ਤਰਨ ਤਾਰਨ) ਵਿਖੇ ਮਨਾਇਆ ਗਿਆ। ਲੰਘੇ ਦਿਨ (27 ਫਰਵਰੀ 2023 ਨੂੰ) ਗੁਰਦੁਆਰਾ ਬਾਬਾ ਭੰਡਾਰੀ ਜੀ (ਕੋਟ ਮੁਹੰਮਦ ਖਾਨ) ਵਿਖੇ ਕਰਵਾਏ ਗਏ ਸ਼ਹੀਦੀ ਸਮਾਗਮ ਵਿਚ ਸ਼ਹੀਦ ਭਾਈ ਸੁਖਵਿੰਦਰ ਸਿੰਘ ਦੀ ਯਾਦ ਵਿਚ ਆਰੰਭ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਸਮਾਗਮ ਵਿਚ ਪੰਥ ਸੇਵਕ ਸਖਸ਼ੀਅਤਾਂ, ਇਲਾਕੇ ਦੀਆਂ ਸੰਗਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਬੋਲਦਿਆਂ ਸ਼ਹੀਦ ਭਾਈ ਸੁਖਵਿੰਦਰ ਸਿੰਘ ਦੇ ਸਾਥੀ ਅਤੇ ਖਾੜਕੂ ਸੰਘਰਸ਼ ਦੀਆਂ ਆਗੂ ਸਫਾਂ ਵਿਚ ਰਹੇ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰਨਾਂ ਗੁਰਧਾਮਾਂ ਉੱਤੇ ਦਿੱਲੀ ਦਰਬਾਰ ਦੀ ਫੌਜ ਦੇ ਹਮਲੇ ਮੌਕੇ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਦੀ ਉਮਰ ਛੋਟੀ ਹੀ ਸੀ ਪਰ ਉਸ ਨੇ ਇਸ ਜੰਗ ਵਿਚ ਵੈਰੀ ਦਲਾਂ ਦਾ ਟਾਕਰਾ ਕੀਤਾ। ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਕੁਝ ਸਮੇਂ ਲਈ ਕਰਫਿਊ ਵਿਚ ਢਿੱਲ ਮਿਲੀ ਤਾਂ ਭਾਈ ਸੁਖਵਿੰਦਰ ਸਿੰਘ ਆਪਣੀ ਘੱਟ ਉਮਰ ਕਾਰਨ ਬਿਨਾ ਫੌਜ ਤੇ ਪੁਲਿਸ ਦੀਆਂ ਨਜ਼ਰਾਂ ਵਿਚ ਆਇਆਂ ਸੰਗਤ ਨਾਲ ਘੇਰੇ ਵਿਚੋਂ ਬਾਹਰ ਨਿੱਕਲ ਆਇਆ। ਉਹਨਾ ਖਾੜਕੂ ਸੰਘਰਸ਼ ਦੀ ਲਾਮਬੰਦੀ ਅਤੇ ਪੰਜਾਬ ਤੋਂ ਬਾਹਰ ਗੁਰੂ ਖਾਲਸਾ ਪੰਥ ਦੇ ਦੋਖੀਆਂ ਨੂੰ ਸੋਧਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ।

ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਦਿੱਲੀ ਵਿਖੇ ਇਕ ਠਾਹਰ ਬਣਾਉਣ ਵੇਲੇ ਭਾਈ ਸੁਖਵਿੰਦਰ ਸਿੰਘ ਦਾ ਨਾਮ ਕੇ. ਸੀ. ਸ਼ਰਮਾ ਰੱਖਿਆ ਸੀ ਤੇ ਇਹ ਨਾਮ ਇੰਨਾ ਪ੍ਰਚੱਲਤ ਹੋ ਗਿਆ ਕਿ ਸੰਘਰਸ਼ ਦੌਰਾਨ ਉਹਨਾ ਨੂੰ ਕੇ. ਸੀ. ਸ਼ਰਮਾ ਨੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। ਬਹੁਤ ਸੀਮਤ ਲੋਕ ਹੀ ਉਹਨਾ ਦਾ ਪਹਿਲਾ ਨਾਮ ਜਾਣਦੇ ਸਨ।

ਭਾਈ ਦਲਜੀਤ ਸਿੰਘ ਨੇ ਕਿਹਾ ਕਿ ਭਾਈ ਸੁਖਵਿੰਦਰ ਸਿੰਘ ਬਹੁਤ ਕੋਮਦ ਦਿਲ ਦਾ ਮਾਲਕ ਸੀ ਪਰ ਜਦੋਂ ਉਹ ਵੈਰੀ ਦਾ ਟਾਕਰਾ ਕਰਦਾ ਸੀ ਤਾਂ ਬਹੁਤ ਦ੍ਰਿੜਤਾ, ਨਿਰਭੈਅਤਾ, ਜੋਸ਼ ਅਤੇ ਦਲੇਰੀ ਨਾਲ ਕਰਦਾ ਸੀ। ਉਹਨਾ ਪੰਥ ਸੇਵਾ ਵਿਚ ਮਹਾਨ ਕਾਰਜ ਕੀਤੇ ਗਏ ਖਾਲਸਾ ਪੰਥ ਤੇ ਗੁਰ-ਸੰਗਤ ਦੇ ਵੱਡੇ ਦੋਖੀਆਂ ਨੂੰ ਸੋਧਣ ਵਾਲੇ ਕਾਰਜਾਂ ਵਿਚ ਉਹਨਾ ਦਾ ਅਹਿਮ ਯੋਗਦਾਨ ਸੀ।

ਭਾਈ ਸੁਖਵਿੰਦਰ ਸਿੰਘ ਨੂੰ ਚੰਡੀਗੜ੍ਹ ਵਿਚ ਇਕ ਗੱਦਾਰ ਨੇ 27 ਫਰਵਰੀ 1988 ਨੂੰ ਪਿੱਠ ਪਿੱਛੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਹ ਦੋਖੀ ਆਪ ਭੱਜ ਕੇ ਉਸ ਵੇਲੇ ਦੇ ਪੁਲਿਸ ਮੁਖੀ ਰਿਬੇਰੋ ਦੀ ਕੋਠੀ ਵਿਚ ਵੜ ਗਿਆ।

ਭਾਈ ਦਲਜੀਤ ਸਿੰਘ ਨੇ ਕਿਹਾ ਕਿ ਇਹ ਸ਼ਹੀਦ ਸਾਡਾ ਸਿਰਮਾਇਆ ਹਨ ਅਤੇ ਇਹਨਾ ਦੇ ਦਿਹਾੜੇ ਮਨਾਉਣਾ ਤੇ ਇਹਨਾ ਵੱਲੋਂ ਜਿਸ ਕਾਰਜ ਲਈ ਸ਼ਹਾਦਤਾਂ ਦਿੱਤੀਆਂ ਗਈਆਂ ਉਸ ਦੀ ਪੂਰਤੀ ਲਈ ਉੱਦਮ ਕਰਨਾ ਸਾਡਾ ਸਭ ਦਾ ਫਰਜ਼ ਹੈ।

ਉਹਨਾ ਕਿਹਾ ਕਿ ਬੇਗਮਪੁਰਾ ਦੀ ਨਿਆਈ ਸਮਾਜ ਅਤੇ ਸਰਬਤ ਦੇ ਭਲੇ ਵਾਲਾ ਹਲੇਮੀ ਰਾਜ ਹੀ ਸਾਡਾ ਨਿਸ਼ਾਨਾ ਹੈ ਜਿਸ ਨੂੰ ਅਸੀਂ ਅਜੋਕੇ ਸਮੇਂ ਵਿਚ ਖਾਲਿਸਤਾਨ ਕਹਿ ਕੇ ਸੰਬੋਧਤ ਹੁੰਦੇ ਹਾਂ। ਉਹਨਾ ਕਿਹਾ ਕਿ ਖਾਲਿਸਤਾਨ ਇਕ ਪਵਿੱਤਰ ਸੰਕਲਪ ਹੈ ਜਿਸ ਨੂੰ ਸਾਕਾਰ ਕਰਨਾ “ਰਾਜ ਕਰੇਗਾ ਖਾਲਸਾ” ਦੇ ਰੂਪ ਵਿਚ ਸਾਡੀ ਅਰਦਾਸ ਦਾ ਹਿੱਸਾ ਹੈ।

ਇਸ ਸਮਾਗਮ ਵਿਚ ਸ਼ਹੀਦ ਪਰਿਵਾਰਾਂ ਵੱਲੋਂ ਵੀ ਸ਼ਿਕਰਤ ਕੀਤੀ ਗਈ। ਪੰਥ ਸੇਵਕ ਸਖਸ਼ੀਅਤਾਂ ਭਾਈ ਦਲਜੀਤ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭੈਣ ਜੀ ਅਤੇ ਭਾਈਆ ਜੀ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਭੈਣ ਜੀ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ, ਸ਼ਹੀਦ ਭਾਈ ਸੁਖਵਿੰਦਰ ਸਿੰਘ ਉਰਫ ਕੇ. ਸੀ. ਸ਼ਰਮਾ ਦੇ ਭਰਾਤਾ, ਸ਼ਹੀਦ ਭਾਈ ਚੈਂਚਲ ਸਿੰਘ ਉੱਦੋਕੇ ਦੇ ਧਰਮ ਪਤਨੀ, ਸ਼ਹੀਦ ਭਾਈ ਸੁਖਦੇਵ ਸਿੰਘ (ਕੋਟ ਮੁਹੰਮਦ ਖਾਨ) ਦੇ ਭਰਾਤਾ ਅਤੇ ਸ਼ਹੀਦ ਭਾਈ ਸੁੱਖਾ-ਜਿੰਦਾ ਦੇ ਜੇਲ੍ਹ ਦੇ ਸਾਥੀ ਭਾਈ ਨਿਰਮਲ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਵਿਚ ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਪਰਮਜੀਤ ਸਿੰਘ ਗਾਜ਼ੀ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸ. ਮੇਜਰ ਸਿੰਘ ਚੌਤਾਲਾ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦੀ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਭਾਈ ਸ਼ਮਸ਼ੇਰ ਸਿੰਘ ਨੇ ਨਿਭਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: