ਸਿੱਖ ਖਬਰਾਂ

ਖਾੜਕੂ ਲਹਿਰ ਦੇ ਮਹਾਨ ਜਰਨੈਲ ਜਨਰਲ ਲਾਭ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਗੁਰਦੁਆਰਾ ਸਿੰਘ ਸਭਾ ਡੈਲਸ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ

By ਸਿੱਖ ਸਿਆਸਤ ਬਿਊਰੋ

July 15, 2015

ਡੈਲਸ, ਟੈਕਸਾਸ ( 15 ਜੁਲਾਈ, 2015): ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਅਤੇ ਨਵੰਬਰ 1984 ਵਿੱਚ ਪੂਰੇ ਭਾਰਤ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਅਤੇ ਭਾਰਤੀ ਸਿਸਟਮ ਦੇ ਸਮੁੱਚੇ ਸੰਚਾਲਕਾਂ ਵਲੋਂ ਬੇਇਨਸਾਫੀ ਭਰੀ ਰਵਾਇਤ ਹੀ ਸਿੱਖ ਖਾੜਕੂਧਾਰਾ ਦੀ ਚੜਤ ਦਾ ਕਾਰਨ ਬਣੀ ਸੀ। ਇਸ ਲਹਿਰ ਦੇ ਜੁਝਾਰੂ ਯੋਧੇ ਜਨਰਲ ਲਾਭ ਸਿੰਘ, ਜਿੰਨ੍ਹਾਂ ਨੇ ਖਾਲਸਾਈ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੱਕ, ਸੱਚ ਅਤੇ ਸਵੈਮਾਣ ਦੀ ਰਾਖੀ ਲਈ 12 ਜੁਲਾਈ, 1988 ਨੂੰ ਆਪਣੀ ਜਿੰਦ ਕੌਮ ਤੋਂ ਵਾਰ ਦਿੱਤੀ।

ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਯਾਦ ਕਰਦਿਆਂ ਲੰਘੇ ਹਫਤਾਅੰਤ ’ਤੇ ਗੁਰਦੁਆਰਾ ਸਿੰਘ ਸਭਾ ਡੈਲਸ, ਟੈਕਸਾਸ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ ਅਤੇ ਪੰਥਕ ਬੁਲਾਰਿਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਦਿਆਂ ਕੌਮ ਦੇ ਸ਼ਹੀਦਾਂ ਨੂੰ ਯਾਦ ਕੀਤਾ।

ਭਾਈ ਸੁਰਿੰਦਰ ਸਿੰਘ ਗਿੱਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਸੰਘਰਸ਼ ਦੇ ਅਮਰ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਜਦੋਂ ਵੀ ਕਿਸੇ ਜਰਵਾਣੇ ਨੇ ਪੰਥ ਨੂੰ ਲਲਕਾਰਿਆ ਤਾਂ ਇਸ ਦੇ ਜੁਝਾਰੂ ਯੋਧਿਆਂ ਨੇ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਆਂਚ ਨਹੀਂ ਆਉਣ ਦਿੱਤੀ।

ਉਨ੍ਹਾਂ ਕਿਹਾ ਕਿ ਜਨਰਲ ਲਾਭ ਸਿੰਘ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਨਿਕਟਵਰਤੀ ਸਨ ਅਤੇ ਸਿੱਖੀ ਜਜ਼ਬੇ ਨੂੰ ਪ੍ਰਣਾਏ ਹੋਏ ਸਨ। ਸ਼ਹੀਦ ਲਾਭ ਸਿੰਘ ਜਾਂਬਾਜ਼ੀ, ਸੂਰਮਤਾਈ ਅਤੇ ਕੁਰਬਾਨੀ ਦੇ ਪ੍ਰਤੀਕ ਸਨ। ਭਾਈ ਹਰਜੀਤ ਸਿੰਘ ਹੋਠੀ ਨੇ ਸ਼ਹੀਦਾਂ ਦੀ ਯਾਦ ਵਿੱਚ ਬੜੀ ਜ਼ੋਸ਼ੀਲੀ ਕਵਿਤਾ ਤਰਨਮ ਨਾਲ ਪੜ੍ਹੀ, ਜਿਸ ਦੇ ਬੋਲ ਸਨ- ਧਰਤ ਪੰਜਾਬ ਦੀ ਬੋਲਦੀ, ਮੇਰੀ ਸੁਣ ਲੈ ਪੁੱਤਰਾ ਤੂੰ, ਕਿਤੋਂ ਆ ਜਾਹ ਭਿੰਡਰਾਂਵਾਲਿਆ ਮੇਰੀ ਤੜਫ ਰਹੀ ਏ ਰੂਹ।

ਵਾਸ਼ਿੰਗਟਨ ਡੀ. ਸੀ. ਤੋਂ ਪਹੁੰਚੇ ਪੰਥ ਦੇ ਨਿਧੜਕ ਬੁਲਾਰੇ ਡਾਕਟਰ ਅਮਰਜੀਤ ਸਿੰਘ ਜੀ ਹੁਰਾਂ ਨੇ ਵਿਸੇਸ਼ ਤੌਰ ’ਤੇ ਇਸ ਸਮਾਗਮ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਸੰਗਤਾਂ ਨੂੰ ਮੁਖਾਤਿਬ ਹੁੰਦਿਆਂ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਅਤੇ ਕੌਮ ਨਾਲ ਆਪਣੇ ਤੇ ਬਿਗਾਨਿਆਂ ਵਲੋਂ ਕੀਤੀਆਂ ਜਾ ਰਹੀਆਂ ਧੋਖੇਧੜੀਆਂ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ, ਜਿਸ ਨੂੰ ਸੰਗਤਾਂ ਨੇ ਗਹਿਰੇ ਧਿਆਨ ਨਾਲ ਸੁਣਿਆ।

ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਜ਼ਾਦ ਹਸਤੀ ਸਦਾ ਹੀ ਹਿੰਦੂਆਂ ਨੂੰ ਚੁੱਭਦੀ ਹੈ ਤੇ ਉਹ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਤੋਂ ਕਦੇ ਨਹੀਂ ਉਕਦੇ। ਸਿੱਖੀ ਵਿਚਾਰਧਾਰਾ ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਰੰਭਕ ਸਮੇਂ ਤੋਂ ਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਜਬਰ-ਜ਼ੁਲਮ ਦੇ ਖਿਲਾਫ ਹਿੱਕ ਤਾਣ ਕੇ ਖਲੋਣ ਦੀ ਪ੍ਰੇਰਨਾ ਦਿੰਦੀ ਆ ਰਹੀ ਹੈ। ਸਿੱਖ ਧਰਮ, ਨਸਲਾਂ, ਸੱਭਿਆਚਾਰਾਂ ਦੇ ਭੇਦਭਾਵ ਤੋਂ ਉਪਰ ਉਠੱਦਿਆਂ ਸਰਬੱਤ ਦੇ ਭਲੇ ਦਾ ਮੁੱਦਈ ਹੈ।

ਉਨ੍ਹਾਂ ਆਪਣੇ ਵਿਚਾਰਾਂ ਨੂੰ ਸੀਮਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਜ਼ਮੀਨ ’ਤੇ ਸਿੱਖੀ ਦੇ ਬੁਨਿਆਦੀ ਅਸੂਲਾਂ ਨੂੰ ਮੁੜ ਸੁਰਜੀਤ ਕਰਨ ਲਈ ਬਿਪਰਵਾਦੀ ਅੰਧਵਿਸ਼ਵਾਸੀ ਕਰਮਕਾਂਡਾਂ, ਡੇਰਾਵਾਦ, ਬਾਬਾਵਾਦ ਦੀਆਂ ਜੜ•ਾਂ ਪੁੱਟਣੀਆਂ ਜ਼ਰੂਰੀ ਹਨ।

ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਦਾ ਇੱਕੋ-ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਬਗੈਰ ਨਹੀਂ ਹੋ ਸਕਦਾ। ਖਾਲਸਾ ਮੁਸ਼ਕਿਲਾਂ, ਮੁਸੀਬਤਾਂ, ਬਿਖੜੇ ਪੈਂਡੇ ਤੈਅ ਕਰਦਾ ਹੋਇਆ ਆਪਣੀ ਮੰਜ਼ਿਲੇ-ਮਕਸੂਦ, ਪੂਰਨ ਪ੍ਰਭੂਸਤਾ ਸੰਪੰਨ ਵੱਲ ਮਜ਼ਬੂਤ ਕਦਮਾਂ ਨਾਲ ਅੱਗੇ ਵਧ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਡਾਕਟਰ ਅਮਰਜੀਤ ਸਿੰਘ ਜੀ ਅਤੇ ਜਨਰਲ ਲਾਭ ਸਿੰਘ ਦੇ ਸਪੁੱਤਰ ਭਾਈ ਰਾਜੇਸ਼ਵਰ ਸਿੰਘ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: