ਵਿਦੇਸ਼

ਸਿਕਲੀਗਰ ਸਿੱਖਾਂ ਨੂੰ ਦਰਪੇਸ਼ ਮਸਲੇ ਦੇ ਹੱਲ ਲਈ 13 ਮਈ ਨੂੰ ਇੰਦੌਰ ਵਿਖੇ ਮੀਟਿੰਗ: ਬ੍ਰਿਟਿਸ਼ ਸਿੱਖ ਕੌਂਸਲ

By ਸਿੱਖ ਸਿਆਸਤ ਬਿਊਰੋ

May 10, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਭਾਰਤੀ ਉਪਮਹਾਂਦੀਪ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਚਰ ਰਹੇ ਸਿਕਲੀਗਰ ਸਿੱਖਾਂ ਦੀ ਆਰਥਿਕ ਦਸ਼ਾ ਸੁਧਾਰਣ ਲਈ ਯਤਨਸ਼ੀਲ ਬ੍ਰਿਟਿਸ਼ ਸਿੱਖ ਕੌਂਸਲ ਨੇ ਆਸ ਪ੍ਰਗਟਾਈ ਹੈ ਕਿ ਮੱਧ ਪ੍ਰਦੇਸ਼ ਵਿੱਚ ਨਿਸ਼ਾਨੇ ‘ਤੇ ਆਏ ਸਮੁੱਚੇ ਸਿਕਲੀਗਰ ਭਾਈਚਾਰੇ ਨੂੰ ਦਰਪੇਸ਼ ਮਸਲੇ ਦਾ ਹੱਲ 13 ਮਈ ਨੂੰ ਇੰਦੌਰ ਵਿਖੇ ਸਿੱਖ ਪ੍ਰਤੀਨਿਧਾਂ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਹੋਣ ਜਾ ਰਹੀ ਮੀਟਿੰਗ ਵਿੱਚ ਨਿਕਲ ਆਵੇਗਾ।

ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਅਖਬਾਰੀ ਬਿਆਨਾਂ ਤੀਕ ਹੀ ਸੀਮਤ ਹਨ

ਯੂ.ਕੇ. ਤੋਂ ਮੀਡੀਆ ਨਾਲ ਟੈਲੀਫੋਨ ‘ਤੇ ਗੱਲ ਕਰਦਿਆਂ ਬ੍ਰਿਟਿਸ਼ ਸਿੱਖ ਕੌਂਸਲ ਦੇ ਭਾਈ ਤਰਸੇਮ ਸਿੰਘ ਦਿਓਲ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਕਚੌਰੀ ਬਸਤੀ ਇਲਾਕੇ ਵਿੱਚ ਪੁਲਿਸ ਦੀਆਂ ਨਜ਼ਰਾਂ ਵਿੱਚ ਸਮੁੱਚਾ ਸਿਕਲੀਗਰ ਭਾਈਚਾਰਾ ਹੀ ਸ਼ੱਕੀ ਹੋ ਗਿਆ ਸੀ। ਪੁਲਿਸ ਨੇ ਆਪਣੀ ਤਾਕਤ ਦੀ ਵਰਤੋਂ ਕਰਦਿਆਂ ਬੇਦੋਸ਼ੇ ਸਿਕਲੀਗਰਾਂ ਨੂੰ ਜਦੋਂ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤਾਂ ਭੈਅ ਭੀਤ ਹੋਏ ਕੁਝ ਸਿਕਲੀਗਰ ਸਿੱਖਾਂ ਨੇ ਧਰਮ ਤੋਂ ਹੀ ਦੂਰ ਹੋਣ ਦੀ ਗੱਲ ਕਹਿ ਦਿੱਤੀ।

ਭਾਈ ਦਿਓਲ ਨੇ ਦੱਸਿਆ ਕਿ ਬ੍ਰਿਟਿਸ਼ ਸਿੱਖ ਕੌਂਸਲ ਨੇ ਹਜ਼ਾਰਾਂ ਮੀਲ ਦੀ ਦੂਰੀ ਤੋਂ ਵੀ ਮਧ ਪ੍ਰਦੇਸ਼ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਮੱਧ ਪ੍ਰਦੇਸ਼ ਨਾਲ ਰਾਬਤਾ ਬਣਾਇਆ ਤੇ ਮਸਲੇ ਦੇ ਹੱਲ ਲਈ ਯਤਨ ਆਰੰਭੇ। ਉਨ੍ਹਾਂ ਦੱਸਿਆ ਕਿ ਕੌਂਸਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਵੀ ਰਾਬਤਾ ਬਣਾਇਆ ਪਰ ਇਹ ਦੋਵੇਂ ਆਗੂ ਸਿਰਫ ਅਖਬਾਰੀ ਬਿਆਨਬਾਜ਼ੀ ਤੀਕ ਸੀਮਤ ਰਹੇ ਤੇ ਪੀੜਤ ਸਿਕਲੀਗਰਾਂ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਅਸੀਂ ਪ੍ਰਸ਼ਾਸਨ ਨੂੰ ਸਮਝਾਉਣ ਦੀ ਕੋਸਿਸ਼ ਕੀਤੀ ਸੀ ਕਿ ਸਰਕਾਰ ਨੂੰ ਬੇਰੁਜ਼ਗਾਰ ਸਿਕਲੀਗਰ ਸਿੱਖਾਂ ਦੇ ਰੁਜ਼ਗਾਰ ਸਬੰਧੀ ਸੋਚਣਾ ਬਣਦਾ ਹੈ ਪਰ ਪੁਲਿਸ ਤਾਂ ਹਰ ਕੰਮ ਡੰਡੇ ਦੇ ਜ਼ੋਰ ਨਾਲ ਕਰਨਾ ਲੋਚਦੀ ਹੈ। ਦਿਓਲ ਨੇ ਦੱਸਿਆ ਕਿ ਹੁਣ ਮੱਧ ਪ੍ਰਦੇਸ਼ ਦੇ ਗੁਰਦੁਆਰਾ ਸਾਹਿਬਾਨ ਦੇ ਕੁਝ ਆਗੂ ਸਿਕਲੀਗਰ ਸਿੱਖਾਂ ਦੀ ਮਦਦ ‘ਤੇ ਆਏ ਹਨ ਅਤੇ 13 ਮਈ ਨੂੰ ਇਸ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੌਂਸਲ ਸਿਕਲੀਗਰ ਸਿੱਖਾਂ ਨੂੰ ਸਿੱਖ ਕੌਮ ਦਾ ਅੰਗ ਸਵੀਕਾਰਦਿਆਂ ਉਨ੍ਹਾਂ ਦੀ ਆਰਥਿਕ ਮਦਦ ਕਰ ਰਹੀ ਹੈ ਤੇ ਕਰਦੀ ਰਹੇਗੀ।

ਸਬੰਧਤ ਖ਼ਬਰ: ਸਿਕਲੀਗਰ ਕਬੀਲੇ: ਇੱਕ ਨਜ਼ਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: