ਖਾਸ ਖਬਰਾਂ

ਹਿੰਦੁਤਵੀ ਅਸੀਮਾਨੰਦ ਦਾ ਬਰੀ ਹੋਣਾ: ਜਾਂਚ ਅਜੈਂਸੀ ਐਨ.ਆਈ.ਏ ਦੀ ਨਲਾਇਕੀ ਜਾ ਮਰਜ਼ੀ

By ਸਿੱਖ ਸਿਆਸਤ ਬਿਊਰੋ

April 25, 2018

ਨਵੀਂ ਦਿੱਲੀ: ਬੀਤੇ ਦਿਨੀਂ ਮੱਕਾ ਮਸਜਿਦ ਧਮਾਕਾ ਕੇਸ ਵਿਚ ਭਾਰਤੀ ਅਦਾਲਤ ਵਲੋਂ ਬਰੀ ਕੀਤੇ ਗਏ ਹਿੰਦੁਤਵੀ ਅਸੀਮਾਨੰਦ ਖਿਲਾਫ ਬਿਆਨ ਦਰਜ ਕਰਾਉਣ ਵਾਲੇ ਸ਼ੇਖ ਅਬਦੁਲ ਕਾਲੀਮ ਨੇ ਕਿਹਾ ਹੈ ਕਿ ਜੇ ਅਸੀਮਾਨੰਦ ਅਤੇ ਉਹ ਚੰਚਲਗੁੜਾ ਜੇਲ੍ਹ ਵਿਚ ਇਕੋ ਸਮੇਂ ਨਜ਼ਰਬੰਦ ਨਹੀਂ ਸਨ ਤਾਂ ਅਸੀਮਾਨੰਦ ਵਲੋਂ ਦਰਜ ਕਰਵਾਏ ਗਏ ਇਕਬਾਲੀਆ ਬਿਆਨ ਵਿਚ ਉਸਦਾ ਨਾਂ ਕਿਵੇਂ ਆਇਆ ਤੇ ਉਸਨੂੰ ਇਹ ਕਿਵੇਂ ਪਤਾ ਸੀ ਕਿ ਮੈਨੂੰ ਮੱਕਾ ਮਸਜਿਦ ਧਮਾਕਾ ਕੇਸ ਵਿਚ ਸ਼ਾਮਿਲ ਹੋਣ ਦੇ ਸ਼ੱਕ ਤਹਿਤ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਦਰਅਸਲ ਸੇਖ ਅਬਦੁਲ ਕਾਲੀਮ ਉਹ ਗਵਾਹ ਸੀ ਜਿਸ ਕੋਲ ਕਥਿਤ ਤੌਰ ‘ਤੇ ਅਸੀਮਾਨੰਦ ਨੇ ਮੱਕਾ ਮਸਜਿਦ ਧਮਾਕੇ ਵਿਚ ਆਪਣੀ ਸ਼ਮੂਲੀਅਤ ਨੂੰ ਕਬੂਲਿਆ ਸੀ। ਕਾਲੀਮ ਨੂੰ 2007 ਵਿਚ ਮੱਕਾ ਮਸਜ਼ਿਦ ਧਮਾਕਾ ਕੇਸ ਵਿਚ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ ਪਰ 2008 ਵਿਚ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਸੀ।

ਗੌਰਤਲਬ ਹੈ ਕਿ ਜਾਂਚ ਅਜੈਂਸੀ ਵਲੋਂ ਅਦਾਲਤ ਸਾਹਮਣੇ ਅਸੀਮਾਨੰਦ ਦਾ ਬਿਆਨ ਅਤੇ ਚਾਰਜਸ਼ੀਟ ਵਿਚ ਕਾਲੀਮ ਨੂੰ ਮੁੱਖ ਗਵਾਹ ਵਜੋਂ ਪੇਸ਼ ਕੀਤਾ ਗਿਆ ਸੀ ਜਿਹਨਾਂ ਦੋ ਪਹਿਲੂਆਂ ‘ਤੇ ਇਹ ਸਾਰਾ ਕੇਸ ਬਣਾਇਆ ਗਿਆ ਸੀ।

16 ਅਪ੍ਰੈਲ ਨੂੰ ਜੱਜ ਕੇ ਰਵਿੰਦਰ ਰੈਡੀ ਵਲੋਂ ਅਸੀਮਾਨੰਦ ਨੂੰ ਇਸ ਮੱਕਾ ਮਸਜ਼ਿਦ ਧਮਾਕਾ ਕੇਸ ਵਿਚੋਂ  ਬਰੀ ਕਰਨ ਦੇ ਦਿੱਤੇ ਫੈਂਸਲੇ ਵਿਚ ਕਿਹਾ ਕਿ ਜਾਂਚ ਅਜੈਂਸੀ ਇਹ ਸਾਬਿਤ ਕਰਨ ਵਿਚ ਨਾਕਾਮ ਰਹੀ ਹੈ ਕਿ ਕਾਲੀਮ ਅਤੇ ਇਕ ਹੋਰ ਮੁਸਲਿਮ ਨੌਜਵਾਨ ਮਕਬੂਲ ਬਿਨ ਅਲੀ ਅਸੀਮਾਨੰਦ ਨਾਲ ਇਕੋ ਸਮੇਂ ਚੰਚਲਗੁੜਾ ਜੇਲ੍ਹ ਵਿਚ ਨਜ਼ਰਬੰਦ ਸਨ।

ਸਬੰਧਿਤ ਖ਼ਬਰ: 2007 ਦੇ ਅਜਮੇਰ ਦਰਗਾਹ ਧਮਾਕੇ ‘ਚ ਅਸੀਮਾਨੰਦ ਬਰੀ, 3 ਹੋਰ ਦੋਸ਼ੀ ਕਰਾਰ

ਇਸ ਫੈਂਸਲੇ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਾਲੀਮ ਨੇ ਕਿਹਾ ਕਿ ਕਿਉਂ ਸੀਬੀਆਈ ਅਤੇ ਜਾਂਚ ਅਜੈਂਸੀ ਦੇ ਵਕੀਲਾਂ ਨੇ ਉਸ ਦੀ ਅਤੇ ਅਸੀਮਾਨੰਦ ਦੀ ਇਕੋ ਸਮੇਂ ਕੈਦ ਨੂੰ ਸਾਬਿਤ ਕਰਨ ਲਈ ਜੇਲ੍ਹ ਰਿਕਾਰਡ ਨਹੀਂ ਵਰਤੇ। ਕਾਲੀਮ ਨੇ ਕਿਹਾ, “ਕੀ ਇਹ ਸਾਬਿਤ ਕਰਨ ਐਨਾ ਔਖਾ ਹੈ ਕਿ ਉਹ ਦੋ ਲੋਕ ਜਿਹਨਾਂ ਨੂੰ ਚੰਚਲਗੁੜਾ ਜੇਲ੍ਹ ਵਿਚ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ, ਜਿੱਥੇ ਹਾਜ਼ਰੀਆਂ ਭਰੀਆਂ ਜਾਂਦੀਆਂ ਹਨ, ਰਿਕਾਰਡ ਸਾਂਭੇ ਜਾਂਦੇ ਹਨ ਅਤੇ ਕੈਦੀਆਂ ਨੂੰ ਨੰਬਰ ਦਿੱਤੇ ਜਾਂਦੇ ਹਨ, ਉਹ ਉੱਥੇ ਇਕੋ ਸਮੇਂ ਕੈਦ ਸਨ ਜਾ ਨਹੀਂ? ਲੋਕੇਸ਼ ਸ਼ਰਮਾ ਅਤੇ ਦੇਵੇਂਦਰ ਗੁਪਤਾ (ਮੱਕਾ ਮਸਜਿਦ ਧਮਾਕਾ ਕੇਸ ਦੇ ਦੋ ਹੋਰ ਦੋਸ਼ੀ) ਪਹਿਲਾਂ ਹੀ ਉੱਥੇ ਸਨ ਅਤੇ ਫੇਰ ਅਸੀਮਾਨੰਦ ਉੱਥੇ ਆਇਆ। ਸ਼ਰਮਾ ਅਤੇ ਗੁਪਤਾ ਨੂੰ ਹੋਰ ਥਾਂ ਰੱਖਿਆ ਗਿਆ ਅਤੇ ਸਿਰਫ ਅਸੀਮਾਨੰਦ ਹੀ ਬੈਰਕ ਵਿਚ ਸੀ। ਅਸੀਂ ਕੁਝ ਦਿਨ ਇਕੱਠੇ ਰਹੇ ਅਤੇ ਇਹ ਇਕ ਤੱਥ ਹੈ। ਇਹ ਸਭ ਹੀ ਮੈਂ ਅਦਾਲਤ ਨੂੰ ਦੱਸਿਆ ਸੀ। ਮੈਂ ਇਹ ਸਭ ਅਜਮੇਰ ਅਦਾਲਤ ਵਿਚ ਵੀ ਅਤੇ ਪੰਚਕੂਲਾ ਅਦਾਲਤ ਵਿਚ ਵੀ ਦੱਸਿਆ ਜਿੱਥੇ ਜਾਂਚ ਅਜੈਂਸੀ ਵਲੋਂ ਮੈਨੂੰ ਗਵਾਹ ਬਣਾਇਆ ਗਿਆ ਸੀ।

ਕਾਲੀਮ ਨੂੰ ਪਹਿਲਾਂ 2007 ਤੋਂ 2008 ਦੇ ਦਰਮਿਆਨ ਚੇਰਲਾਪਾਲੀ ਜੇਲ੍ਹ ਵਿਚ ਰੱਖਿਆ ਗਿਆ ਸੀ ਜਿੱਥੋਂ ਉਸਨੂੰ ਅਦਾਲਤ ਨੇ ਬਰੀ ਕੀਤਾ ਸੀ। ਦੂਜੀ ਵਾਰ ਇਕ ਕੇਸ ਵਿਚ 12 ਅਕਤੂਬਰ 2010 ਨੂੰ ਗ੍ਰਿਫਤਾਰ ਕੀਤੇ ਗਏ ਕਾਲੀਮ ਨੂੰ ਨਿਆਇਕ ਹਿਰਾਸਤ ਵਿਚ ਚੰਚਲਗੁੜੀ ਜੇਲ੍ਹ ਰੱਖਿਆ ਗਿਆ ਸੀ ਜਿੱਥੇ ਉਸਨੇ ਆਪਣੀ ਮੁਲਾਕਾਤ ਅਸੀਮਾਨੰਦ ਨਾਲ ਹੋਣ ਦਾ ਦਾਅਵਾ ਕੀਤਾ ਹੈ।

ਜਿਕਰਯੋਗ ਹੈ ਕਿ 18 ਮਈ, 2017 ਨੂੰ ਹੈਦਰਾਬਾਦ ਦੀ ਮੱਕਾ ਮਸਜਿਦ ਵਿਚ ਹੋਏ ਬੰਬ ਧਮਾਕੇ ਵਿਚ 9 ਲੋਕ ਮਾਰੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: