ਖਾਸ ਖਬਰਾਂ » ਸਿਆਸੀ ਖਬਰਾਂ

ਬ੍ਰੇਕਿੰਗ ਨਿਊਜ ਦੇ ਕਾਰਖਾਨਿਆਂ ਦਾ ਨਵਾਂ ਕਾਰਨਾਮਾ: ਆਪ ਵਿਧਇਕਾਂ ਦੇ ਮਾਮਲੇ ‘ਤੇ ਮੀਡੀਆ ਦੀ ਗਲਤ ਬਿਆਨੀ

March 25, 2018 | By

ਨਵੀਂ ਦਿੱਲੀ: ਸਿਆਣਿਆਂ ਦਾ ਕਹਿਣਾ ਹੈ ਕਿ ਕਾਹਲੀ ਅੱਗੇ ਟੋਏ ਤੇ ਜੇਕਰ ਅੱਜ ਕੱਲ ਦੇ ਖਬਰਾਂ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਇਹ ਗੱਲ ਬੜੀ ਢੁਕਵੀਂ ਲੱਗਦੀ ਹੈ। ਖਬਰ ਕਾਰੋਬਾਰੀਆਂ ਵਿੱਚ ਇਕ ਦੂਜੇ ਤੋਂ ਪਹਿਲਾਂ ਖਬਰ ਨਸ਼ਰ ਕਰਨ ਲਈ ਦੌੜ ਲੱਗੀ ਰਹਿੰਦੀ ਹੈ। ਬਹੁਤੀ ਵਾਰ ਤਾਂ ਪੂਰੀ ਜਾਣਕਾਰੀ ਆਉਣ ਦੀ ਵੀ ਉਡੀਕ ਨਹੀਂ ਕੀਤੀ ਜਾਂਦੀ ਤੇ ਫਟਾ-ਫਟ ‘ਬ੍ਰੇਕਿੰਗ ਨਿਊਜ਼’ ਚੇਪ ਦਿੱਤੀ ਜਾਂਦੀ ਹੈ। ਫਿਰ ਤਟ-ਫਟ ਉਸ ਬ੍ਰੇਕਿੰਗ ਨਿਊਜ਼ ਤੇ ਮਾਹਿਰਾਂ ਦੀ ਰਾਏ, ਸਿਆਸੀ ਨੁਮਾਇੰਦਿਆਂ ਦੀਆਂ ਟੀਕਾ-ਟਿੱਪਣੀਆਂ ਵਿਖਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਬਹੁਤ ਵਾਰ ਇੰਝ ਹੁੰਦਾ ਹੈ ਕਿ ਬਾਅਦ ਵਿਚ ਉਹੀ ‘ਬ੍ਰੇਕਿੰਗ ਨਿਊਜ਼’ ਗਲਤ ਸਾਬਤ ਹੋ ਜਾਂਦੀ ਹੈ। ਲੱਗਦਾ ਹੈ ਕਿ ਪਹਿਲਾਂ ਖਬਰ ਵਿਖਾਉਣ ਦੀ ਦੌੜ ਦੌੜਦਿਆਂ ਮੀਡੀਆ ਅਦਾਰੇ ਠੇਡਾ ਖਾ ਕੇ ਮੂਹਦੇ-ਮੂੰਹ ਡਿੱਗ ਪੈਣ ਦਾ ਖਿਆਲ ਬਿਲਕੁਲ ਹੀ ਭੁੱਲ ਗਏ ਹਨ।

ਮੀਡੀਆ ਕਾਰੋਬਾਰ ਦੀ ਇਸ ਕਾਹਲ ਇਕ ਪ੍ਰਤੱਖ ਨਮੂਨਾ ਬੀਤੇ ਦਿਨੀਂ ਉਸ ਵੇਲੇ ਸਾਹਮਣੇ ਆਇਆ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਬਾਰੇ ਦਿੱਲੀ ਹਾਈ ਕੋਰਟ ਵੱਲੋਂ ਫੈਸਲਾ ਸੁਣਾਇਆ ਜਾਣਾ ਸੀ। ਜਿਵੇਂ ਹੀ ਇਹ ਜਾਣਕਾਰੀ ਅਦਾਲਤ ਤੋਂ ਬਾਹਰ ਆਈ ਕਿ ਫੈਸਲਾ ਆ ਗਿਆ ਹੈ ਤਾਂ “ਆਜ ਤਕ”, “ਇੰਡੀਆ ਟੂਡੇ” ਤੇ ਅਰਨਬ ਗੋਸਵਾਮੀ ਦੇ “ਰਿਪਬਲਿਕ ਟੀ. ਵੀ.” ਸਮੇਤ ਹੋਰ ਬਹੁਤ ਸਾਰੇ ਅਦਾਰਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ।

ਆਲਟ ਨਿਊਜ਼ ਨਾਮੀ ਅਦਾਰੇ ਵੱਲੋਂ ਇਸ ਬਾਰੇ ਨਸ਼ਰ ਕੀਤੇ ਗਏ ਤੱਥ ਦਰਸਾਉਂਦੇ ਹਨ ਕਿ ਬ੍ਰੇਕਿੰਗ ਨਿਊਜ਼ ਦੀ ਦੌੜ ਵਿੱਚ ਉਸ ਦਿਨ ਕਿੰਨੇ ਹੀ ਵੱਡੇ ਮੀਡੀਆ ਅਦਾਰਿਆਂ ਨੇ ਠੇਡੇ ਖਾਧੇ।

“ਆਜ ਤੱਕ” ਨੇ ਆਪਣੇ ਸਿੱਧੇ ਪਰਸਾਰਣ ਦੌਰਾਨ ਪਹਿਲਾਂ ਇਹ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦੇਂਦਿਆਂ ਦਿੱਲੀ ਹਾਈ ਕੋਰਟ ਨੇ 20 ਆਪ ਵਿਧਾਇਕਾਂ ਨੂੰ ਦੂਹਰੇ ਲਾਭ ਦੇ ਮਾਮਲੇ ਕਰਕੇ ਅਯੋਗ ਕਰਾਰ ਦੇ ਦਿੱਤਾ ਹੈ। ਫਿਰ ਇਹ ਦਾਅਵਾ ਕੀਤਾ ਕਿ ਇਹ ਖਬਰ ਦਰਸ਼ਕਾਂ ਤੱਕ ਸਭ ਤੋਂ ਪਹਿਲਾਂ ਆਜ ਤੱਕ ਵੱਲੋਂ ਪਹੁੰਚਾਈ ਜਾ ਰਹੀ ਹੈ। ਫਿਰ ਇਸ ਬਾਰੇ ਦਿੱਲੀ ਹਾਈ ਕੋਰਟ ਦੇ ਬਾਹਰ ਮੌਜੂਦ ਆਜ ਤੱਕ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ ਤੇ ਅੱਗਿਓਂ ਉਸ ਨੇ ਵੀ ਇਸੇ ਤਾਜ਼ਾ ਖਬਰ ਦੀ ਪ੍ਰੋੜਤਾ ਕੀਤੀ। ਫਿਰ ਸਿਆਸੀ ਮਾਹਿਰਾਂ ਤੇ ਨੁਮਾਇੰਦਿਆਂ ਦੀਆਂ ਟਿੱਪਣੀਆਂ ਸ਼ੁਰੂ ਹੋ ਗਈਆਂ। ਕੁਝ ਦੇਰ ਬਾਅਦ ਖਬਰ ਪੇਸ਼ਕਾਰ ਨੇ ਕਿਹਾ ਕਿ ਇੱਥੇ ਕੁਝ ਦੁਬਿਧਾ ਆ ਰਹੀ ਹੈ ਤੇ ਫਿਰ ਇਹ ਐਲਾਨ ਕਰ ਦਿੱਤਾ ਕਿ “ਅਦਾਲਤ ਤੋਂ ਬਾਹਰ ਆਉਂਦਿਆਂ-ਆਉਂਦਿਆਂ ਫੈਸਲਾ ਬਦਲ ਗਿਆ ਹੈ” ਤੇ ਆਮ ਆਦਮੀ ਪਾਰਟੀ ਨੂੰ ਹਾਈ ਕੋਰਟ ਵਿੱਚੋਂ ਵੱਡੀ ਰਾਹਤ ਮਿਲੀ ਹੈ ਕਿਉਂਕਿ ਹਾਈ ਕੋਰਟ ਨੇ ਚੋਣ ਕਮਿਸ਼ਨ ਵੱਲੋਂ ਬਰਖਾਸਤ ਕੀਤੇ ਆਪ ਦੇ 20 ਵਿਧਾਇਕ ਬਹਾਲ ਕਰ ਦਿੱਤੇ ਹਨ।

ਆਜ ਤੱਕ ਦੇ ਭਰਾਤਰੀ ਅਦਾਰੇ ਇੰਡੀਆ ਟੂਡੇ ਨੇ ਵੀ ਆਪ ਵਿਧਾਇਕਾਂ ਬਾਰੇ ਆਜ ਤੱਕ ਵਰਗੀ ਹੀ ਬ੍ਰੇਕਿੰਗ ਨਿਉਜ਼ ਦਿੱਤੀ। ਇੰਡੀਆ ਟੂਡੇ ਨੇ 2 ਵੱਜ ਕੇ 24 ਮਿੰਟ ਉੱਤੇ ਟਵੀਟ ਕੀਤੀ ਕਿ: #ਬ੍ਰੇਕਿੰਗ ਆਪ ਨੂੰ ਵੱਡਾ ਝਟਕਾ; ਦਿੱਲੀ ਹਾਈ ਕਰੋਟ ਨੇ ਆਪ ਦੇ 20 ਵਿਧਾਇਕ ਅਯੋਗ ਐਲਾਨੇ। (ਅੰਰਗੇਜ਼ੀ ਤੋਂ ਪੰਜਾਬੀਚ ਉਲੱਥਾ)

ਇਹੀ ਕਾਰਾ ਪੱਤਰਕਾਰ ਅਰਨਬ ਗੋਸਵਾਮੀ ਦੇ ਚੈਨਲ ਰਿਪਬਲਿਕ ਟੀਵੀ ਨੇ ਕੀਤਾ। ਰਿਪਬਲਿਕ ਟੀ. ਵੀ. ਨੇ 2 ਵੱਜ ਕੇ 25 ਮਿੰਟ ‘ਤੇ ਟਵੀਟ ਕੀਤਾ ਕਿ: #ਆਪਦਾਲਾਭਵਾਲਾਦਫਤਰ: ਆਪ ਵਿਧਾਇਕ ਅਯੋਗ ਕਰਾਰ, ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ। (ਅੰਰਗੇਜ਼ੀ ਤੋਂ ਪੰਜਾਬੀ ਚ ਉਲੱਥਾ)

ਇਸੇ ਤਰ੍ਹਾਂ ਟਾਈਮਜ਼ ਨਾਓ ਨੇ ਵੀ ਆਪ ਵਿਧਾਇਕਾਂ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ ਨਾ ਮਿਲਣ ਦੀ ਖਬਰ ਵਿਖਾਈ ਤੇ ਨਾਲ ਹੀ #ਆਪਦਾਧੋਖਾ ਹੈਸ਼ਟੈਗ ਚਲਾਇਆ।

ਹਾਈ ਕੋਰਟ ਦੇ ਫੈਸਲੇ ਬਾਰੇ ਇੰਡੀਆ ਟੀ. ਵੀ. ਨੇ ਵੀ ਖਬਰ ਨਸ਼ਰ ਕੀਤੀ ਕਿ ਹਾਈ ਕੋਰਟ ਨੇ ਆਪ ਵਿਧਾਇਕਾਂ ਨੂੰ ਬਰਖਾਸਤ ਕਰਨ ਬਾਰੇ ਚੋਣ ਕਮਿਸ਼ਨ ਦੇ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ।

ਬ੍ਰੇਕਿੰਗ ਨਿਊਜ਼ ਦੇ ਕਾਰੋਬਾਰੀਆਂ ਲਈ ਸ਼ਾਇਦ ਤੱਥ ਕੁਝ ਮਾਇਨੇ ਨਹੀਂ ਰੱਖਦੇ। ਹਾਲ ਵਿੱਚ ਹੀ ਭਾਰਤੀ ਮੀਡੀਆ ਦੇ ਇੱਕ ਹਿੱਸੇ ਨੇ ਲਾਲੂ ਪਰਸਾਦ ਯਾਦਵ ਨੂੰ ਸਜ਼ਾ ਮਿਲਣ ਤੋਂ ਪਹਿਲਾਂ ਉਸ ਦੇ ਬਰੀ ਹੋ ਜਾਣ ਦਾ ਫੈਸਲਾ ਸੁਣਾ ਦਿੱਤਾ ਸੀ ਤੇ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਦੇ ਕਾਰਨਾਂ ਦਾ ਐਲਾਨ ਵੀ ਪੋਸਟਮਾਰਟਮ ਦੀ ਰਿਪੋਰਟ ਤੋਂ ਪਹਿਲਾਂ ਹੀ ਕਰ ਦਿੱਤਾ ਸੀ। ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੇ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਬਾਰੇ ਭਾਰਤੀ ਅਦਾਲਤ ਵੱਲੋਂ ਫੈਸਲਾ ਸੁਣਾਉਣ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਬਿਆਨ ਦੇਣ ਤੋਂ ਬਾਅਦ ਇਕ ਭਾਰਤੀ ਟੀ. ਵੀ. ਚੈਚਨ ਨੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਦੱਸਦਿਆਂ ਆਪਣੇ ਵੱਲੋਂ ‘ਵੱਡੇ ਸਵਾਲ’ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ ਪੰਜਾਬੀ ਰਸਾਲੇ ਵੰਗਾਰ ‘ਤੇ ਕਸ਼ਮੀਰੀ ਲੜਾਕੇ ਬੁਰਹਾਨਵਾਨੀ ਦੀ ਤਸਵੀਰ ਵੇਖਣ ਤੋਂ ਬਾਅਦ ਜ਼ੀ ਨਿਊਜ਼ ਨਾਮੀ ਭਾਰਤੀ ਚੈਨਲ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਵੰਗਾਰ ਰਸਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ ਛਾਪਿਆ ਜਾਂਦਾ ਹੈ।

ਬੀਤੇ ਸਮੇਂ ਦੌਰਾਨ ਰਿਪਬਲਿਕ ਟੀ. ਵੀ. ਨੇ ਤਾਂ ਮੈਲਬਰਨ (ਆਸਟ੍ਰੇਲੀਆ) ਤੋਂ ਚੱਲਦੇ ਇਕ ਪੰਜਾਬੀ ਰੇਡੀਓ “ਕੌਮੀ ਆਵਾਜ਼” ਵੱਲੋਂ ਆਪਣੇ ਫੇਸਬੁੱਕ ਪੰਨੇ ‘ਤੇ ਸਿੱਧੀ ਵਿਖਾਈ ਗਈ ਇਕ ਵੀਡੀਓ ਨੂੰ ਕਈ ਦਿਨ ਬਾਅਦ ਟੀ. ਵੀ. ‘ਤੇ ਵਿਖਾ ਕੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਵੀਡੀਓ ਸਿਰਫ ਅਤੇ ਖਾਸ ਤੌਰ ‘ਤੇ ਰਿਪਲਿਕ ਟੀ. ਵੀ. ਨੂੰ ਹਾਸਲ ਹੋਈ ਹੈ। ਸੋ ਕਾਰੋਬਾਰ ਸਿਰਫ ਕਾਹਲੀ ਵਿੱਚ ਗਲਤੀ ਕਰ ਜਾਣ ਜਾਂ ਜਾਣਬੁੱਝ ਕੇ ਗਲਤ ਬਿਆਨੀ ਕਰਨ ਦਾ ਹੀ ਨਹੀਂ ਹੈ ਸਗੋਂ ਚੋਰੀ ਕਰਨ ਤੇ ਉਸ ਨੂੰ ਧੜੱਲੇ ਨਾਲ ਆਪਣਾ ਕੀਤਾ ਕੰਮ ਦਰਸਾਉਣ ਦਾ ਵੀ ਹੈ।

ਆਪ ਵਿਧਾਇਕਾਂ ਵਾਲੇ ਮਾਮਲੇ ਵਿੱਚ ਭਾਵੇਂ ਮੀਡੀਆ ਅਦਾਰਿਆਂ ਨੂੰ ਆਪਣੀ ਗਲਤ ਬਿਆਨੀ ਮੰਨਣੀ ਪੈ ਗਈ ਸੀ ਬਹੁਤੇ ਮਾਮਲਿਆਂ ਵਿੱਚ ਇਹ ਅਦਾਰੇ ਆਪਣੀ ਗਤਲ ਬਿਆਨੀ ਨੂੰ ਤਸਲੀਮ ਹੀ ਨਹੀਂ ਕਰਦੇ ਤੇ ਉਸੇ ਗਲਤ ਬਿਆਨੀ ਨੂੰ ਹੀ ਸੱਚ ਤੇ ਤੱਥ ਬਣਾ ਕੇ ਪੇਸ਼ ਕਰਦੇ ਰਹਿੰਦੇ ਹਨ।

ਬ੍ਰੇਕਿੰਗ ਨਿਊਜ ਦੇ ਅਜਿਹੇ ਕਾਰਖਾਨਿਆਂ ਤੋਂ ਪਾਠਕਾਂ ਤੇ ਦਰਸ਼ਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: