ਸਿਆਸੀ ਖਬਰਾਂ

ਭਾਈ ਦਲਜੀਤ ਸਿੰਘ ਦਾ ਸੰਦੇਸ਼ (ਜੋ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚੋਂ ਰਿਹਾਈ ਮੌਕੇ ਜਾਰੀ ਕੀਤਾ ਗਿਆ)

By ਬਲਜੀਤ ਸਿੰਘ

February 28, 2012

ਅੱਜ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿਚੋਂ ਸਿੱਖ ਆਗੂ ਭਾਈ ਦਲਜੀਤ ਸਿੰਘ ਜੀ ਦੀ ਰਿਹਾਈ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਭਾਈ ਦਲਜੀਤ ਸਿੰਘ ਦਾ ਇਕ ਸੰਦੇਸ਼ ਜਾਰੀ ਕੀਤਾ ਗਿਆ। ਸਿੱਖ ਸਿਆਸਤ ਨੂੰ ਇਸ ਸੰਦੇਸ਼ ਦੀ ਨਕਲ ਪੰਚ ਪ੍ਰਧਾਨੀ ਦੇ ਲੋਕ ਸੰਪਰਕ ਨੁਮਾਇੰਦੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਰਾਹੀਂ ਹਾਸਲ ਹੋਈ ਹੈ। ਅਸੀਂ ਇਸ ਸੰਦੇਸ਼ ਨੂੰ ਇੰਨ-ਬਿੰਨ ਹੇਠਾਂ ਛਾਪਣ ਦੀ ਖੁਸ਼ੀ ਲੈ ਰਹੇ ਹਾਂ: ਸੰਪਾਦਕ।

ਗੁਰੂ ਸਾਹਿਬਾਨ ਨੇ ਆਦਰਸ਼ ਮਨੁੱਖ, ਸਮਾਜ ਅਤੇ ਰਾਜ ਦੀ ਸਿਰਜਣਾ ਦਾ ਜੋ ਨਿਆਰਾ ਪੈਗਾਮ ਦਿੱਤਾ ਉਸ ਦੀ ਪੂਰਣਤਾ ਲਈ ਸਮੁੱਚੇ ਰੂਪ ਵਿਚ ਵੱਖਰੇ ਪ੍ਰਬੰਧ ਦੀ ਲੋੜ ਹੈ।ਇਸ ਇਤਿਹਾਸਕ ਧਰਤੀ ਤੇ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿਚ ਵੀ ਕਾਬਜ਼ ਪਦਾਰਥਵਾਦੀ ਰਾਜਸੀ ਪ੍ਰਬੰਧਾਂ ਦਾ ਗੁਰਮਤਿ ਵਿਚਾਰਧਾਰਾ ਨਾਲ ਬੁਨਿਆਦੀ ਰੂਪ ਵਿਚ ਟਕਰਾਅ ਰਿਹਾ ਹੈ।ਮੁਗਲਾਂ ਨੇ ਗੁਰਮਤਿ ਵਿਚਾਰਧਾਰਾ ਨੂੰ ਨਸ਼ਲਕੁਸ਼ੀ ਕਰਕੇ ਅਤੇ ਅੰਗਰੇਜ਼ਾਂ ਨੇ ਨਿਆਰੀ ਪਹਿਚਾਣ ਨੂੰ ਪੇਤਲਾ ਪਾ ਕੇ ਖਤਮ ਕਰਨ ਦਾ ਤਰੀਕਾ ਅਪਣਾਇਆ।ਹੁਣ ਬ੍ਰਾਹਮਣਵਾਦੀ (ਭਾਰਤੀ) ਯੂਨੀਅਨ ਦੋਵੇਂ ਤਰੀਕੇ ਅਪਣਾ ਰਹੀ ਹੈ। ਭਾਰਤੀ ਹਕੂਮਤ ਇਕ ਪਾਸੇ ਵੇਲਾ ਵਿਹਾ ਚੁੱਕੇ ਜਾਤੀ ਪ੍ਰਬੰਧ ਨੂੰ ਵੀ ਲਾਗੂ ਕਰਨਾ ਚਾਹੂੰਦੀ ਹੈ ਤੇ ਦੂਜੇ ਪਾਸੇ ਅਧੁਨਿਕ ਯੂਰਪੀਅਨ ‘ਇਕ ਕੌਮ ਇਕ ਦੇਸ਼’ ਵਾਲੇ ਮਾਡਲ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ ਜਿਸ ਕਰਕੇ ਇਸ ਨੂੰ ਖਾਲਸਾ ਪੰਥ ਦੋਵਾਂ ਪੱਖਾਂ ਤੋਂ ਦੁਸ਼ਮਣ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਇਹ ਦੋਵੇਂ ਤਰੀਕੇ ਅਪਣਾ ਰਹੇ ਹਨ।ਇਕ ਪੱਖੋਂ ਸਾਨੂੰ ਖਤਮ ਵੀ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਆਪਣੇ ਵਿਚ ਜਜ਼ਬ ਵੀ ਕਰਨਾ ਚਾਹੁੰਦਾ ਹੈ।

ਭਾਰਤੀ ਸਟੇਟ ਆਪਣੇ ਆਪ ਨੂੰ ਯੂਨੀਅਨ ਵੀ ਐਲਾਨਦੀ ਹੈ ਅਤੇ ਦੂਜੇ ਪਾਸੇ ਇਕ-ਕੌਮੀ ਲੋਕਤੰਤਰ ਵੀ।ਇਹ ਲੋਕਤੰਤਰ ਦੇ ਨਾਂ ਤੇ ਰਚਿਆ ਗਿਆ ਇਕ ਬਹੁਤ ਵੱਡਾ ਧੋਖਾ ਹੈ, ਜੋ ਏਕਤਾ, ਅਖੰਡਤਾ ਅਤੇ ਸੁਰੱਖਿਆ ਦੇ ਨਾਂ ਹੇਠ ਅਨੇਕਾਂ ਸਭਿਆਚਾਰਕ, ਧਾਰਮਕ ਅਤੇ ਕੌਮੀ ਸਮੂਹਾਂ ਦੀ ਅਜ਼ਾਦੀ ਨੂੰ ਕੁਚਲ ਰਿਹਾ ਹੈ। ਕਸ਼ਮੀਰੀ, ਨਾਗੇ, ਮੀਜੋ, ਤਾਮਲ ਤੇ ਮਾਓਵਾਦੀ ਲੋਕਾਂ ਦੀ ਬਗਾਵਤ ਇਸ ਦਾ ਸਬੂਤ ਹੈ। ਆਪਣੇ ਤਰੀਕੇ ਨਾਲ ਜੀਣਾ ਹਰ ਮਨੁੱਖੀ ਭਾਈਚਾਰੇ ਦਾ ਕੁਦਰਤੀ ਹੱਕ ਹੈ। ਅਸੀਂ ਵੀ ਇਹ ਹੱਕ ਆਪਣੇ ਗੁਰੂ ਆਸ਼ੇ ਅਨੁਸਾਰ ਚਾਹੁੰਦੇ ਹਾਂ।

ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਅਤੇ ਰਾਜਧਾਨੀ ਦਾ ਮਸਲਾ, ਪੰਜਾਬ ਫੈਲੇ ਡੇਰਾਵਾਦ ਅਤੇ ਨਸ਼ੇ ਆਦਿ-ਇਹ ਸਾਰੇ ਇਕ ਤਰ੍ਹਾਂ ਨਾਲ ਖਾਲਸਾ ਪੰਥ ਦੀ ਅਜ਼ਾਦੀ ਨੂੰ ਹਰ ਤਰ੍ਹਾਂ ਨਾਲ ਖਤਮ ਕਰਨ ਦੇ ਵੱਡੇ ਮਨਸੂਬੇ ਦਾ ਹਿੱਸਾ ਹਨ। ਇਹਨਾਂ ਸਾਰਿਆਂ ਹਮਲਿਆਂ ਦਾ ਇਕੋ ਹੱਲ ਹੈ ਜੋ ਗੁਰੂ ਦੀ ਕਿਰਪਾ ਨਾਲ ਇਤਿਹਾਸ ਵਲੋਂ ਤੈਅ ਹੋ ਚੁੱਕਾ ਹੈ ਅਤੇ ਵਰਤਮਾਨ ਖਾੜਕੂ ਲਹਿਰ ਨੇ ਜਿਸ ਤੇ ਮੋਹਰ ਲਾ ਦਿੱਤੀ ਹੈ ਕਿ ਖਾਲਸਤਾਨ ਬਿਨਾਂ ਸਿੱਖਾਂ ਦਾ ਅਜ਼ਾਦੀ ਨਾਲ ਜੀਣ ਦਾ ਸੁਪਨਾ ਸੰਭਵ ਨਹੀਂ ਹੈ। ਪਿਛਲੇ ਸਮੇਂ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਡੇਰੇਦਾਰਾਂ ਦੀ ਪੁਸ਼ਤ-ਪਨਾਹੀ ਕੀਤੀ ਹੈ ਅਤੇ ਜਿਸ ਤਰ੍ਹਾਂ ਝੂਠੇ ਪੁਲਸ ਮੁਕਾਬਲੇ ਬਣਾਏ ਹਨ ਅਤੇ ਹੁਣ ਫੇਰ ਝੂਠੇ ਕੇਸ ਪਾਏ ਹਨ ਹਨ, ਇਹਨਾਂ ਗੱਲਾਂ ਨੇ ਸਾਡੇ ਅਜ਼ਾਦੀ ਦੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ ਹੈ ਅਤੇ ਭਾਰਤੀ ਲੋਕਤੰਤਰ ਦੇ ਥੋਥੇਪਣ ਨੂੰ ਜ਼ਾਹਰ ਕੀਤਾ ਹੈ।

ਵਿਚਾਰਧਾਰਕ ਤੌਰ ਤੇ ਇਹ ਰਾਜਸੀ ਪ੍ਰਬੰਧ ਇਤਿਹਾਸ ਵਿਚ ਆਪਣੀਆਂ ਸੀਮਾਵਾਂ ਹੰਢਾ ਚੁੱਕੇ ਹਨ ਜਿਸ ਕਰਕੇ ਇਕ ਪਾਸੇ ਮਨੁੱਖਤਾ ਦੇ ਆਪਸੀ (ਰਾਜਸੀ-ਸਭਿਆਚਰਕ) ਟਕਰਾਵਾਂ ਅਤੇ ਦੂਜੇ ਪਾਸੇ ਤਰੱਕੀ ਦੇ ਨਾਂ ਹੇਠ ਕੁਦਰਤ ਨਾਲ ਟਕਰਾਵਾਂ ਨੇ ਵੱਡੇ ਮਸਲੇ ਖੜ੍ਹੇ ਕਰ ਦਿੱਤੇ ਹਨ।ਇਹਨਾਂ ਮਸਲਿਆਂ ਦੇ ਹੱਲ ਲਈ ਨਵੇਂ ਰਾਜਸੀ ਪ੍ਰਬੰਧ ਦੀ ਲੋੜ ਪੂਰੀ ਦੁਨੀਆਂ ਨੂੰ ਮਹਿਸੂਸ ਹੋ ਰਹੀ ਹੈ। ਸਰਬਤ ਦੇ ਭਲੇ, ਸਾਂਝੀਵਾਲਤਾ ਅਤੇ ਸਹਿਹੋਂਦ ਦੀਆਂ ਕੀਮਤਾਂ ਕਰਕੇ ਗੁਰਮਤਿ ਮਾਡਲ ਤੀਸਰੇ ਬਦਲ ਦੀ ਸੰਭਵਨਾ ਰੱਖਦਾ ਹੈ।ਇਸ ਮਾਡਲ ਨੂੰ ਦੁਨੀਆਂ ਦੇ ਭਲੇ ਲਈ ਅਤੇ ਆਪਣੇ ਜੀਣ ਲਈ ਸਾਨੂੰ ਆਪਣੇ ਦੇਸ਼ ਦੀ ਲੋੜ ਹੈ।

 ਅਸੀਂ ਸਾਰੇ ਅਜ਼ਾਦੀ-ਪਸੰਦ ਅਤੇ ਨਿਆਂ-ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਰੇ ਰਲਕੇ ਇਸ ਜ਼ੁਲਮ ਦੇ ਰਾਜਸੀ ਅਡੰਬਰ ਨੂੰ ਤੋੜੀਏ ਤਾਂ ਕਿ ਕਰੋੜਾਂ ਮਾਸੂਮ ਤੇ ਮਜ਼ਲੂਮ ਲੋਕ ਅਜ਼ਾਦੀ ਦਾ ਅਹਿਸਾਸ ਕਰ ਸਕਣ ਜੋ ਉਹਨਾਂ ਦਾ ਕੁਦਰਤੀ ਹੱਕ ਹੈ। ਸਾਨੂੰ ਗੁਰੁ ਸਾਹਿਬ ਨੇ ਸਰਬੱਤ ਦੇ ਭਲੇ ਦਾ, ਸਰਬ ਸਾਂਝੀਵਾਲਤਾ ਦਾ ਅਤੇ ਜੀਓ ਤੇ ਜੀਣ ਦਿਓ ਦਾ ਸਬਕ ਸਿਖਾਇਆ ਹੈ ਅਸੀਂ ਹਰ ਹਾਲ ਵਿਚ ਇਸ ਤੇ ਪਹਿਰਾ ਦਿੰਦੇ ਹੋਏ ਆਪਣੇ ਨਿਸ਼ਾਨੇ ਵੱਲ ਅੱਗੇ ਵਧਦੇ ਰਹਾਂਗੇ।ਇਸ ਵੱਖ-ਵੱਖ ਰੂਪਾਂ-ਵੇਸਾਂ ਵਾਲ਼ੇ ਲੰਮੇ ਯੁੱਧ ਵਿਚ ਜਿਹਨਾਂ ਨੇ ਜਿੰਨਾ ਵੀ ਹਿੱਸਾ ਪਾਇਆ ਹੈ ਅਸੀਂ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: