ਪੰਜਾਬ ਦੇ ਆਗੂਆਂ ਨਾਲ ਮਕਬੂਲ ਭੱਟ ਦੀ ਮਾਤਾ ਅਤੇ ਪਰਿਵਾਰ ਨਾਲ ਉਨ੍ਹਾਂ ਦੇ ਜੱਦੀ ਘਰ ਜਿਸਨੂੰ ਪਰਿਵਾਰ ਨੇ ਇੱਕ ਯਾਦਗਾਰ ਵਜੋਂ ਸਾਂਭ ਕੇ ਰੱਖਿਆ ਹੈ ਬਾਹਰ ਖੜ ਕੇ ਖਿਚਵਾਈ ਗਈ ਯਾਦਗਾਰੀ ਤਸਵੀਰ

ਚੋਣਵੀਆਂ ਲਿਖਤਾਂ

ਆਜ਼ਾਦੀ ਦੇ ਪਰਵਾਨਿਆਂ ਦੀਆਂ ਮਾਣਮੱਤੀਆਂ ਮਾਵਾਂ

By ਸਿੱਖ ਸਿਆਸਤ ਬਿਊਰੋ

February 12, 2016

ਭਾਰਤੀ ਸਟੇਟ ਨੇ 11 ਫਰਵਰੀ 1984 ਨੂੰ ਮਕਬੂਲ ਭੱਟ ਨੂੰ ਫਾਂਸੀ ਚੜਾ ਕੇ ਸ਼ਹੀਦ ਕਰ ਦਿੱਤਾ ਸੀ। ਜਨਾਬ ਭੱਟ ਦਾ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਕਸ਼ਮੀਰ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਉਥੋਂ ਦੇ ਲੋਕਾਂ ਲਈ ਰਾਹ ਦਸੇਰਾ ਹੈ ਅਤੇ ਕਸ਼ਮੀਰ ਦੇ ਲੋਕ ਆਪਣੇ ਇਸ ਆਗੂ ਨੂੰ ਅੱਜ ਵੀ ਬਾਬਾ-ਏ-ਕੌਮ ਦੇ ਨਾ ਨਾਲ ਯਾਦ ਕਰਦੇ ਹਨ।

ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਮਕਬੂਲ ਭੱਟ ਅਤੇ ਤਿੰਨ ਸਾਲ ਪਹਿਲਾਂ ਫਾਂਸੀ ਚੜ੍ਹਾਏ ਗਏ ਜਨਾਬ ਅਫਜ਼ਲ ਗੁਰੂ ਦੇ ਸਰੀਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਧਾਰਮਿਕ ਅਕੀਦੇ ਅਨੁਸਾਰ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਨਹੀ ਦਿੱਤੇ ਜੋ ਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।

ਕੁਝ ਸਾਲ ਪਹਿਲਾਂ ਦਿੱਲੀ ਤੋਂ ਪ੍ਰੋਫੈਸਰ ਐਸ ਏ ਆਰ ਗਿਲਾਨੀ ਅਤੇ ਲੁਧਿਆਣਾ ਤੋਂ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਮੈਨੂੰ ਮੌਕਾ ਮਿਲਿਆ ਮਕਬੂਲ ਭੱਟ ਦੇ ਜੱਦੀ ਪਿੰਡ ਤ੍ਰੇਹਗਾਮ ਜਾਣ ਦਾ। ਅਸੀਂ ਮਕਬੂਲ ਭੱਟ ਦੇ ਮਾਤਾ ਜੀ ਬੀਬੀ ਸ਼ਾਹਮਾਲਾ ਅਤੇ ਮਕਬੂਲ ਭੱਟ ਦੀ ਭੈਣ ਤੇ ਹੋਰ ਰਿਸ਼ਤੇਦਾਰਾਂ ਨੂੰ ਮਿਲੇ। ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਮਕਬੂਲ ਭੱਟ ਦੇ ਪਰਿਵਾਰ ਨੇ ਅਗਲੀਆਂ ਪੀੜੀਆਂ ਦੀ ਪ੍ਰੇਰਣਾ ਲਈ ਅੱਜ ਤੱਕ ਉਹ ਘਰ ਉਸੇ ਤਰ੍ਹਾਂ ਸਾਂਭ ਕੇ ਰਖਿਆ ਹੈ ਜਿੱਥੇ ਭੱਟ ਨੇ ਆਪਣਾ ਬਚਪਨ ਬਿਤਾਇਆ। ਆਪਣੇ ਰਹਿਣ ਲਈ ਪਰਿਵਾਰ ਨੇ ਇੱਕ ਹੋਰ ਘਰ ਉਸ ਘਰ ਦੇ ਨਾਲ ਹੀ ਬਣਾ ਲਿਆ ਹੈ। ਇਸ ਤੋਂ ਇਲਾਵਾ ਮਕਬੂਲ ਭੱਟ ਨਾਲ ਸੰਬੰਧਿਤ ਹੋਰ ਕਈ ਯਾਦਗਾਰਾਂ ਵੀ ਪਰਿਵਾਰ ਨੇ ਸਾਂਭ ਕੇ ਰੱਖੀਆਂ ਹੋਈਆਂ ਹਨ।

ਮੈਨੂੰ ਲੱਗਦਾ ਹੈ ਕਿ ਕੌਮੀ ਸ਼ਹੀਦਾਂ ਦਾ ਇਤਿਹਾਸ ਅਤੇ ਉਨ੍ਹਾਂ ਨਾਲ ਸੰਬੰਧਿਤ ਯਾਦਗਾਰਾਂ ਸਾਂਭਣ ਦਾ ਇਹ ਰੁਝਾਨ ਤੇ ਸੋਚ ਮੇਰੀ ਕੌਮ ਵਿੱਚੋਂ ਗਵਾਚਿਆ ਹੋਇਆ ਹੈ। ਮੈ ਅਕਸਰ ਸੋਚਦਾ ਹਾਂ ਕਿ ਸਾਡੀ ਕੌਮ, ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਦੇ ਜੱਦੀ ਘਰ ਅਤੇ ਉਹਨਾਂ ਨਾਲ ਜੁੜੀਆਂ ਵਸਤੂਆਂ ਨੂੰ ਸਾਂਭਣ ਵਿੱਚ ਕਿਉਂ ਫੇਲ ਹੋਈ ਹੈ। ਕੀ ਇਹ ਸਾਡਾ ਆਪਣੇ ਸ਼ਹੀਦਾਂ ਪ੍ਰਤੀ ਅਵੇਸਲਾਪਣ ਹੈ ਜਾਂ ਇਤਿਹਾਸ ਪ੍ਰਤੀ ਬੇਸਮਝੀ?

ਮਕਬੂਲ ਭੱਟ ਦੀ ਮਾਤਾ ਜਿਨ੍ਹਾਂ ਨੇ ਕਸ਼ਮੀਰ ਦੀ ਆਜ਼ਾਦੀ ਲਈ ਆਪਣੇ 4 ਪੁੱਤਰ ਕੁਰਬਾਨ ਕਰ ਦਿੱਤੇ ਉਨ੍ਹਾਂ ਦੀ ਸਮਰਪਣ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ। ਅੱਜ ਮਕਬੂਲ ਭੱਟ ਦੇ 32ਵੀਂ ਸ਼ਹੀਦੀ ਦਿਹਾੜੇ ਤੇ ਮੈਂ ਕਸ਼ਮੀਰ ਦੀ ਇੱਕ ਅਖਬਾਰ ਵਿੱਚ ਉਨ੍ਹਾਂ ਦੀ ਮਾਤਾ ਦਾ ਬਿਆਨ ਪੜਿਆ ਕਿ ਉਨ੍ਹਾਂ ਨੂੰ ਆਪਣੇ ‘ਪੁੱਤਰ ਤੇ ਮਾਣ ਹੈ’। ਪੜਕੇ ਮਨ ਨੂੰ ਖੁਸ਼ੀ ਮਿਲੀ ਅਤੇ ਨਾਲ ਹੀ ਮਕਬੂਲ ਭੱਟ ਦੇ ਮਾਤਾ ਦੇ ਇਸ ਬਿਆਨ ਨੇ ਮੈਨੂੰ ਭਾਈ ਗਜਿੰਦਰ ਸਿੰਘ ਜੀ ਦੇ ਮਾਤਾ ਦਾ ਇਸੇ ਭਾਵਨਾ ਨਾਲ ਦਿੱਤਾ ਉਹ ਬਿਆਨ ਯਾਦ ਆ ਗਿਆ, ਜੋ ਉਨ੍ਹਾਂ ਨੇ 29 ਸਤੰਬਰ 1981 ਨੂੰ ਉਸ ਸਮੇਂ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਭਾਈ ਗਜਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਰਤੀ ਜਹਾਜ ਅਗਵਾ ਕਰਨ ਬਾਰੇ ਪਤਾ ਲੱਗਾ ਸੀ। 30 ਸਤੰਬਰ, 1981 ਦੇ ਇੰਡੀਅਨ ਐਕਸਪ੍ਰੈਸ ਅਖਬਾਰ ਦੀ ਸੁਰਖੀ ਸੀ ‘ਮਦਰ ਪਰਾਊਡ ਔਫ ਸੰਨ’ (ਮਾਂ ਨੂੰ ਆਪਣੇ ਪੁੱਤ ‘ਤੇ ਮਾਣ ਹੈ)।

ਮੈਂ ਦਲ ਖਾਲਸਾ ਵਲੋਂ ਜਨਾਬ ਮਕਬੂਲ ਭੱਟ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਸਨੂੰ ਤਹਿ ਦਿਲੋਂ ਸ਼ਰਧਾਜਲੀ ਭੇਂਟ ਕਰਦਾ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: