ਲੰਬੇ ਇੰਤਜ਼ਾਰ ਤੋਂ ਬਾਅਦ 11 ਮਾਰਚ 2016 ਨੂੰ ਰਿਲੀਜ਼ ਹੋਵੇਗੀ ਪੰਜਾਬੀ ਫਿਲਮ 2 ਬੋਲ

ਆਮ ਖਬਰਾਂ

ਲੰਬੇ ਇੰਤਜ਼ਾਰ ਤੋਂ ਬਾਅਦ 11 ਮਾਰਚ 2016 ਨੂੰ ਰਿਲੀਜ਼ ਹੋਵੇਗੀ ਪੰਜਾਬੀ ਫਿਲਮ 2 ਬੋਲ

By ਸਿੱਖ ਸਿਆਸਤ ਬਿਊਰੋ

December 20, 2015

ਚੰਡੀਗੜ੍ਹ: ਪੰਜਾਬੀ ਫਿਲਮ 2 ਬੋਲ ਜੋ ਕਿ ਇਸ ਵਰ੍ਹੇ 16 ਅਕਤੂਬਰ ਨੂੰ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਵੱਲੋਂ ਲਗਾਈ ਗਈ ਰੋਕ ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ ਸੀ। ਪਰ ਹੁਣ ਸੈਂਸਰ ਬੋਰਡ ਤੋਂ ਮਨਜੂਰੀ ਮਿਲਣ ਤੋਂ ਬਾਅਦ ਇਹ ਫਿਲਮ 11 ਮਾਰਚ 2016 ਨੂੰ ਸਿਨੇਮਾ ਘਰਾਂ ਵਿੱਚ ਲਗਾਈ ਜਾਵੇਗੀ।

ਜਿਕਰਯੋਗ ਹੈ ਕਿ ਇਸ ਫਿਲਮ ਦਾ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਪ੍ਰਚਾਰ ਹੋਇਆ ਸੀ ਅਤੇ ਇਸ ਦਾ ਪੋਸਟਰ ਐਤ ਟ੍ਰੈਲਰ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਵੇਖਿਆ ਗਿਆ ਸੀ।“2 ਬੋਲ” ਇੱਕ ਪੰਜਾਬੀ ਫਿਲਮ ਹੈ ਜਿਸ ਦੇ ਨਿਰਮਾਤਾ ਸ਼ਮਸ਼ੀਰ ਪ੍ਰੋਡਕਸ਼ਨ ਹਨ ਅਤੇ ਇਸ ਫਿਲਮ ਦਾ ਨਿਰਦੇਸ਼ਨ ਡਾ. ਸ਼ਾਹਿਬ ਸਿੰਘ ਵੱਲੋਂ ਕੀਤਾ ਗਿਆ ਹੈ।

ਅੱਜ ਦੇ ਸਮੇਂ ਜਦੋਂ ਪੰਜਾਬੀ ਸਿਨੇਮਾ ਇੱਕ ਨੀਵੇਂ ਪੱਧਰ ਦੀ ਹਾਸਰੱਸ ਵਾਲੀਆਂ ਫਿਲਮਾਂ ਦੀ ਭਰਮਾਰ ਨਾਲ ਲੋਕਾਂ ਦੇ ਮਨਾਂ ਤੋਂ ਉੱਤਰਦਾ ਜਾ ਰਿਹਾ ਹੈ ਤਾਂ 2 ਬੋਲ ਵਰਗੀ ਇੱਕ ਗੰਭੀਰ ਫਿਲਮ ਜੋ ਕਿ ਅਜੋਕੇ ਪੰਜਾਬ ਦੇ ਹਾਲਾਤਾਂ ਤੇ ਅਧਾਰਿਤ ਹੈ ਲੋਕਾਂ ਨੂੰ ਇੱਕ ਵਾਰ ਫੇਰ ਪੰਜਾਬੀ ਸਿਨੇਮਾ ਵੱਲ ਖਿੱਚ ਸਕਦੀ ਹੈ।

ਇਸ ਫਿਲਮ ਵਿੱਚ ਮੁੱਖ ਕਿਰਦਾਰ ਸੋਨਪ੍ਰੀਤ ਜਵੰਧਾ, ਹਰਵਿੰਦਰ ਸਿੰਘ, ਹਿਮਾਂਸ਼ੀ ਖੁਰਾਣਾ, ਇਸ਼ਾ ਸ਼ਰਮਾ, ਗਿੰਦਾ ਰੰਧਾਵਾ, ਸੰਜੂ ਸੋਲੰਕੀ, ਗੁਰਿੰਦਰ ਮਕਨਾ, ਮਨਜੀਤ ਸੰਨੀ, ਸੰਨੀ ਗੁਲ, ਸੁਵਿੰਦਰ ਵਿੱਕੀ, ਮਨਦੀਪ ਮਨੀ, ਰਾਜ ਅਤੇ ਗੁਰਜੀਤ ਸਿੰਘ ਵੱਲੋਂ ਨਿਭਾਏ ਗਏ ਹਨ।

2 ਬੋਲ ਫਿਲਮ ਸਮਾਜ ਨੂੰ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਦੇ ਹੋਏ ਇੱਕ ਤਾਕਤਵਰ ਅਤੇ ਸੁਰੱਖਿਅਤ ਸਮਾਜ ਸਿਰਜਣ ਦਾ ਸੁਨੇਹਾ ਦਿੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: