ਲੇਖ » ਵਿਦੇਸ਼ » ਸਿੱਖ ਖਬਰਾਂ

ਵਰਦੀਧਾਰੀ ਦਹਿਸ਼ਤਗਰਦਾਂ ਵਲੋਂ ਹੋਈ ਸਿੱਖ ਨਸਲਕੁਸ਼ੀ ਦੀ ਬਾਤ ਪਾਉਂਦਾ ਹੈ “ਸਾਕਾ ਨਕੋਦਰ” (4 ਫਰਵਰੀ 1986)

February 4, 2017 | By

ਲੇਖਕ: ਸ. ਬਲਦੇਵ ਸਿੰਘ ਲਿੱਤਰਾਂ

ਅੱਜ ਤੋਂ ਇਕੱਤੀ ਸਾਲ ਪਹਿਲਾਂ ਅੱਜ ਦੇ ਦਿਨ (4 ਫਰਵਰੀ 1986) ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆਂ ਬਲਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਿਤ ਚਾਰ ਨਿਹੱਥੇ ਗੁਰਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਸਾਰੇ ਨੌਜਵਾਨ ਸਿੱਖ ਸੰਗਤ ਸਮੇਤ ਸ਼ਾਂਤਮਈ ਰੋਸ ਮਾਰਚ ਵਿਚ ਸ਼ਾਮਿਲ ਸਨ। ਇਹ ਇਕੱਤਰਤਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸੀ।

ਸਿੱਖਾਂ ਦੇ ਲਈ ਗੁਰੂ ਗਰੰਥ ਸਾਹਿਬ ਜੀ ਸਰਵ ਉੱਚ ਪਦਵੀ ਰੱਖਦੇ ਹਨ ਅਤੇ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਸਿੱਖਾਂ ਲਈ ਆਪਣੀ ਜਾਨ ਤੋਂ ਵੀ ਉੱਪਰ ਹੈ।

ਸਾਕਾ ਨਕੋਦਰ ਦਾ ਸੱਚ

4 ਫਰਵਰੀ 1986 ਨੂੰ ਸਿੱਖ ਸੰਗਤ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਨਕੋਦਰ ਸ਼ਹਿਰ ਵਿੱਚ ਇਕੱਤਰ ਹੋਏ ਸਨ। ਇਸ ਇਕੱਤਰਤਾ ਦਾ ਮੁੱਖ ਮਕਸਦ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਾਰੇ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਉਲੀਕਣਾ ਸੀ। 2 ਫਰਵਰੀ 1986 ਨੂੰ ਸਿੱਖ ਵਿਰੋਧੀ ਅਨਸਰਾਂ ਨੇ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਨਕੋਦਰ ਸ਼ਹਿਰ ਵਿਖੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਗਾ ਕੇ ਬੇਅਦਬੀ ਕੀਤੀ ਸੀ।

nakodar sikh killings

(ਫਾਈਲ ਫੋਟੋ)

ਭਾਰਤ ਸਰਕਾਰ ਦੇ ਨੀਮ ਫੌਜੀ ਦਸਤਿਆਂ ਅਤੇ ਪੰਜਾਬ ਪੁਲਿਸ ਨੇ ਇਸ ਸ਼ਾਂਤਮਈ ਰੋਸ ਮਾਰਚ ‘ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਬਿਨਾ ਕਿਸੇ ਚਿਤਾਵਨੀ ਦੇ ਕੀਤੀ ਇਸ ਅੰਨ੍ਹੇਵਾਹ ਗੋਲੀਬਾਰੀ ਕਾਰਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ- ਗੋਰਸੀਆਂ ਮੌਕੇ ‘ਤੇ ਹੀ ਸ਼ਹੀਦ ਹੋ ਗਏ। ਪਰ ਪੁਲਿਸ ਨੇ ਇਥੇ ਹੀ ਬੱਸ ਨਹੀਂ ਕੀਤੀ, ਘੋੜ ਸਵਾਰ ਪੁਲਿਸ ਵਲੋਂ 2 ਕਿਲੋਮੀਟਰ ਤੋਂ ਵੀ ਦੂਰ ਸ਼ੇਰਪੁਰ ਅਤੇ ਹੁਸੈਨਪੁਰ ਤੱਕ ਜਾਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ। ਪੁਲਿਸ ਨੇ ਘਰਾਂ ਦੇ ਵਿੱਚ ਜਾਕੇ ਗੋਲੀਆਂ ਚਲਾਈਆਂ ਅਤੇ ਘਰਾਂ ਦੇ ਦਰਵਾਜ਼ੇ ਤੋੜਕੇ ਸਿੱਖ ਨੌਜਵਾਨਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਤੇ ਅਣਮਨੁੱਖੀ ਅਤਿਆਚਾਰ ਕੀਤਾ ਗਿਆ। ਇਸ ਸਾਕੇ ਦੇ ਚੌਥੇ ਸ਼ਹੀਦ ਭਾਈ ਹਰਮਿੰਦਰ ਸਿੰਘ (ਕਨਵੀਨਰ ਸਿੱਖ ਸਟੂਡੈਂਟ ਫੈਡਰੇਸ਼ਨ ਖਾਲਸਾ ਕਾਲਜ ਜਲੰਧਰ) ਨੂੰ ਸਵਰਨ ਘੋਟਣੇ (ਐੱਸ ਪੀ) ਨੇ ਵਾਲਾਂ ਤੋਂ ਫੜਿਆ ਅਤੇ ਜਸਕੀਰਤ ਨਾਮ ਦੇ ਇੰਸਪੈਕਟਰ ਨੇ ਭਾਈ ਹਰਮਿੰਦਰ ਸਿੰਘ ਦੇ ਮੂੰਹ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ। ਉਸ ਸਮੇਂ ਭਾਈ ਹਰਮਿੰਦਰ ਸਿੰਘ ਲੱਕੜ ਦੇ ਆਰੇ ਦੇ ਅੰਦਰ ਨਿਹੱਥਾ ਬੈਠਾ ਸੀ। ਕੌਮਾਂਤਰੀ ਮਨੁੱਖੀ ਅਧਿਕਾਰ ਸਭਾ ਦੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਭਾਈ ਹਰਮਿੰਦਰ ਸਿੰਘ ਚਲੂਪਰ ਦੀ ਸ਼ਹੀਦੀ ਨੂੰ ਪੁਲਿਸ ਵਲੋਂ ਕੀਤਾ ਨੰਗਾ ਚਿੱਟਾ ਕਤਲ ਦੱਸਿਆ ਹੈ।

ਸਿੱਖ ਨੌਜਵਾਨਾਂ ਦੀ ਅਸਲ ਪਹਿਚਾਣ ਹੋਣ ਦੇ ਬਾਵਜੂਦ ਸਰਕਾਰੀ ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨੂੰ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਬੇਰਹਿਮ ਸਰਕਾਰੀ ਅਫਸਰਾਂ ਵਲੋਂ ਇਨ੍ਹਾਂ ਸ਼ਹੀਦਾਂ ਦੇ ਸਰੀਰਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਰਾਰ ਦੇ ਕੇ ਆਪ ਹੀ ਮਿੱਟੀ ਦਾ ਤੇਲ ਪਾਕੇ ਸਾੜ ਦਿੱਤਾ ਗਿਆ। ਮੌਕੇ ਦੇ ਐੱਸ ਡੀ ਐੱਮ ਨੇ ਆਪਣੇ ਬਿਆਨ ਵਿੱਚ ਕਿਹਾ ਕਿ 3 ਮ੍ਰਿਤਕ ਸਰੀਰਾਂ ਦੀ ਪਹਿਚਾਣ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਇੱਕ ਸ਼ਾਮ ਪਹਿਲਾਂ ਹੀ ਹੋ ਗਈ ਸੀ। 2 ਪੋਸਟ ਮਾਰਟਮ ਰਿਪੋਰਟਾਂ ਸਿੱਧ ਕਰਦੀਆਂ ਹਨ ਕਿ ਮ੍ਰਿਤਕ ਦੇਹਾਂ ਦੀ ਪਹਿਚਾਣ ਬਾਰੇ ਸਰਕਾਰੀ ਅਧਿਕਾਰੀਆਂ ਨੇ ਸਰਾਸਰ ਝੂਠ ਬੋਲਿਆ। ਪੋਸਟ ਮਾਰਟਮ ਦੀਆਂ ਰਿਪੋਰਟਾਂ ‘ਤੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਹਨ। ਇੱਥੋਂ ਤੱਕ ਕਿ ਪੋਸਟ ਮਾਰਟਮ ਵੀ ਅੱਧੀ ਰਾਤ ਨੂੰ ਕੀਤੇ ਗਏ ਜੋ ਕਿ ਭਾਰਤੀ ਸੰਵਿਧਾਨ ਮੁਤਾਬਕ ਵੀ ਗ਼ੈਰਕਾਨੂੰਨੀ ਹੈ।

nakodar SSF

ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਸ਼ਹੀਦੀਆਂ ਦੇਣ ਵਾਲੇ ਸਿੱਖ ਨੌਜਵਾਨਾਂ ਦੇ ਮ੍ਰਿਤਕ ਸਰੀਰ (ਫਾਈਲ ਫੋਟੋ)

31 ਸਾਲ ਬੀਤ ਜਾਣ ਤੋਂ ਬਾਅਦ ਵੀ ਅਦਾਲਤੀ ਜਾਂਚ ਰਿਪੋਰਟ ਜਨਤਕ ਨਹੀਂ ਕੀਤੀ ਗਈ ਅਤੇ ਮੁਲਜਮਾਂ ਨੂੰ ਬਣਦੀ ਸਜਾ ਨਹੀਂ ਦਿੱਤੀ ਗਈ।

ਪੰਜਾਬ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਵਲੋਂ ਕੀਤੀ ਅਦਾਲਤੀ ਜਾਂਚ ਅਜੇ ਤੱਕ ਵੀ ਜਨਤਕ ਨਹੀਂ ਕੀਤੀ। ਜਿਹੜੇ ਅਨਸਰਾਂ ਨੇ ਗੁਰੂ ਗਰੰਥ ਸਾਹਿਬ ਜੀ ਦੀਆਂ ਬੀੜਾਂ ਜਲਾਈਆਂ ਅਤੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਅਤੇ ਕਰ ਰਹੇ ਹਨ ਨੂੰ ਕੋਈ ਸਜਾ ਨਹੀਂ ਦਿੱਤੀ ਗਈ।

ਇਸ ਤੋਂ ਵੱਧ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ (ਅ)ਕਾਲੀ ਦਲ ਬਾਦਲ, ਜੋ ਕੇ ਆਪਣੇ ਆਪ ਨੂੰ ਅਖੌਤੀ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ, ਨੇ ਇਜ਼ਹਾਰ ਆਲਮ ਅਤੇ ਇਸਦੀ ਪਤਨੀ ਨੂੰ ਉੱਚੇ ਅਹੁਦਿਆਂ ਨਾਲ ਨਿਵਾਜਿਆ। ਇਹ ਓਹੀ ਇਜ਼ਹਾਰ ਆਲਮ ਹੈ ਜੋ ਕਿ ਇਸ ਸਾਕੇ ਲਈ ਸਿੱਧੇ ਤੋਰ ‘ਤੇ ਜ਼ਿੰਮੇਵਾਰ ਹੈ।

ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਾਇਮ ਰੱਖਣ ਦਾ ਹਰ ਵੇਲੇ ਉਪਦੇਸ਼ ਦੇਣ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਅੱਜ 31 ਸਾਲ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਸ਼ਹੀਦ ਸਿੰਘਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਵਿੱਚ ਅਸਫਲ ਰਹੀ ਹੈ।

2 ਫਰਵਰੀ 2011 ਨੂੰ ਅਕਾਲ ਤਖਤ ਸਾਹਿਬ ‘ਤੇ ਹੋਏ ਸਮਾਗਮ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਗੁਰੁ ਗਰੰਥ ਸਾਹਿਬ ਜੀ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਸਿੰਘਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਿਮੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਨ ਸਿੰਘ ਰਾਜੋਵਾਲ – ਗੋਰਸੀਆਂ ਨੂੰ ਕੌਮੀ ਸ਼ਹੀਦ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਸਿੱਖ ਸ਼ਹੀਦਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਲਈ ਹਿਦਾਇਤ ਕੀਤੀ ਸੀ। ਪਰ ਸ਼੍ਰੋਮਣੀ ਕਮੇਟੀ ਅਜੇ ਤੱਕ ਇਨ੍ਹਾਂ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਹੀਂ ਲਗਾ ਸਕੀ।

29 ਨਵੰਬਰ 2016 ਨੂੰ ਅਸੀਂ (ਬਾਪੂ ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ; ਮਾਪੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ) ਇਸ ਸੰਬੰਧੀ ਇੱਕ ਯਾਦ-ਪੱਤਰ ਪ੍ਰੋ: ਕਿਰਪਾਲ ਸਿੰਘ ਬਡੂੰਗਰ (ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ) ਨੂੰ ਭੇਜ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅਪੀਲ ਕੀਤੀ ਗਈ ਸੀ। ਪਰ ਅਫਸੋਸ ਸ਼੍ਰੋਮਣੀ ਕਮੇਟੀ ਨੂੰ ਆਪਣੇ ਕੌਮੀ ਫਰਜ਼ਾਂ ਦਾ ਅਹਿਸਾਸ ਨਹੀਂ ਹੋਇਆ।

ਪੰਜਾਬ ਪੁਲਿਸ ਵਲੋਂ ਨਕੋਦਰ ਵਿਖੇ ਸਿੱਖ ਨੌਜਵਾਨਾਂ ਦੇ ਕਤਲਾਂ ਤੋਂ ਬਾਅਦ ਇਨਸਾਫ ਦੇਣਾ ਤਾਂ ਦੂਰ ਉਲਟਾ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਪ੍ਰਦਰਸ਼ਨਾਂ ‘ਚ ਹਿੱਸਾ ਲੈਣ ਵਾਲੇ 10 ਪਿੰਡਾਂ ਦੀਆਂ ਸਿੱਖ ਸੰਗਤਾਂ ‘ਤੇ ਹੀ ਆਈ.ਪੀ.ਸੀ. ਦੀ ਧਾਰਾ 511 ਅਤੇ ਆਰਮਜ਼ ਐਕਟ 25/27 ਅਤੇ ਧਾਰਾਵਾਂ 307, 362, 427, 332, 188, 148, 149 ਤਹਿਤ ਐਫ.ਆਈ.ਆਰ. ਨੰਬਰ 54 ਮਿਤੀ 4.2.86 ਤਹਿਤ ਥਾਣਾ ਨਕੋਦਰ ਵਿਚ ਮੁੱਕਦਮਾ ਦਰਜ਼ ਕਰ ਦਿੱਤਾ।

ਇਕ ਹੋਰ ਵਾਰਦਾਤ ਵਿਚ ਬਜ਼ੁਰਗ ਅਕਾਲੀ ਕਾਰਕੁੰਨ ਰੋਸ਼ਨ ਸਿੰਘ ਪਿੰਡ ਮਹਿਮੋਵਾਲ ਨੂੰ ਏਨੀ ਬੁਰੀ ਤਰ੍ਹਾਂ ਮਾਰਿਆ ਗਿਆ ਕਿ ਉਸਦੀਆਂ ਲੱਤਾਂ ਬਾਹਾਂ ਹੀ ਤੋੜ ਦਿੱਤੀਆਂ ਗਈਆਂ। ਉਹ ਆਪਣੇ ਸਕੂਟਰ ਨੰਬਰ ਪੀ ਏ ਜੇ 6923 ਉੱਤੇ ਹੁਸੈਨਪੁਰ ਨੇੜੇ ਘਟਨਾ ਸਥਾਨ ਤੋਂ 2 ਕਿਲੋਮੀਟਰ ਦੂਰ ਜਾ ਰਿਹਾ ਸੀ ਜਦੋਂ ਉਸਨੂੰ ਸਕੂਟਰ ਤੋਂ ਸੁੱਟ ਕੇ ਉਸਦਾ ਸਕੂਟਰ ਖੋਹ ਲਿਆ ਗਿਆ। ਬਾਅਦ ‘ਚ ਇਸ ਘਟਨਾ ਬਾਰੇ ਸੱਚ ਸਾਹਮਣੇ ਆਇਆ ਕਿ ਇਸ ਅਕਾਲੀ ਕਾਰਕੁੰਨ ਨੂੰ ਇਸ ਕਰਕੇ ਕੁੱਟਿਆ ਗਿਆ ਕਿਉਂਕਿ ਇਕ ਦਿਨ ਪਹਿਲਾਂ ਹੀ ਇਸਦੀ ਸੁਰਜੀਤ ਸਿੰਘ ਐਸ.ਪੀ. (ਡੀ) ਨਾਲ ਤਕਰਾਰ ਹੋਈ ਸੀ ਕਿ ਪੁਲਿਸ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀਆਂ ਨਾਲ ਮਿਲੀ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,