ਆਮ ਖਬਰਾਂ

ਨਾਭਾ ਜੇਲ੍ਹ ਬ੍ਰੇਕ ਕੇਸ: ਗੁਰਪ੍ਰੀਤ ਸੇਖੋਂ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ; ਹਥਿਆਰ ਬਰਾਮਦ

By ਸਿੱਖ ਸਿਆਸਤ ਬਿਊਰੋ

February 13, 2017

ਪਟਿਆਲਾ: ਨਾਭਾ ਜੇਲ੍ਹ ‘ਚੋਂ ਫਰਾਰ ਹੋਏ ਗੁਰਪ੍ਰੀਤ ਸੇਖੋਂ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਸਾਰਿਆਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਇਨ੍ਹਾਂ ਗੈਂਗਸਟਰਾਂ ਨੂੰ ਐਤਵਾਰ ਮੋਗਾ ਜ਼ਿਲ੍ਹੇ ਦੇ ਪਿੰਡ ਢੁਡੀਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਬਾਰੇ ਅੱਜ ਪਟਿਆਲਾ ਵਿੱਚ ਡੀਆਈਜੀ ਅਸ਼ੀਸ਼ ਚੌਧਰੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਅਸ਼ੀਸ਼ ਚੌਧਰੀ ਨੇ ਇਹ ਵੀ ਦੱਸਿਆ ਕਿ ਗੁਰਪ੍ਰੀਤ ਸੇਖੋਂ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ। ਹਾਗਕਾਂਗ ਵਿੱਚ ਰਹਿ ਰਿਹਾ ਰਮਨਪ੍ਰੀਤ ਨਾਮੀ ਭਗੌੜਾ ਦੋਸ਼ੀ ਇਨ੍ਹਾਂ ਨੂੰ ਬਾਹਰੋਂ ਫੰਡਿੰਗ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਢੁੱਡੀਕੇ ਦੇ ਜਿਸ ਘਰ ਵਿੱਚ ਇਹ ਦੋਸ਼ੀ ਲੁੱਕੇ ਹੋਏ ਸਨ, ਉਸ ਘਰ ਦੇ ਮਾਲਕ ਐਨਆਰਆਈ ਗੋਲਡੀ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਏ ਦੋ ਗੈਂਗਸਟਰਾਂ ਵਿੱਕੀ ਗੌਂਡਰ ਤੇ ਵਿਕਰਮਜੀਤ ਸਮੇਤ ਖਾੜਕੂ ਕਸ਼ਮੀਰ ਸਿੰਘ ਤੱਕ ਵੀ ਪੁਲਿਸ ਦੇ ਹੱਥ ਜਲਦ ਹੀ ਪਹੁੰਚ ਜਾਣਗੇ। ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਸੀਨੀਅਰ ਪੁਲਿਸ ਅਫਸਰਾਂ ਦੀ ਸ਼ਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ। ਇਸ ਟੀਮ ਵੱਲੋਂ ਪਹਿਲਾਂ ਤੋਂ ਹੀ ਇਸੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਭੱਜੇ ਹੋਏ ਦੋਸ਼ੀਆਂ ਦੇ ਸੁਰਾਗ ਲੱਭੇ ਗਏ।

ਇਸੇ ਦੌਰਾਨ ਟੀਮ ਨੂੰ ਜਾਣਕਾਰੀ ਮਿਲੀ ਕਿ ਜੇਲ੍ਹ ਬਰੇਕ ਕਾਂਡ ਦਾ ਮਾਸਟਰਮਾਈਂਡ ਗੁਰਪ੍ਰੀਤ ਸੇਖੋਂ ਆਪਣੇ ਸਾਥੀਆਂ ਨਾਲ ਟਿਕਾਣੇ ਤੋਂ ਨਿਕਲ ਕੇ ਵਾਪਸ ਪੰਜਾਬ ਪਰਤ ਆਇਆ। ਇਸ ਦੇ ਨਾਲ ਹੀ ਪਤਾ ਲੱਗਾ ਕਿ ਇਹ ਸਾਰੇ ਭਗੌੜੇ ਮੋਗਾ ਢੁੱਡੀਕੇ ਦੇ ਘਰ ਵਿੱਚ ਬੈਠੇ ਹਨ।

ਸਬੰਧਤ ਖ਼ਬਰ: ਮੀਡੀਆ ਰਿਪੋਰਟ: ਨਾਭਾ ਜੇਲ੍ਹ ਵਿਚੋਂ ਫਰਾਰ ਹੋਣ ਵਾਲਾ ਗੁਰਪ੍ਰੀਤ ਸੇਖੋਂ ਮੋਗਾ ਵਿਖੇ ਗ੍ਰਿਫਤਾਰ …

ਇਸ ‘ਤੇ ਕਾਰਵਾਈ ਕਰਦਿਆਂ ਬੀਤੇ ਦਿਨ ਪੁਲਿਸ ਵੱਲੋਂ ਉਕਤ ਘਰ ਵਿੱਚ ਛਾਪਾ ਮਾਰਿਆ ਗਿਆ। ਜਿੱਥੋਂ ਗੁਰਪ੍ਰੀਤ ਸੇਖੋਂ, ਮਨਵੀਰ ਸੇਖੋਂ, ਰਾਜਵਿੰਦਰ ਸਿੰਘ ਉਰਫ ਸੁਲਤਾਨ ਤੇ ਕੁਲਵਿੰਦਰ ਸਿੰਘ ਉਰਫ ਟਿੰਬਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਪਾਸੋਂ 15 ਜਾਅਲੀ ਆਈ ਡੀਜ਼, ਖੋਹੀਆਂ ਗਈਆਂ ਦੋ ਕਾਰਾਂ, ਦੋ 32 ਬੋਰ ਪਿਸਤੌਲ, ਇੱਕ 12 ਬੋਰ ਰਾਇਫਲ ਤੇ ਇੱਕ 9 ਐਮ.ਐਮ. ਦਾ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: