ਤਰਨਤਾਰਨ ਨੇੜਲੇ ਪਿੰਡ ਬਾਠ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਧਰਨਾ ਦਿੰਦੀ ਸਿੱਖ ਸੰਗਤ

ਸਿੱਖ ਖਬਰਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਲਗਾਤਾਰ ਬੇਅਦਬੀ ਹੋਣਾ ਕਿਸੇ ਵੱਡੀ ਸਿੱਖ ਵਿਰੋਧੀ ਸਾਜਿਸ਼ ਦਾ ਹਿੱਸਾ

By ਸਿੱਖ ਸਿਆਸਤ ਬਿਊਰੋ

October 17, 2015

ਫ਼ਿਰੋਜ਼ਪੁਰ/ਤਰਨ ਤਾਰਨ (16 ਅਕਤੂਬਰ, 2015): ਗੁਰੂਆਂ ਦੇ ਨਾਂ ‘ਤੇ ਜਿਉਣ ਵਾਲੇ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕੋਟਕਪੂਰਾ ਨੇੜੇ ਪਿੰਡ ਬਰਗਾੜੀ ਦੀ ਘਟਨਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੌਮ ਅਜੇ ਧਰਨੇ-ਮੁਜ਼ਾਹਰੇ ਕਰਕੇ ਸਰਕਾਰ ਦੀਆਂ ਗੋਲੀਆਂ ਅਤੇ ਡਾਂਗਾਂ ਖਾ ਹੀ ਰਹੀ  ਸੀ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦੀਆਂ ਕਈ ਹੋਰ ਖਬਰਾਂ ਪ੍ਰਾਪਤ ਹੋਈਆਂ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਖੰਡਤ ਹੋਣ ਦੇ ਦੋਸ਼ੀਆਂ ਦੀ ਅਜੇ ਪੁਲਿਸ ਅਤੇ ਸਰਕਾਰ ਨੂੰ ਭਿਣਕ ਵੀ ਨਹੀਂ ਪਈ ਅਤੇ ਰੋਸ ਵਜੋਂ ਪੰਜਾਬ, ਭਾਰਤ ਅਤੇ ਸੰਸਾਰ ਭਰ ਦੇ ਮੁਲਕਾਂ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਰੋਸ ਵਜੋਂ ਧਰਨੇ ਦੇ ਰਹੀ ਹੈ ਤਾਂ ਇਸ ਸਮੇਂ ਹੀ ਪੰਜਾਬ ਵਿੱਚ ਕਈ ਹੋਰ ਥਾਂਵਾਂ ‘ਤੇ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬੇਅਦਬ ਕਰਨ ਦੀਆਂ ਖਬਰਾਂ ਮਿਲੀਆਂ ਹਨ।

ਫਿਰੋਜ਼ਪੁਰ ਲਾਗਲੇ ਪਿੰਡ ਨਾਜੂਸ਼ਾਹ ਮਿਸ਼ਰੀ ਵਾਲਾ ਵਿੱਚ ਸਿੱਖੀ ਵਿਰੋਧੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 675 ਤੋਂ ਲੈ ਕੇ 710 ਤੱਕ ਕੁਲ 35 ਅੰਗ ਪਾੜ ਦਿੱਤੇ ਤੇ ਫ਼ਿਰ ਉੱਪਰੋਂ ਰਮਾਲਾ ਸਾਹਿਬ ਨਾਲ ਢੱਕ ਦਿੱਤਾ, ਜਿਸ ਬਾਰੇ ਉਦੋਂ ਪਤਾ ਚੱਲਿਆ, ਜਦੋਂ ਪਿੰਡ ਦੀਆਂ ਕੁਝ ਔਰਤਾਂ 17 ਅਕਤੂਬਰ ਨੂੰ ਸੰਗਰਾਂਦ ਮਨਾਉਣ ਦੀਆਂ ਤਿਆਰੀਆਂ ਕਰਨ ਲਈ ਸੇਵਾ ਕਰਨ ਆਈਆਂ ਤਾਂ ਉਨ੍ਹਾਂ ਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਹੋਏ ਸਨ । ਜਿਸ ਕਾਰਨ ਇਲਾਕੇ ‘ਚ ਸੋਗ ਤੇ ਰੋਸ ਦੀ ਲਹਿਰ ਦੌੜ ਗਈ ।

ਪਿੰਡ ਨਾਜੂਸ਼ਾਹ ਮਿਸ਼ਰੀ ਵਾਲਾ ਵਿਖੇ ਵੱਡੀ ਗਿਣਤੀ ‘ਚ ਇਕੱਤਰ ਲੋਕਾਂ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਭਾਰੀ ਰੋਸ ਜਾਹਿਰ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ: ਦਰਸ਼ਨ ਸਿੰਘ ਸ਼ੇਰਖਾਂ ‘ਤੇ ਵੀ ਹੱਲਾ ਬੋਲ ਦਿੱਤਾ, ਜਿੱਥੇ ਉਨ੍ਹਾਂ ਦੀ ਭਾਰੀ ਖਿੱਚਾ ਧੂਹ ਕੀਤੀ, ਉਥੇ ਉਨ੍ਹਾਂ ਦੀ ਸਕਾਰਪਿਓ ਗੱਡੀ ਨੂੰ ਬੁਰੀ ਤਰ੍ਹਾਂ ਤੋੜ ਸੁੱਟਿਆ ਅਤੇ ਮੋਟਰਸਾਈਕਲ ਸਾੜ ਦਿੱਤਾ ।

ਤਰਨਤਾਰਨ ਨੇੜਲੇ ਪਿੰਡ ਬਾਠ ‘ਦੇ ਗੁਰਦੁਆਰਾ ਸਾਹਿਬ ਵਿਖੇ ਵੀ ਸਿੱਖੀ ਨਾਲ ਵੈਰ ਰੱਖਣ ਵਾਲਿਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖੰਡਤ ਕੀਤੇ ਗਏ ਹਨ।ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਿੰਡ ਬਾਠ ਅਤੇ ਆਸ-ਪਾਸ ਪਿੰਡਾਂ, ਕਸਬਿਆਂ ਦੇ ਲੋਕ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ । ਇਸ ਮੌਕੇ ਰੋਹ ‘ਚ ਆਏ ਪਿੰਡ ਵਾਸੀਆਂ ਨੇ ਬਾਠ ਅੱਡੇ ਦੇ ਬਾਜ਼ਾਰ ਬੰਦ ਕਰਵਾ ਕੇ ਸੜਕ ‘ਤੇ ਧਰਨਾ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ।

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਚੜ੍ਹਦੀ ਪੱਤੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਰੱਖੇ ਹੋਏ ਸਨ, ਅੱਜ ਦੁਪਹਿਰ ਬਾਅਦ ਜਦੋ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੁਖਦੇਵ ਸਿੰਘ ਕਿਸੇ ਕੰਮ ਲਈ ਤਰਨ ਤਾਰਨ ਸ਼ਹਿਰ ਗਿਆ ਹੋਇਆ ਸੀ ਤਾਂ ਪਿੰਡ ਦੀ ਇਕ ਮਹਿਲਾ ਬਲਵਿੰਦਰ ਕੌਰ ਪਾਠ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਆਈ ਤਾਂ ਉਸਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਪਿਆ ਰੁਮਾਲਾ ਉਤਰਿਆ ਹੋਇਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ 4-5 ਪੰਨ੍ਹੇ ਥੱਲ੍ਹੇ ਡਿੱਗੇ ਹੋਏ ਸਨ ।

ਬੀਬੀ ਬਲਵਿੰਦਰ ਕੌਰ ਨੇ ਇਸ ਘਟਨਾ ਬਾਰੇ ਗੰ੍ਰਥੀ ਦੇ ਘਰ ਅਤੇ ਪਿੰਡ ਵਾਸੀਆਂ ਨੂੰ ਤੁਰੰਤ ਸੂਚਨਾ ਦਿੱਤੀ, ਜਿਸ ‘ਤੇ ਸਮੂਹ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ । ਪਿੰਡ ਵਾਸੀਆਂ ਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 21 ਪੰਨ੍ਹੇ ਪਾੜ੍ਹੇ ਗਏ ਸਨ । ਇਸ ਮੌਕੇ ਗੁੱਸੇ ‘ਚ ਆਈ ਵੱਡੀ ਗਿਣਤੀ ‘ਚ ਸਿੱਖ ਸੰਗਤ  ਨੇ ਬਾਠ ਅੱਡੇ ਦੀਆਂ ਦੁਕਾਨਾਂ ਬੰਦ ਕਰਵਾ ਕੇ ਚੌਕ ‘ਚ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ ।

ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਰਕਿੰਗ ਕਮੇਟੀ ਦੇ ਮੈਂਬਰ ਸਿਕੰਦਰ ਸਿੰਘ ਵਰਾਣਾ ਨੇ ਕਿਹਾ ਕਿ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਤਦ ਤੱਕ ਸਿੱਖ ਸੰਗਤ ਰੋਸ ਧਰਨੇ ਲਗਾਉਣ ਲਈ ਮਜ਼ਬੂਰ ਰਹੇਗੀ ।

ਇਸ ਮੌਕੇ ਆਪਣੇ ਸਾਥੀਆਂ ਸਮੇਤ ਪਿੰਡ ਦੇ ਗੁਰਦੁਆਰਾ ਵੱਲ ਨੂੰ ਜਾ ਰਹੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਧਰਨਾਕਾਰੀਆਂ ਨੇ ਘੇਰ ਲਿਆ ਅਤੇ ਉਨ੍ਹਾਂ ਨਾਲ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ । ਪੁਲਿਸ ਵੱਲੋਂ ਤੁਰੰਤ ਹਰਕਤ ‘ਚ ਆਉਣ ‘ਤੇ ਜਥੇ. ਪੱਖੋਕੇ ਨੂੰ ਧਰਨਾਕਾਰੀਆਂ ਦੀ ਚੁੰਗਲ ‘ਚੋਂ ਛੁਡਵਾ ਕੇ ਵਾਪਿਸ ਭੇਜ ਦਿੱਤਾ ।

ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖੰਡਤ ਕਰਕੇ ਬੇਅਦਬੀ ਕੀਤੀ ਗਈ ਸੀ, ਜਿਸਦੇ ਰੋਸ ਵਜੋਂ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਿੱਖ ਸੰਗਤਾਂ ਨੇ ਸ਼ਾਂਤਮਈ ਰੋਸ ਧਰਨਾ ਲਾਇਆ ਹੋਇਆ ਸੀ। ਪੁਲਿਸ ਵੱਲੋਂ ਸਿੱਖਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਦਬਾਉਣ ਲਈ ਸਿੱਖਾਂ ਦੀ ਕੁੱਟਮਾਰ ਕਰਕੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਦੋ ਸਿੱਖਾਂ ਦੇ ਸ਼ਹੀਦ ਹੋਣ ਤੋਂ ਇਲਾਵਾ ਅਨੇਕਾਂ ਹੋਰ ਜ਼ਖਮੀ ਹੋ ਗਏ।

ਅਜੇ ਸ਼ਹੀਦ ਸਿੰਘਾਂ ਦੀਆਂ ਦੇਹਾਂ ਦਾ ਸਿੱਖ ਕੌਮ ਸਸਕਾਰ ਹੀ ਕਰ ਰਹੀ ਸੀ, ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੇਅਦਬ ਕਰਨ ਦੀਆਂ ਖ਼ਬਰਾਂ ਆਉਣ ਲੱਗੀਆਂ।

ਜਾਗਰੂਕ ਸਿੱਖ ਹਲਕਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਸਿੱਖ ਕੌਮ ਵਿਰੋਧੀ ਕਿਸੇ ਵੱਡੀ ਸਾਜ਼ਿਸ ਦਾ ਹਿੱਸਾ ਜਾਪ ਰਹੀਆਂ ਹਨ।ਇਸ ਸਾਜ਼ਿਸ ਪਿੱਛੇ ਕਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਕੰਮ ਕਰ ਰਹੀਆਂ ਹਨ, ਇਹ ਬੇਪਰਦ ਹੋਣ ‘ਤੇ ਕੁਝ ਸਮਾਂ ਲੱਗ ਸਕਦਾ ਹੈ, ਪਰ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਲਈ ਪੂਰਨ ਤੌਰ ‘ਤੇ ਸੁਚੇਤ ਰਹਿਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: