ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਦੀ ਸੇਵਾ ਮੁਕਤੀ ਦੇ ਨਾਲ ਹੀ ਗਿਆਨੀ ਗੁਰਮੁਖ ਸਿੰਘ ਵੀ ਡੇਰਾ ਮੁਖੀ ਮਾਫੀ ਮਾਮਲੇ ਤੋਂ ਮੁਕਤ ਹੋ ਗਏ ਹਨ?

By ਸਿੱਖ ਸਿਆਸਤ ਬਿਊਰੋ

October 31, 2018

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਪ੍ਰਬੰਧ ਹੇਠਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਅਹੁੱਦਾ ਸੰਭਾਲਣ ਮੌਕੇ ਜਿਥੇ ਸਾਲ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇ ਮਾਮਲੇ ਵਿੱਚ ਸੰਗਤੀ ਰੋਹ ਤੇ ਰੋਸ ਦਾ ਸ਼ਿਕਾਰ ਹੋਏ ਗਿਆਨੀ ਗੁਰਬਚਨ ਸਿੰਘ ਹਾਜਰ ਸਨ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੀ ਮੌਜੂਦ ਸਨ। ਕਿਉਂਕਿ ਹਰਿਆਣਾ ਸਥਿਤ ਗੁਰਦੁਆਰਾ ਧਮਤਾਨ ਸਾਹਿਬ ਜੀਂਦ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਗਿਆਨੀ ਗੁਰਮੁੱਖ ਸਿੰਘ ਦੀ ਤਬਦੀਲੀ ਬਤੌਰ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ 2 ਅਗਸਤ ਨੂੰ ਹੀ ਹੋ ਗਈ ਸੀ ਤੇ ਉਹਨਾਂ ਆਪਣਾ ਅਹੁਦਾ ਵੀ ਉਸੇ ਸ਼ਾਮ ਰਾਤ 10.00 ਵਜੇ ਦੇ ਕਰੀਬ ਸੰਭਾਲ ਲਿਆ ਸੀ। ਗਿਆਨੀ ਗੁਰਮੁਖ ਸਿੰਘ ਪਿਛਲੇ ਤਿੰਨ ਮਹੀਨੇ ਦੌਰਾਨ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਵਿਖੇ ਹੋਏ ਕਿਸੇ ਵੀ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਰਹੇ ਪਰ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਸੇਵਾ ਸੰਭਾਲ ਸਮਾਗਮ ਮੌਕੇ ਉਹ ਅਕਾਲ ਤਖਤ ਸਾਹਿਬ ਦੇ ਸਨਮੁਖ ਸਜੇ ਗੁਰਮਤਿ ਸਮਾਗਮ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋਏ ਸਨ ਤੇ ਹੁਕਮਨਾਮਾ ਵੀ ਉਨ੍ਹਾਂ ਨੇ ਹੀ ਲਿਆ। ਕਿਉਂਕਿ ਗਿਆਨੀ ਗੁਰਬਚਨ ਸਿੰਘ ਦੀ ਰੁਖਸਤੀ ਨੁੰ ਵੀ ਸ਼੍ਰੋਮਣੀ ਅਕਾਲੀ ਦਲ (ਬਾਲਦ) ਦੀ ਉਸ ਸ਼ਾਖ ਬਚਾਉ ਨੀਤੀ ਵਜੋਂ ਵੇਖਿਆ ਜਾ ਰਿਹਾ ਹੈ ਜਿਸ ਤਹਿਤ ‘ਬਾਦਲ ਦਲ’ ਖੁਦ ਨੂੰ ਤੇ ਆਪਣੇ ਆਗੂਆਂ ਨੂੰ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ ਤੋਂ ਮੁਕਤ ਕਰਨਾ ਲੋਚਦਾ ਹੈ।ਅਜੇਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਗਿਆਨੀ ਗੁਰਬਚਨ ਸਿੰਘ ਦੇ ਅਹੁਦਾ ਛੱਡ ਦੇਣ ਨਾਲ ਬਾਦਲ ਦਲ ਤੇ ਗਿਆਨੀ ਗੁਰਮੁਖ ਸਿੰਘ ਵੀ ਉਨ੍ਹਾਂ ਸਵਾਲਾਂ ਤੋਂ ਮੁਕਤ ਹੋ ਗਏ ਹਨ?

ਜਿਥੋਂ ਤੀਕ ਡੇਰਾ ਸਿਰਸਾ ਮੁਖੀ ਨੂੰ ਮਾਫੀ ਤੇ ਫਿਰ ਮਾਫੀ ਵਾਲਾ ਹੁਕਮਨਾਮਾ ਰੱਦ ਕਰਨ ਦੀਆਂ ਦੋ ਘਟਨਾਵਾਂ ਦਾ ਸਵਾਲ ਹੈ ਗਿਆਨੀ ਗੁਰਮੁਖ ਸਿੰਘ ਵੀ ਉਸਦਾ ਹਿੱਸਾ ਰਹੇ ਹਨ। ਇਸ ਹੁਕਮਨਾਮੇ ਤੇ ਦਸਤਖਤ ਕਰਨ ਵਾਲੇ (ਸ਼੍ਰੋ.ਗੁ.ਪ੍ਰ.ਕ ਦੇ ਪ੍ਰਬੰਧ ਹੇਠਲੇ ਤਖਤ ਸਾਹਿਬਾਨ) ਤਿੰਨ ਜਥੇਦਾਰਾਂ (ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਤੇ ਗਿਆਨੀ ਗੁਰਮੁਖ ਸਿੰਘ) ਵਿੱਚੋਂ ਸਿਰਫ ਗਿਆਨੀ ਗੁਰਮੁਖ ਸਿੰਘ ਹੀ ਬਾਕੀ ਬਚੇ ਹਨ। ਗਿਆਨੀ ਮੱਲ ਸਿੰਘ ਅਕਾਲ ਚਲਾਣਾ ਕਰ ਚੱੁਕੇ ਹਨ ਤੇ ਗਿਆਨੀ ਗੁਰਬਚਨ ਸਿੰਘ ਨੇ ਅਹੁਦਾ ਛੱਡ ਦਿੱਤਾ ਹੈ। ਅਜਿਹੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਬਿਨ ਮੰਗੀ ਮਾਫੀ ਦਿੱਤੀ ਅਤੇ ਫਿਰ ਸੰਗਤਾਂ ਦੇ ਰੋਸ ਤੇ ਰੋਹ ਅੱਗੇ ਝੁਕਦਿਆਂ ਮਾਫੀ ਵਾਲਾ ਹੁਕਮਨਾਮਾ ਰੱਦ ਕਰਦਿਆਂ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਤਖਤ ਦੇ ਹੁਕਮਨਾਮੇ ਦੇ ਰੁਤਬੇ ਨੂੰ ਘਟਾਉਣ ਦੀ ਬੱਜਰ ਗਲਤੀ ਦੇ ਦੋਸ਼ ਤੋਂ ਗਿਆਨੀ ਗਰਮੁਖ ਸਿੰਘ ਅੱਜ ਵੀ ਦੋਸ਼ ਮੁਕਤ ਨਹੀਂ ਹਨ। ਗਿਆਨੀ ਗੁਰਮੁਖ ਸਿੰਘ ਹੀ ਉਹ ਸ਼ਖਸ਼ ਹੈ ਜਿਹਨੇ ਪਹਿਲੀ ਵਾਰ ਇਹ ਇੰਕਸ਼ਾਫ ਕੀਤਾ ਸੀ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣ ਦਾ ਅਸਲ ਹੁਕਮ ਤਖਤਾਂ ਦੇ ਜਥੇਦਾਰਾਂ ਨੁੰ ਤਤਕਾਲੀਨ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਚ ਬੁਲਾ ਕੇ ਦਿੱਤਾ ਸੀ। ਇਹ ਗਿਆਨੀ ਗੁਰਮੁਖ ਸਿੰਘ ਹੀ ਹੈ ਜਿਹਨੇ ਗਿਆਨੀ ਗੁਰਬਚਨ ਸਿੰਘ ਨੂੰ ਇਹ ਸਵਾਲ ਕੀਤਾ ਸੀ ਕਿ ‘ਡੇਰਾ ਸਿਰਸਾ ਮੁਖੀ ਵੱਲੋਂ ਲਿਿਖਆ ਮਾਫੀ ਪੱਤਰ ਅਕਾਲ ਤਖਤ ਤੇ ਪੁਜਦਾ ਕਰਨ ਵਾਲੇ ਦੂਤ ਦਾ ਨਾਮ ਦੱਸਿਆ ਜਾਏ। ਉਹਨੇ ਇਹ ਵੀ ਸਵਾਲ ਕੀਤਾ ਸੀ ਕਿ ਚੰਡੀਗੜ੍ਹ ਵਿਖੇ ਬਾਦਲਾਂ ਦੀ ਸਰਕਾਰੀ ਕੋਠੀ ਵਿੱਚ ਪੜ੍ਹਕੇ ਸੁਣਾਇਆ ਗਿਆ ਮਾਫੀ ਪੱਤਰ ਹਿੰਦੀ ਵਿੱਚ ਸੀ। ਫਿਰ ਇਹਨੂੰ ਪੰਜਾਬੀ ਵਿੱਚ ਕਿਸ ਨੇ ਲਿਖ ਭੇਜਿਆ ਹੈ’। ਇਹਨਾਂ ਸਵਾਲਾਂ ਦੇ ਜਵਾਬਾਂ ਦੀ ਮੰਗ ਤੇ ਪਹਿਰਾ ਦੇਂਦਿਆਂ ਗਿਆਨੀ ਗੁਰਮੁਖ ਸਿੰਘ ਨੇ 17 ਅਪ੍ਰੈਲ 2017 ਨੂੰ ਹੋ ਰਹੀ ਤਖਤਾਂ ਦੇ ਜਥੇਦਾਰਾਂ ਦੀ ਇਕਤਰਤਾ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਗਿਆਨੀ ਗੁਰਮੁਖ ਸਿੰਘ ਦੇ ਇਸ ਵਤੀਰੇ ਖਿਲਾਫ ਕਾਰਵਾਈ ਕਰਦਿਆਂ ਹੀ ਬਾਦਲਾਂ ਦੇ ਕਬਜੇ ਵਾਲੀ ਸ਼੍ਰੋ.ਗੁ.ਪ੍ਰ.ਕ. ਨੇ ਉਹਦੀ ਤਬਦੀਲੀ ਧਮਤਾਨ ਸਾਹਿਬ ਕਰ ਦਿੱਤੀ।

ਤਸਵੀਰ ਦਾ ਦੂਸਰਾ ਪਹਿਲੂ ਵੇਖਿਆ ਜਾਏ ਤਾਂ ਡੇਰਾ ਸਿਰਸਾ ਮੁਖੀ ਮਾਫੀ ਮਾਮਲੇ ਵਿੱਚ ਦੋ ਸਵੈ ਵਿਰੋਧੀ ਫੈਸਲੇ ਲੈਣ ਖਿਲਾਫ ਕਾਰਵਾਈ ਕਰਦਿਆਂ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰੇ ਸਿੰਘਾਂ (ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ ਤੇ ਭਾਈ ਮੰਗਲ ਸਿੰਘ) ਨੇ ਪੰਚ ਪ੍ਰਧਾਨੀ ਮਰਿਆਦਾ ਤਹਿਤ ਇਹਨਾਂ ਜਥੇਦਾਰਾਂ ਪਾਸੋਂ ਸਪਸ਼ਟੀਕਰਨ ਮੰਗਿਆ ਸੀ ਪਰ ਇਹਨਾਂ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਪੰਚ ਪ੍ਰਧਾਨੀ ਮਰਿਆਦਾ ਤੇ ਸ਼੍ਰੋ.ਗੁ.ਪ੍ਰ.ਕ. ਵਲੋਂ ਚੁੱਕੇ ਗਏ ਸਵਾਲਾਂ ਦਾ ਸਾਥ ਦਿੱਤਾ। ਸਤੰਬਰ 2017 ਵਿੱਚ ਇੱਕ ਸਮਾਂ ਅਜੇਹਾ ਵੀ ਆਇਆ ਜਦੋਂ ਗਿਆਨੀ ਗੁਰਮੁਖ ਸਿੰਘ, ਉਹਨਾਂ ਹੀ ਪੰਜ ਪਿਆਰੇ ਸਿੰਘਾਂ ਪਾਸ ਕੀਤੀ ਭੁਲ ਬਖਸ਼ਾਣ ਪੁਜ ਗਏ ਪਰ ਸਿੰਘਾਂ ਨੇ ਪੰਥਕ ਮਸਲਾ ਜਾਣਦਿਆਂ ਇਸਦੀ ਦਰਖਾਸਤ ਤੇ ਵਿਚਾਰ ਨਹੀਂ ਕੀਤੀ। ਹੁਣ ਵੀ 2 ਅਗਸਤ ਤੋਂ ਅਹੁਦਾ ਸੰਭਾਲਣ ਦੇ ਬਾਵਜੂਦ ਗਿਆਨੀ ਗੁਰਮੁਖ ਸਿੰਘ ਨੇ ਬਤੌਰ ਹੈਡ ਗ੍ਰੰਥੀ ਅਕਾਲ ਤਖਤ ਸਾਹਿਬ, ਗਿਆਨੀ ਗੁਰਬਚਨ ਸਿੰਘ ਨਾਲ ਫਤਿਹ ਦੀ ਸਾਂਝ ਤੀਕ ਨਾ ਨਿਭਾਈ ਤੇ ਕਿਸੇ ਵੀ ਸਮਾਗਮ ਵਿੱਚ ਸ਼ਾਮਿਲ ਤੀਕ ਨਹੀਂ ਹੋਏ ਪਰ 30 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਸੇਵਾ ਸੰਭਾਲ ਸਮਾਗਮ ਮੌਕੇ ਹਾਜਰ ਹੋ ਗਏ। ਅਜੇਹੇ ਵਿੱਚ ਇਹ ਸਵਾਲ ਜਰੂਰ ਹੈ ਕਿ ਕੀ ਗਿਆਨੀ ਗੁਰਬਚਨ ਸਿੰਘ ਦੀ ਸੇਵਾਮੁਕਤੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸੇਵਾ ਸੰਭਾਲਣ ਨਾਲ, ਡੇਰਾ ਸਿਰਸਾ ਮੁਖੀ ਮਾਫੀ ਮਾਮਲਾ ਖਤਮ ਹੋ ਗਿਆ ਹੈ? ਜਾਂ ਕੀ ਗਿਆਨੀ ਗੁਰਮੁਖ ਸਿੰਘ, ਪੰਚ ਪ੍ਰਧਾਨੀ ਮਰਿਆਦਾ ਨੂੰ ਝੁਠਲਾਣ ਦੇ ਦੋਸ਼ ਤੋਂ ਮੁਕਤ ਹੋ ਗਏ ਹਨ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: