ਪੰਜਾਬੀ ਯੂਨੀਵਰਸਿਟੀ ਦੇ ਬੋਟੈਨਿਕ ਗਾਰਡਨ ਦੇ ਦਰਵਾਜੇ ਦੀ ਤਸਵੀਰ।

ਆਮ ਖਬਰਾਂ

ਰਾਜਪੁਰਾ-ਪਟਿਆਲਾ ਸੜਕ ਚੌੜੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਬੋਟੈਨਿਕ ਗਾਰਡਨ ਦੇ 245 ਰੁੱਖਾਂ ’ਤੇ ਚੱਲੇਗਾ ਕੁਹਾੜਾ

By ਸਿੱਖ ਸਿਆਸਤ ਬਿਊਰੋ

June 14, 2018

ਪਟਿਆਲਾ: ਰਾਜਪੁਰਾ ਤੋਂ ਪਟਿਆਲਾ ਤੱਕ ਬਣ ਰਹੀ ਸੜਕ ਨੂੰ ਪੰਜਾਬੀ ਯੂਨੀਵਰਸਿਟੀ ਕੋਲੋਂ ਚੌੜੀ ਕਰਨ ਲਈ ’ਵਰਸਿਟੀ ਦੇ ਬੋਟੈਨਿਕ ਗਾਰਡਨ ਦੇ 245 ਰੁੱਖਾਂ ਦੀ ਬਲੀ ਲਈ ਜਾਵੇਗੀ। ਜੰਗਲਾਤ ਵਿਭਾਗ ਨੇ ਇਨ੍ਹਾਂ ਰੁੱਖਾਂ ਦਾ ਮੁਲਾਂਕਣ ਕਰਕੇ ਡਿਵੀਜ਼ਨ ਦੇ ਵਣਪਾਲ ਕੋਲ ਭੇਜ ਦਿੱਤਾ ਹੈ। ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਸਬੰਧੀ ਆਪਣੇ ਹੱਥ ਖੜ੍ਹੇ ਕਰਦਿਆਂ ਕਹਿ ਦਿੱਤਾ ਹੈ ਕਿ ਭਾਵੇਂ ਇਹ ਰੁੱਖ ਕੱਟ ਲਏ ਜਾਣ ਪਰ ਇਸ ਬਾਬਤ ਨੈਸ਼ਨਲ ਗਰੀਨ ਟ੍ਰਿਿਬਊਨਲ (ਐੱਨਜੀਟੀ) ਤੋਂ ਮਨਜ਼ੂਰੀ ਲੈਣ ਲਈ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ।

ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਪੁਰਾ-ਪਟਿਆਲਾ ਸੜਕ ਦੇ ਨਾਲ-ਨਾਲ ਕਰੀਬ ਦੋ ਕਿਲੋਮੀਟਰ ਦਾ ਖੇਤਰ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦਾ ਹੈ। ਇੱਥੇ ਕਰੀਬ 15 ਤੋਂ 20 ਫੁੱਟ ਸੜਕ ਚੌੜੀ ਕਰਨ ਲਈ ਯੂਨੀਵਰਸਿਟੀ ਦੇ ਬਟਾਨੀਕਲ ਰੁੱਖਾਂ ਦੀ ਬਲੀ ਲਈ ਜਾ ਰਹੀ ਹੈ। ਇਸ ਬਾਰੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਰੁੱਖਾਂ ਦਾ ਐਸਟੀਮੇਟ ਲਾਉਣ ਲਈ ਭੇਜਿਆ ਸੀ ਪਰ ਉਨ੍ਹਾਂ ਨੇ ਸਾਰੇ ਰੁੱਖਾਂ ’ਤੇ ਨੰਬਰ ਲਗਾ ਕੇ ਅਤੇ ਰੁੱਖਾਂ ਬਾਰੇ ਸਾਰੇ ਵੇਰਵੇ ਡਿਵੀਜ਼ਨ ਵਣ ਪਾਲ ਕੋਲ ਭੇਜ ਦਿੱਤੇ ਹਨ।

ਜ਼ਿਲ੍ਹਾ ਵਣ ਪਾਲ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 245 ਰੁੱਖਾਂ ਦਾ ਮੁਲਾਂਕਣ ਕਰ ਇਸ ਸਬੰਧੀ ਰਿਪੋਰਟ ਵੀ ਪੰਜਾਬ ਸਰਕਾਰ ਕੋਲ ਭੇਜ ਦਿੱਤੀ ਹੈ। ਇਨ੍ਹਾਂ ਰੁੱਖਾਂ ਦੀ ਕੁੱਲ ਕੀਮਤ 274264 ਰੁਪਏ ਬਣਾਈ ਗਈ ਹੈ। ਇਨ੍ਹਾਂ ਵਿੱਚੋਂ 195 ਰੁੱਖ (ਕੀਮਤ 186303 ਰੁਪਏ) ਬਾਟਨੀ ਵਿਭਾਗ ਦੇ ਹਨ ਜਿਨ੍ਹਾਂ ਰੁੱਖਾਂ ਤੇ ਵਿਭਾਗ ਦੇ ਵਿਿਦਆਰਥੀ ਖੋਜ ਵੀ ਕਰ ਰਹੇ ਹਨ ਤੇ 50 ਰੁੱਖ (ਕੀਮਤ 87961 ਰੁਪਏ) ਕਾਰਜਕਾਰੀ ਇੰਜਨੀਅਰ ਉਸਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਲਿਖ ਕੇ ਭੇਜਿਆ ਹੈ, ਜਿਸ ਵਿੱਚ ਇਨ੍ਹਾਂ ਰੁੱਖਾਂ ਦੀ ਕੀਮਤ ਬਣਾ ਕੇ ਭੇਜੀ ਹੈ। ਪਰ ਜੇਕਰ ਇਹ ਰੁੱਖ ਕੱਟਣੇ ਹਨ ਤਾਂ ਇਸ ਦੀ ਮਨਜ਼ੂਰੀ ਨੈਸ਼ਨਲ ਗਰੀਨ ਟ੍ਰਿਿਬਊਨਲ ਤੋਂ ਲੈਣੀ ਜ਼ਰੂਰੀ ਹੈ।

ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਦੇ ਏਡੀਸੀ ਦਾ ਫੋਨ ਆਇਆ ਸੀ ਕਿ ਸੜਕ ਚੌੜੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਰੁੱਖਾਂ ਦੀ ਕਟਾਈ ਕੀਤੀ ਜਾਵੇਗੀ, ਜਿਸ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜੋ ਰੁੱਖ ਇੱਥੇ ਹਨ, ਉਹ ਕਾਫ਼ੀ ਕੀਮਤੀ ਤੇ ਪੁਰਾਣੇ ਹਨ। ਫੇਰ ਵੀ ਉਨ੍ਹਾਂ ਇਹ ਕਹਿ ਦਿੱਤਾ ਹੈ ਕਿ ਜੋ ਵੀ ਐੱਨਜੀਟੀ ਤੋਂ ਮਨਜ਼ੂਰੀਆਂ ਆਦਿ ਲੈਣੀਆਂ ਹਨ, ਉਹ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਤੇ ਮਨਜ਼ੂਰੀ ਜ਼ਿਲ੍ਹਾ ਪ੍ਰਸ਼ਾਸਨ ਹੀ ਲਵੇਗਾ।

ਯੂਨੀਵਰਸਿਟੀ ਦੇ ਬਾਟਨੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਐੱਮਆਈਐੱਸ ਸੱਗੂ ਨੇ ਕਿਹਾ ਕਿ ਇਨ੍ਹਾਂ ਰੁੱਖਾਂ ਵਿਚੋਂ ਕਈ ਰੁੱਖਾਂ ’ਤੇ ਵਿਭਾਗ ਦੇ ਵਿਿਦਆਰਥੀ ਪੀਐੱਚਡੀ ਵੀ ਕਰ ਰਹੇ ਹਨ। ਜੇਕਰ ਸੜਕ ਚੌੜੀ ਕਰਨ ਲਈ ਰੁੱਖਾਂ ਪੁੱਟੇ ਜਾਣੇ ਹਨ ਤਾਂ ਇਹ ਰੁੱਖ ਤਰੀਕੇ ਨਾਲ ਪੁੱਟ ਕੇ ਯੂਨੀਵਰਸਿਟੀ ਵਿੱਚ ਕਿਸੇ ਹੋਰ ਥਾਂ ਲਗਾਏ ਜਾ ਸਕਦੇ ਹਨ ਤਾਂ ਜੋ ਵਿਿਦਆਰਥੀਆਂ ਦਾ ਨੁਕਸਾਨ ਨਾ ਹੋਵੇ।

ਪੰਜਾਬੀ ਯੂਨੀਵਰਸਿਟੀ ਬਾਟਨੀ ਵਿਭਾਗ ਵੱਲੋਂ ਇਨ੍ਹਾਂ ਰੁੱਖਾਂ ਦੀ ਰਾਖੀ ਕਰ ਰਹੇ ਡਾ. ਮਨੀਸ਼ ਨੇ ਕਿਹਾ ਕਿ ਜੋ ਰੁੱਖ ਪੁੱਟੇ ਜਾ ਰਹੇ ਹਨ, ਉਹ ਬਹੁਤ ਦੁਰਲੱਭ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਨ੍ਹਾਂ ਰੁੱਖਾਂ ਨੂੰ ਬਚਾਉਣ ਲਈ ਲਿਖ ਕੇ ਭੇਜਿਆ ਹੈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਵਿੱਚ ਹਨ ਪਰ ਜੇਕਰ ਰੁੱਖ ਪੁੱਟੇ ਜਾਂਦੇ ਹਨ ਤਾਂ ਬਾਟਨੀ ਵਿਭਾਗ ਦਾ ਬਹੁਤ ਨੁਕਸਾਨ ਹੋਵੇਗਾ।

ਐੱਨਜੀਟੀ ਕੋਲ ਜ਼ੀਰਕਪੁਰ ਤੋਂ ਬਠਿੰਡਾ ਤੱਕ ਲੱਖ ਰੁੱਖ ਕੱਟੇ ਜਾਣ ਸਬੰਧੀ ਕੇਸ ਕਰਕੇ ਪੰਜਾਬ ਵਿੱਚ ਰੁੱਖਾਂ ਦੀ ਕਟਾਈ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੇ ਡਾ. ਅਮਨਦੀਪ ਅਗਰਵਾਲ ਨੇ ਕਿਹਾ ਹੈ ਕਿ ਐੱਨਜੀਟੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਰੁੱਖ ਕਟਿਆ ਨਹੀਂ ਜਾ ਸਕਦਾ ਪਰ ਇਹ ਮਿਲੀਭੁਗਤ ਕਰਕੇ ਰੁੱਖਾਂ ਨੂੰ ਕਤਲ ਕਰਨ ਲੱਗੇ ਹਨ, ਜੋ ਗੈਰਕਾਨੂੰਨੀ ਹੈ।

ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਨੇ ਕਿਹਾ ਹੈ ਕਿ ਅਜੇ ਰੁੱਖ ਪੁੱਟੇ ਜਾਣ ਦਾ ਸਮਾਂ ਤੈਅ ਨਹੀਂ ਕੀਤਾ ਗਿਆ ਪਰ ਸੜਕ ਚੌੜੀ ਕਰਨੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਲ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ

ਇਸ ਮਾਮਲੇ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ, ਜੰਗਲਾਤ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਉਲਝੇ ਨਜ਼ਰ ਆਏ ਕਿਉਂਕਿ ਇਹ ਰੁੱਖ ਪੁੱਟਣ ਲਈ ਅਜੇ ਤੱਕ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਨੇ ਨੈਸ਼ਨਲ ਗਰੀਨ ਟ੍ਰਿਿਬਊਨਲ ਵੱਲੋਂ ਪ੍ਰਵਾਨਗੀ ਲੈਣ ਲਈ ਇੱਕ ਵੀ ਕਾਗਜ਼ ਤਿਆਰ ਨਹੀਂ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਨੂੰ ਪੰਜਾਬੀ ਯੂਨੀਵਰਸਿਟੀ ’ਤੇ ਸੁੱਟ ਰਿਹਾ ਹੈ ਜਦਕਿ ਪੰਜਾਬੀ ਯੂਨੀਵਰਸਿਟੀ ਮਨਜ਼ੂਰੀ ਲੈਣ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ’ਤੇ ਸੁੱਟ ਰਹੀ ਹੈ।

ਸਿੱਖ ਸਿਆਸਤ ਦੀ ਟੀਮ ਨੇ ਇਸ ਮਾਮਲੇ ਸਬੰਧੀ ਦੀ ਵਧੇਰੇ ਜਾਣਕਾਰੀ ਲਈ ਬੋਟੈਨਿਕ ਗਾਰਡਨ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਬੋਟੈਨਿਕ ਗਾਰਡਨ ਦੇ 195 ਰੁਖਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਕਿਮਤੀ ਰੁੱਖ ਹਨ ਜੋ ਇਸ ਗਿਣਤੀ ਵਿੱਚ ਨਹੀ ਆਏ।ਉਨਾਂ ਛੋਟੇ ਰੁਖਾਂ ਤੇ ਨੰਬਰ ਨਾ ਲੱਗੇ ਹੋਣ ਦਾ ਕਾਰਨ ਪੁੱਛਣ ਤੇ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਨਾਂ ਰੁੱਖਾ ਦਾ ਤਨਾਂ 30 ਸੈਂਟੀ ਮੀਟਰ ਤੋਂ ਘੱਟ ਹੋਵੇ ਉਹ ਗਿਣਤੀ ਵਿੱਚ ਨਹੀ ਆਉਦਾ ਉਨਾਂ ਦੀ ਬਜਾਰੀ ਕਿਮਤ ਨਹੀ ਹੁੰਦੀ ਇਨ੍ਹਾਂ ਛੋਟੇ ਕਿਮਤੀ ਰੁੱਖਾਂ ਦੀ ਰੂੰਗੇ ਵਿੱਚ ਬਲੀ ਲਈ ਜਾਵੇਗੀ।

ਇਸ ਗਾਰਡਨ ਵਿੱਚ ਕੰਮ ਕਰਦੇ ਮਾਲੀਆਂ ਨੇ ਕਿਹਾ ਕਿ ਇਹ ਰੁੱਖ ਵੱਡ ਲਏ ਜਾਣੇ ਚਾਹੀਦੇ ਹਨ ਕਿਉਕਿ ਪੰਜਾਬੀ ਯੂਨੀਵਰਸਿਟੀ ਦਾ ਸਾਰਾ ਗੰਦਾ ਪਾਣੀ( ਸਿਵਰੇਜ਼ ਵਾਲਾ) ਇਨਾਂ ਨੂੰ ਦਿਨ ਰਾਤ ਦਿੱਤਾ ਜਾ ਰਿਹਾ ਉਸ ਨਾਲ ਬਹੁਤ ਸਾਰੇ ਰੁੱਖ ਸੁੱਕ ਚੁੱਕੇ( ਜਿਵੇ ਕਿ ਯੂਨੀਵਰਸਿਟੀ ਦੇ ਗੁਰੂਦੁਆਰੇ ਵਾਲੇ ਪਾਸੇ ਵੱਲ ਪੈਦਾ ਬੇਰੀਆਂ ਦਾ ਬਾਗ) ਅਤੇ ਹਨ ਕੁਝ ਸੁੱਕਣ ਵਾਲੇ(ਕੁੜੀਆਂ ਦੇ ਮਾਤਾ ਗੁਜਰੀ ਹੋਸਟਲ ਦੇ ਸਾਮਣੇ ਪੈਦਾ ਬਾਗ ਵਿੱਚ ਦੁਜਾ ਬੇਰੀਆ ਦਾ ਬਾਗ) ਹਨ ਅਤੇ ਕੁਝ ਸਾਲ ਤੱਕ ਸੱੁਕ ਜਾਣਗੇ।

ਇਸ ਸਬੰਧੀ ਵਿਿਦਆਰਥੀ ਨਾਲ ਗਲਬਾਤ ਕੀਤੀ ਤਾ ਉਨਾਂ ਕਿਹਾ ਕਿ ਇਨਾਂ ਕਿਮਤੀ ਰੁੱਖਾਂ ਨੂੰ ਵੱਡਣ ਨਹੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਯੂਨੀਵਰਸਿਟੀ ਦੀਆ ਸਾਰੀਆਂ ਵਿਿਦਆਰਥੀ ਜਥੇਬੰਦੀਆ ਨਾਲ ਬੈਠਕ ਕਰਕੇ ਹੀ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: