ਪੇਸ਼ੀ ਸਮੇਂ ਪੁਲਿਸ ਦੀ ਗੱਡੀ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ

ਪੰਜਾਬ ਦੀ ਰਾਜਨੀਤੀ

ਸਰਬੱਤ ਖਾਲਸਾ ਦੇ ਮਤਿਆਂ ਵਿੱਚ ਖਾਲਿਸਤਾਨ ਦਾ ਕੋਈ ਮਤਾ ਨਹੀਂ ਸੀ- ਗੁਰਦੀਪ ਸਿੰਘ ਬਠਿੰਡਾ

By ਸਿੱਖ ਸਿਆਸਤ ਬਿਊਰੋ

November 26, 2015

ਬਠਿੰਡਾ: ਧਾਰਾ 107/151 ਦੇ ਤਹਿਤ ਗ੍ਰਿਫਤਾਰ ਕੀਤੇ ਗਏ ਯੁਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਕੱਲ੍ਹ ਐਸ.ਡੀ.ਐਮ ਬਠਿੰਡਾ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ। ਐਸ.ਡੀ.ਐਮ ਅਨਮੋਲ ਸਿੰਘ ਧਾਲੀਵਾਲ ਵੱਲੋਂ ਇਸ ਕੇਸ ਵਿੱਚੋਂ ਭਾਈ ਬਠਿੰਡਾ ਨੂੰ ਬਰੀ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਸਰਬੱਤ ਖਾਲਸਾ ਸਮਾਗਮ ਵਿੱਚ ਜੋ 13 ਮਤੇ ਪਾਸ ਕੀਤੇ ਗਏ ਸਨ ਉਨ੍ਹਾਂ ਵਿੱਚ ਖ਼ਾਲਿਸਤਾਨ ਸੰਬੰਧੀ ਕੋਈ ਵੀ ਮਤਾ ਨਹੀਂ ਸੀ।ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਆਪਣੀਆਂ ਨਾਕਾਮੀਆਂ ਕਰਕੇ ਪੰਜਾਬ ਦੇ ਹਰ ਭਾਈਚਾਰੇ ਵਿੱਚੋਂ ਭਰੋਸਾ ਗੁਆ ਚੁੱਕੀ ਹੈ ਤੇ ਹੁਣ ਝੂਠ ਦਾ ਸਹਾਰਾ ਲੈ ਕੇ ਵਿਰੋਧੀ ਪੰਥਕ ਧਿਰਾਂ ਨੂੰ ਬਦਨਾਮ ਕਰਨ ਲਈ ਹਿੰਦੂ ਭਾਈਚਾਰੇ ਵਿੱਚ ਹਊਆ ਖੜਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਾਰੇ ਭਾਈਚਾਰਿਆਂ ਵਿੱਚ ਏਕਤਾ ਤੇ ਸ਼ਾਤੀ ਦਾ ਹਾਮੀ ਹੈ ਅਤੇ ਉਹ ਪੰਜਾਬ ਵਿੱਚ ਅਮਨ ਸ਼ਾਤੀ ਬਣਾਈ ਰੱਖਣ ਦੇ ਪਹਿਰੇਦਾਰ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ ਅਤੇ ਇਨਸਾਫ ਮੰਗਣ ਵਾਲੇ ਪੰਥਕ ਲੋਕਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਬਾਦਲ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਬੁਖਲਾਹਟ ਵਿੱਚ ਆਈ ਬਾਦਲ ਸਰਕਾਰ ਆਪਣੀ ਵੋਟ ਸਿਆਸਤ ਲਈ ਪੰਜਾਬ ਵਿੱਚ ਬਦਅਮਨੀ ਦਾ ਮਾਹੌਲ ਬਣਾ ਰਹੀ ਹੈ।

ਸੰਗਰੂਰ ਜੇਲ ਤੋਂ ਇੱਥੇ ਲਿਆਂਦੇ ਗਏ ਭਾਈ ਬਠਿੰਡਾ ਨੂੰ ਇਸ ਕੇਸ ਵਿੱਚੋਂ ਰਿਹਾਈ ਤੋਂ ਬਾਅਦ ਦੇਸ਼ ਧਰੋਹ ਦੇ ਕੇਸ ਵਿੱਚ ਨਾਮਜ਼ਦ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਦੁਬਾਰਾ ਫੇਰ ਪੁਲਿਸ ਵੱਲੋਂ ਸੰਗਰੂਰ ਜੇਲ੍ਹ ਲਿਜਾਣ ਦੀ ਖਬਰ ਹੈ।ਭਾਈ ਬਠਿੰਡਾ ਦੇ ਸਪੁੱਤਰ ਅਤੇ ਯੂਥ ਅਕਾਲੀ ਫੋਰਮ ਦੇ ਜ਼ਿਲ੍ਹਾ ਪ੍ਰਧਾਨ ਭਾਈ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਭਾਈ ਬਠਿੰਡਾ ਨੂੰ ਪੇਸ਼ੀ ਸਮੇਂ ਪੁਲਿਸ ਦੀ ਗੱਡੀ ਵਿੱਚੋਂ ਵੀ ਨਹੀਂ ਉਤਾਰਿਆ ਗਿਆ ਤੇ ਨਾ ਹੀ ਕਿਸੇ ਪਰਿਵਾਰਿਕ ਮੈਂਬਰ ਨੂੰ ਮਿਲਣ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: