ਆਮ ਖਬਰਾਂ

ਹੁਣ ਝਾਰਖੰਡ ‘ਚ ਭੀੜ ਵਲੋਂ ਅਲੀਮੁਦੀਨ ਦਾ ਕਤਲ, ਗੱਡੀ ਨੂੰ ਲਾਈ ਅੱਗ

By ਸਿੱਖ ਸਿਆਸਤ ਬਿਊਰੋ

June 29, 2017

ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ਨਾਲ ਲਗਦੇ ਰਾਮਗੜ੍ਹ ‘ਚ ਅਲੀਮੁਦੀਨ ਨਾਂ ਦੇ ਮੁਸਲਮਾਨ ਨੌਜਵਾਨ ਦਾ ਭੀੜ ਨੇ ਕਤਲ ਕਰ ਦਿੱਤਾ। ਭੀੜ ਨੇ ਉਸਦੀ ਗੱਡੀ ਨੂੰ ਅੱਗ ਲਾ ਦਿੱਤੀ।

ਬੀਬੀਸੀ ਦੀ ਖ਼ਬਰ ਮੁਤਾਬਕ ਇਕ ਚਸ਼ਮਦੀਦ ਨੇ ਦੱਸਿਆ ਕਿ ਭੀੜ ‘ਚ ਸ਼ਾਮਲ ਲੋਕ ਰੌਲਾ ਪਾ ਰਹੇ ਸੀ ਕਿ ਅਲੀਮੁਦੀਨ ਦੀ ਗੱਡੀ ‘ਚ ਗਾਂ ਦਾ ਮੀਟ ਹੈ। ਇਸਤੋਂ ਬਾਅਦ ਲੋਕਾਂ ਦੀ ਗਿਣਤੀ ਵਧਦੀ ਗਈ। ਭੀੜ ਨੇ ਉਸਦੀ ਗੱਡੀ ਨੂੰ ਘੇਰ ਲਿਆ ਅਤੇ ਉਸਨੂੰ ਥੱਲ੍ਹੇ ਲਾਹ ਕੇ ਮਾਰਨ ਲੱਗ ਗਈ। ਇਸ ਦੌਰਾਨ ਕੁਝ ਲੋਕਾਂ ਨੇ ਪੈਟਰੋਲ ਪਾ ਕੇ ਉਸਦੀ ਗੱਡੀ ਨੂੰ ਅੱਗ ਲਾ ਦਿੱਤੀ।

ਖ਼ਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪੁੱਜੀ ਅਤੇ ਅਲੀਮੁਦੀਨ ਨੂੰ ਭੀੜ ਤੋਂ ਬਚਾ ਕੇ ਰਾਂਚੀ ਦੇ ਹਸਪਤਾਲ ‘ਚ ਦਾਖਲ ਕਰਾਇਆ ਪਰ ਕੁਝ ਸਮੇਂ ਬਾਅਦ ਹਸਪਤਾਲ ‘ਚ ਅਲੀਮੁਦੀਨ ਦੀ ਮੌਤ ਹੋ ਗਈ।

ਝਾਰਖੰਡ ਪੁਲਿਸ ਦੇ ਬੁਲਾਰੇ ਅਤੇ ਆਈ.ਜੀ. (ਆਪਰੇਸ਼ਨ) ਆਰ.ਕੇ. ਮਲਿਕ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਅਲੀਮੁਦੀਨ ਅੰਸਾਰੀ ਰਾਮਗੜ੍ਹ ਜ਼ਿਲ੍ਹੇ ਦੇ ਗਿੱਦੀ ਥਾਣਾ ਇਲਾਕੇ ਦਾ ਰਹਿਣ ਵਾਲਾ ਸੀ।

ਪੁਲਿਸ ਮੁਤਾਬਕ ਅਲੀਮੁਦੀਨ ‘ਤੇ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਚੱਲ ਰਹੇ ਸੀ। ਮਲਿਕ ਨੇ ਦਾਅਵਾ ਕੀਤਾ ਕਿ ਉਸਦਾ ਕਤਲ ਗੁੰਡਾ ਟੈਕਸ ਲੈਣ ਕਰਕੇ ਕੀਤਾ ਗਿਆ ਅਤੇ ਉਹ ਪਹਿਲਾਂ ਤੋਂ ਤੈਅ ਸਾਜ਼ਿਸ਼ ਮੁਤਾਬਕ ਹੋਇਆ।

ਆਰ.ਕੇ. ਮਲਿਕ ਨੇ ਮੀਡੀਆ ਨੂੰ ਦੱਸਿਆ, “ਮਾਸ ਦਾ ਕਾਰੋਬਾਰਕ ਕਰਨ ਕਰਕੇ ਕੁਝ ਲੋਕ ਪਹਿਲਾਂ ਹੀ ਉਸਤੋਂ ਗੁੰਡਾ ਟੈਕਸ ਲੈਂਦੇ ਰਹਿੰਦੇ ਸੀ। ਸ਼ਾਇਦ ਇਸੇ ਕਾਰਨ ਹੋਏ ਝਗੜੇ ਕਰਕੇ ਉਸਦਾ ਕਤਲ ਕੀਤਾ ਗਿਆ।”

ਉਨ੍ਹਾਂ ਕਿਹਾ, “ਅੱਜ ਦੁਪਹਿਰ ਅਲੀਮੁਦੀਨ ਜਿਵੇਂ ਹੀ ਆਪਣੇ ਘਰ ਤੋਂ ਨਿਕਲਿਆ ਤਾਂ ਕੁਝ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਰਾਹ ‘ਚ ਜਿੱਥੇ ਪਿੱਛਾ ਕਰਨ ਵਾਲਿਆਂ ਦੇ ਬੰਦੇ ਪਹਿਲਾਂ ਤੋਂ ਮੌਜੂਦ ਸਨ, ਅਲੀਮੁਦੀਨ ਨੂੰ ਰੋਕ ਕੇ ਗਾਂ ਦਾ ਮਾਸ ਲਿਜਾਣ ਦੀ ਅਫਵਾਹ ਫੈਲਾਈ ਗਈ। ਇਸ ਦਾ ਫਾਇਦਾ ਚੁੱਕ ਕੇ ਉਸਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।”

ਆਰ.ਕੇ. ਮਲਿਕ ਨੇ ਕਿਹਾ, “ਇਸਦੀ ਜਾਂਚ ਕੀਤੀ ਜਾਏਗਾ ਅਤੇ ਮਾਸ ਦੇ ਸੈਂਪਲ ਐਫ.ਐਸ.ਐਲ. ਲੈਬ ‘ਚ ਜਾਂਚ ਲਈ ਭੇਜੇ ਜਾਣਗੇ। ਇਸਤੋਂ ਬਾਅਦ ਹੀ ਇਹ ਦੱਸ ਸਕਣਾ ਸੰਭਵ ਹੋਵੇਗਾ ਕਿ ਮਾਸ ਕਿਸ ਜਾਨਵਰ ਦਾ ਸੀ।”

ਇਸ ਦੌਰਾਨ ਰਾਂਚੀ ਪਹੁੰਚੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਘੱਟਗਿਣਤੀ ਦੇ ਲੋਕ ਡਰ ਦੇ ਮਾਹੌਲ ‘ਚ ਜੀਅ ਰਹੇ ਹਨ ਅਤੇ ਹੁਣ ਗੋਧਰਾ ਕਾਂਡ ਤੋਂ ਬਾਅਦ ਪੈਦਾ ਹੋਏ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਬੰਧਤ ਖ਼ਬਰ: ਝਾਰਖੰਡ: ਮਰੀ ਗਾਂ ਕਰਕੇ ਭੀੜ ਨੇ ਬਜ਼ੁਰਗ ਨੂੰ ਕੁੱਟਿਆ ਅਤੇ ਘਰ ਨੂੰ ਲਾਈ ਅੱਗ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: