ਇਤਿਹਾਸ ਸੰਬੰਧੀ ਸੂਬਾਈ ਕਾਨਫ਼ਰੰਸ 'ਚ ਸ਼ਾਮਲ ਭਾਈਚਾਰਕ ਅਤੇ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ

ਕੌਮਾਂਤਰੀ ਖਬਰਾਂ

ਪੱਛਮੀ ਆਸਟਰੇਲੀਆ ਦੇ ਸਕੂਲਾਂ ‘ਚ 5ਵੀਂ, 6ਵੀਂ, 9ਵੀਂ ਜਮਾਤ ‘ਚ ਪੜ੍ਹਾਇਆ ਜਾਏਗਾ ਸਿੱਖ ਇਤਿਹਾਸ

By ਸਿੱਖ ਸਿਆਸਤ ਬਿਊਰੋ

March 23, 2017

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਪੱਛਮੀ ਆਸਟਰੇਲੀਆ ਦੇ ਸਕੂਲਾਂ ‘ਚ ਹੁਣ ਸਿੱਖਾਂ ਦਾ ਇਤਿਹਾਸ ਪਾਠਕ੍ਰਮ ਦਾ ਹਿੱਸਾ ਹੋਵੇਗਾ ਸੂਬੇ ਦੇ ਸਕੂਲਾਂ ‘ਚ ਹੁਣ ਸਥਾਨਕ ਬੱਚੇ ਸਿੱਖ ਭਾਈਚਾਰੇ ਦੇ ਕੌਮਾਂਤਰੀ ਇਤਿਹਾਸ ਤੋਂ ਜਾਣੂ ਹੋ ਸਕਣਗੇ ਇਸ ਸੰਬੰਧੀ ਹਿਸਟਰੀ ਟੀਚਰਜ਼ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ (ਐਚ.ਟੀ.ਏ.ਡਬਲਿਊ.ਏ) ਵਲੋਂ ਤਿਆਰ ਸਲੇਬਸ ਪਰਥ ‘ਚ ਹੋਈ ਸੂਬਾਈ ਕਾਨਫਰੰਸ ‘ਚ ਜਾਰੀ ਕੀਤਾ ਗਿਆ ਹੈ।

ਸ਼ੁਰੂਆਤੀ ਦੌਰ ‘ਚ ਪੰਜਵੀਂ ,ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਸਿੱਖ ਭਾਈਚਾਰੇ ਦੀ ਸੰਸਾਰ ਜੰਗਾਂ ‘ਚ ਦਿਖਾਈ ਸੂਰਮਗਤੀ, ਭਾਈਚਾਰੇ ‘ਚ ਸਰਬੱਤ ਦੇ ਭਲੇ ਲਈ ਕੀਤੇ ਗਏ ਕਾਰਜਾਂ ਸਮੇਤ ਇਸ ਕੌਮ ਦੇ ਵੱਖ-ਵੱਖ ਮਾਣਯੋਗ ਪਹਿਲੂਆਂ ਤੋਂ ਜਾਣੂ ਹੋ ਸਕਣਗੇ ਇਤਿਹਾਸ ਦੇ ਵਿਸ਼ੇ ‘ਚ ਸਿੱਖ ਹਿਸਟਰੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ।

ਡੇਢ ਸੌ ਸਾਲ ਤੋਂ ਆਸਟਰੇਲੀਆ ‘ਚ ਰਹਿ ਰਹੇ ਸਿੱਖ ਭਾਈਚਾਰੇ ਦੀਆਂ ਇਤਿਹਾਸਿਕ ਤੰਦਾਂ ਇਸ ਮੁਲਕ ਦੇ ਤਾਣੇ-ਬਾਣੇ ਨਾਲ ਜੁੜੀਆਂ ਹਨ ਕਰੀਬ 1850 ਤੋਂ ਸਿੱਖਾਂ ਨੇ ਇਸ ਧਰਤੀ ‘ਤੇ ਰਹਿਣਾ ਸ਼ੁਰੂ ਕੀਤਾ ਹੈ।

ਵਿਸ਼ਵ ਜੰਗ ਦੌਰਾਨ ਆਸਟਰੇਲੀਆ-ਨਿਊਜ਼ੀਲੈਂਡ ਦੀਆਂ ਫ਼ੌਜਾਂ ਦੇ ਮੋਢੇ ਨਾਲ ਮੋਢਾ ਲਾ ਕੇ ਲੜੇ ਸਿੱਖਾਂ ਦਾ ਇਤਿਹਾਸ ਕੇਂਦਰੀ ਆਸਟਰੇਲੀਆ ਦੇ ਉਨ੍ਹਾਂ ਦੂਰ ਦੁਰਾਡੇ ਮਾਰੂਥਲਾਂ ‘ਚੋਂ ਬੋਲਦਾ ਹੈ ਜਿੱਥੇ ਆਵਾਜਾਈ ਦੇ ਸੀਮਤ ਸਾਧਨਾਂ ਵਾਲੇ ਸਮਿਆਂ ‘ਚ ਇਸ ਮੱਤ ਨਾਲ ਜੁੜੇ ਲੋਕ ਵਪਾਰ ਕਰਨ ਜਾਂਦੇ ਸਨ ਊਠਾਂ ਵਾਲੇ ਸਰਦਾਰਾਂ ਨੂੰ ਪਹਿਲਾਂ ਅਫ਼ਗਾਨ ਸਮਝਿਆ ਗਿਆ ਪਰ ਹੁਣ ਤੱਥਾਂ ਸਮੇਤ ਇਹ ਸੰਘਰਸ਼ਮਈ ਤਵਾਰੀਖ਼ ਆਸਟਰੇਲੀਅਨ ਬੱਚਿਆਂ ਨੂੰ ਪੜ੍ਹਾਈ ਜਾਵੇਗੀ ਕਿ ਕਿਸ ਤਰ੍ਹਾਂ ਜੰਗ ਦੇ ਮੈਦਾਨਾਂ ਤੋਂ ਸਮਾਜ ਭਲਾਈ ਦੇ ਕਾਰਜਾਂ ‘ਚ ਮੋਢੀ ਸਿੱਖ ਆਸਟਰੇਲੀਅਨ ਸਮਾਜ ਦਾ ਵਿਸ਼ੇਸ਼ ਹਿੱਸਾ ਰਹੇ ਹਨ।

ਇਤਿਹਾਸ ਦੀ ਸ਼ਮੂਲੀਅਤ ਦੇ ਇਸ ਉਪਰਾਲੇ ‘ਚ ਕਾਰਜਸ਼ੀਲ ਰਹੇ ਤਰੁਨਪ੍ਰੀਤ ਸਿੰਘ ਨੇ ਸਥਾਨਕ ਰੇਡੀਓ ਐਸ.ਬੀ.ਐਸ ਰਾਹੀਂ ਹੋਰਨਾਂ ਸੂਬਿਆਂ ਵਲੋਂ ਵੀ ਸਕੂਲ ਸਿਲੇਬਸ ‘ਚ ਸਿੱਖ ਇਤਿਹਾਸ ਸ਼ਾਮਲ ਕਰਨ ਦੀ ਉਮੀਦ ਜਿਤਾਈ ਹੈ।

ਉਨੀਵੀਂ, ਵੀਹਵੀਂ ਅਤੇ ਇੱਕੀਵੀਂ ਸਦੀ ਦਾ ਸਿੱਖ ਇਤਿਹਾਸ ਮੁੱਖ ਤੌਰ ‘ਤੇ ਇਸ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ। ਆਸਟਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ ਦੇ ਸਾਂਝੇ ਸਹਿਯੋਗ ਨਾਲ ਸੂਬਾਈ ਬਾਡੀ ਨੇ ਇਹ ਜਾਣਕਾਰੀ ਸਕੂਲਾਂ ‘ਚ ਪਹੁੰਚਾਉਣ ਲਈ ਉਪਰਾਲੇ ਕਈ ਸਾਲਾਂ ਤੋਂ ਆਰੰਭੇ ਹੋਏ ਸਨ ਜਿਸ ਨੂੰ ਹੁਣ ਬੂਰ ਪਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: