ਚੋਣਵੀਆਂ ਲਿਖਤਾਂ

ਸਾਡੇ ਅਮਲ ਦੀ ਲਿਸ਼ਕੋਰ ‘ਚ ਸਾਡਾ ਚਾਨਣ ਨਹੀਂ (6 ਜੂਨ 2018 ਨੂੰ ਸਾਡੇ ਰਵੱਈਏ ਬਾਬਤ)

By ਸਿੱਖ ਸਿਆਸਤ ਬਿਊਰੋ

June 08, 2018

ਮਲਕੀਤ ਸਿੰਘ ਭਵਾਨੀਗੜ੍ਹ*

ਜਿੰਦਗੀ ਵਿੱਚ ਕੁਝ ਵਰਤਾਰੇ ਅਜਿਹੇ ਹੁੰਦੇ ਹਨ ਜਿਹੜੇ ਮਨੁੱਖ ਦੇ ਚੇਤੇ ਵਿੱਚ ਇਕ ਖਾਸ ਜਗ੍ਹਾ ਬਣਾ ਲੈਂਦੇ ਹਨ। ਮਨੁੱਖ ਉਹਨਾਂ ਨੂੰ ਯਾਦ ਕਰਦਾ ਹੈ, ਇਹ ਪਹਿਲਾ ਕਦਮ ਹੁੰਦਾ ਹੈ ਪਰ ਇਹ ਵੱਡੀ ਜਿੰਮੇਵਾਰੀ ਵਾਲਾ ਕਦਮ ਹੈ, ਇਹ ਕਦਮ ਪੁੱਟਣਾ ਓਨਾ ਔਖਾ ਨਹੀਂ, ਜਿੰਨਾ ਔਖਾ ਇਹ ਸਮਝਣਾ ਹੈ ਕਿ ਇਸ ਕਦਮ ਨੂੰ ਪੁੱਟਣਾ ਕਿਵੇਂ ਹੈ। ਜੇਕਰ ਮਨੁੱਖ ਉਸ ਵਰਤਾਰੇ ਨੂੰ ਪੂਰੀ ਪਵਿੱਤਰਤਾ ਅਤੇ ਇਮਾਨਦਾਰੀ ਨਾਲ ਯਾਦ ਨਹੀਂ ਕਰਦਾ ਤਾਂ ਉਸ ਵਰਤਾਰੇ ਦੀ ਠੀਕ ਸਮਝ ਦੀ ਲਿਸ਼ਕੋਰ ਨਹੀਂ ਪੈ ਸਕਦੀ।

ਸਿੱਖ ਕੌਮ ਨੇ ਪਿਛਲੇ ਦਿਨੀਂ 20ਵੀਂ ਸਦੀ ਦੇ ਅਖੀਰ ਵਿੱਚ ਹੋਏ ਤੀਜੇ ਘੱਲੂਘਾਰੇ ਨੂੰ ਯਾਦ ਕੀਤਾ ਹੈ, ਜੋ ਕਿ ਹਰ ਸਾਲ ਕੀਤਾ ਜਾਂਦਾ ਹੈ ਅਤੇ ਕੀਤਾ ਜਾਂਦਾ ਰਹੇਗਾ। 34 ਸਾਲ ਪਹਿਲਾਂ ਹੋਏ ਇਸ ਘੱਲੂਘਾਰੇ ਨੂੰ ਯਾਦ ਕਰਨਾ, ਸ਼ਹੀਦਾਂ ਨੂੰ ਪ੍ਰਣਾਮ ਕਰਨਾ ਸਾਡਾ ਹੱਕ ਵੀ ਹੈ ਅਤੇ ਸਾਡਾ ਫਰਜ ਵੀ। ਪਰ ਜੇਕਰ ਗੱਲ ਸਿਰਫ ਯਾਦ ਕਰਨ ਦੀ ਹੀ ਹੋਵੇ ਤਾਂ ਉਹ ਯਾਦ ਤੁਹਾਨੂੰ ਬਹੁਤਾ ਕੁਝ ਨੀ ਦੇ ਸਕਦੀ, ਉਹ ਤੁਹਾਡਾ ਲੈ ਬਹੁਤ ਕੁਝ ਜਾਏਗੀ। ਗੱਲ ਸਿਰਫ ਯਾਦ ਕਰਨ ਦੀ ਨਹੀਂ, ਗੱਲ ਉਸ ਪਵਿੱਤਰਤਾ ਨੂੰ ਬਹਾਲ ਰੱਖਣ ਦੀ ਹੁੰਦੀ ਹੈ। ਗੱਲ ਸ਼ਹੀਦਾਂ ਦਾ ਨਾਮ ਲੈਣ ਦੀ ਨਹੀਂ, ਗੱਲ ਸ਼ਹੀਦਾਂ ਦੇ ਕਿਰਦਾਰਾਂ ਵਰਗਾ ਬਣਨ ਦੀ ਹੁੰਦੀ ਹੈ। ਗੱਲ ਸ਼ਹੀਦਾਂ ਦੇ ਸੁਪਨੇ ਨੂੰ, ਉਹਨਾਂ ਦੇ ਨਿਸ਼ਾਨੇ ਨੂੰ ਉੱਚੀ ਉੱਚੀ ਦੁਹਰਾਉਣ ਦੀ ਨਹੀਂ, ਗੱਲ ਉਹ ਸੁਪਨੇ ਨੂੰ, ਉਹ ਨਿਸ਼ਾਨੇ ਨੂੰ ਦਿਲੋਂ ਅਵਾਜ਼ ਦੇਣ ਦੀ ਹੁੰਦੀ ਹੈ।

ਜਦੋਂ ਤੁਸੀਂ ਕਿਸੇ ਅਜਿਹੀ ਘਟਨਾ ਨੂੰ ਯਾਦ ਕਰਨਾ ਹੈ ਤਾਂ ਇਹ ਆਪਣੇ ਆਪ ਵਿੱਚ ਇਕ ਵੱਡੀ ਜੰਗ ਹੈ, ਵੱਡਾ ਤੂਫਾਨ ਹੈ ਜਿਸ ਦੇ ਸਾਹਵੇਂ ਖਲੋਣ ਲਈ ਤੁਹਾਡਾ ਜੜਾਂ ਨਾਲ ਜੁੜੇ ਹੋਣਾ ਜਰੂਰੀ ਹੈ। ਜੜਾਂ ਤੋਂ ਕਮਜ਼ੋਰ ਬਿਰਖ ਦਾ ਤੂਫਾਨਾਂ ਨਾਲ ਮੁਕਾਬਲੇ ਕਿਵੇਂ ਹੋਵੇ? ਮਨ ਦੀ ਤਸੱਲੀ ਲਈ ਤੂਫਾਨ ਦੇ ਵੱਧ ਦਹਿਸ਼ਤਗਰਦ ਹੋਣ ਦਾ ਇਲਜ਼ਾਮ ਤਾਂ ਲਾਇਆ ਜਾ ਸਕਦਾ ਹੈ ਪਰ ਬਿਰਖ ਦੇ ਜੜਾਂ ਤੋਂ ਕਮਜ਼ੋਰ ਹੋਣ ਦੀ ਘਾਟ ਉੱਪਰ ਝਾਤ ਕਾਹਲਾ ਅਤੇ ਮਨ ਮਰਜੀ ਵਾਲਾ ਬੰਦਾ ਕਿਵੇਂ ਪਾਵੇ?

ਸਾਡੀ ਬੁਨਿਆਦ ਗੁਰਬਾਣੀ ਹੈ, ਤੇ ਜਿੰਨ੍ਹਾਂ ਨੂੰ ਯਾਦ ਕਰ ਰਹੇ ਹਾਂ ਉਹ ਬਾਣੀ ਪੜਦੇ ਪੜਦੇ ਬਾਣੀ ਹੋਏ ਹੋਏ ਸੀ। ਬਾਣੀ ਤੋਂ ਪਵਿੱਤਰ ਸਿੱਖ ਲਈ ਹੋਰ ਹੈ ਕੀ? ਤੇ ਪਵਿੱਤਰ ਚੀਜ਼ਾਂ ਨਾਲ ਗਲਤੀ ਨਾਲ ਜਾ ਅਨਜਾਣ ਪੁਣੇ ਚ ਵੀ ਗਲਤ ਵਰਤਾਰਾ ਕਰਨਾ ਕੀ ਨੁਕਸਾਨ ਕਰਦਾ ਹੈ, ਇਹਦਾ ਕਿਆਸ ਸ਼ਬਦਾਂ ਚ ਨਹੀਂ ਲਾਇਆ ਜਾ ਸਕਦਾ।

ਸੰਘਰਸ਼ ਸਦਾ ਇਕੋ ਰਫਤਾਰ ਚ ਨਹੀਂ ਰਿਹਾ ਕਰਦੇ, ਸੰਘਰਸ਼ ਕਰਨ ਵਾਲੀਆਂ ਧਿਰਾਂ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਤੇ ਸੰਬੰਧਿਤ ਲੀਡਰਸ਼ਿਪ ਤੇ ਵੀ। ਅੱਜ ਵੱਡੇ ਹਿੱਸੇ ਨੇ ਸਿਆਸੀ ਲੀਡਰਸ਼ਿਪ (ਜੋ ਕਿਸੇ ਵੇਲੇ ਕੌਮ ਦੀ ਅਗਵਾਈ ਕਰਦੀ ਸੀ) ਅਤੇ ਉਨ੍ਹਾਂ ਦੇ ਲਾਏ ਜਥੇਦਾਰਾਂ ਨੂੰ ਨਕਾਰ ਦਿੱਤਾ ਹੈ। ਕਿੰਨੀ ਵੇਰਾਂ ਕੌਮ ਨੇ ਜਥੇਦਾਰ ਦੇ ਬੋਲਣ ਤੇ ਵਿਰੋਧ ਕੀਤਾ ਹੈ? ਇਹ ਕੋਈ ਲੁਕੀ ਛਿਪੀ ਗੱਲ ਨਹੀਂ, ਸਗੋਂ ਜਗ ਜਾਹਿਰ ਹੈ।

6 ਜੂਨ ਨੂੰ ਵੀ ਜਥੇਦਾਰ ਦੇ ਬੋਲਣ ਦਾ ਵਿਰੋਧ ਹੋਇਆ, ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਲੱਗੇ, ਟਾਸਕ ਫੋਰਸ ਨੇ ਵੀ ਆਪਣੀ ਪਿੱਠ ਤੇ ਮਿਲੇ ਥਾਪੜੇ ਦਾ ਪੂਰਾ-ਪੂਰਾ ਲਾਹਾ ਲਿਆ। ਪਰ ਨਾਲ ਹੀ ਘੱਲੂਘਾਰੇ ਦੀ ਯਾਦ ਚ ਇੱਕਤਰ ਹੋਏ ਸਾਡੇ ਬੰਦਿਆਂ ਚੋਂ 10 ਪਿੱਛੇ 7 ਬੰਦਿਆਂ ਦੇ ਹੱਥ ਚ ਮੋਬਾਇਲ ਫੋਨ ਸੀ ਤੇ ਉਹ ਕਿਸੇ ਅਨਸੁਖਾਵੀਂ ਘਟਨਾਂ ਵਾਪਰਣ ਦੇ ਭਾਰਤੀ ਮੀਡੀਏ ਵਾਲਿਆਂ ਤੋਂ ਘੱਟ ਉਡੀਕ ਚ ਨਹੀਂ ਸਨ।

ਤਸਵੀਰਾਂ ਖਿੱਚੀਆਂ ਜਾ ਰਹੀਆਂ ਸਨ, ਕੈਮਰਿਆਂ ਅੱਗੇ ਖਲੋ ਕੇ ਕਿਰਪਾਨਾਂ ਉਤਾਹਾਂ ਕਰ ਕਰ ਨਾਹਰੇ ਲੱਗ ਰਹੇ ਸਨ, ਇਹ ਨਾਹਰੇ ਕੈਮਰਿਆਂ ਦੇ ਪਾਸੇ ਹੋ ਜਾਣ ਤੇ ਥੱਕ ਗਏ, ਜਿਵੇਂ ਕਿ ਨਾਹਰੇ ਬਸ ਕੈਮਰਿਆਂ ਨੂੰ ਭਰਨ ਵਾਸਤੇ ਸਨ। ਕੋਈ ਵਿਰਲੇ ਚੌਂਕੜੇ ਆਉਂਦੇ ਰਹੇ, ਲਗਦੇ ਰਹੇ, ਚੁੰਮਦੇ ਗਏ ਉਹ ਧਰਤ ਜਿੱਥੇ ਮੌਤ ਵਿਆਹੀ ਸੀ ਖਾਲਸੇ ਨੇ ਆਪਣੀ ਹੋਂਦ ਲਈ, ਗੁਰੂ ਦੇ ਪਿਆਰ ਚ ਆਪਾ ਵਾਰਿਆ ਸੀ, ਮਹਿਸੂਸ ਕਰਦੇ ਗਏ ਉਹ ਸੀਸ ਭੇਂਟ ਕਰਨ ਵਾਲਿਆਂ ਨੂੰ।

ਇਸ ਲਿਖਤ ਦਾ ਵਿਰੋਧ ਨਾਹਰੇ ਲਾਉਣ ਤੇ ਨਹੀਂ, ਵਿਰੋਧ ਜਥੇਦਾਰ ਦੇ ਬੋਲਣ ਤੇ ਰੋਸ ਕਰਨ ਦਾ ਵੀ ਨਹੀਂ, ਵਿਰੋਧ ਹੈ ਬਸ ਸਾਡਾ ‘ਅਸੀਂ’ ਨਾ ਹੋਣ ਦਾ। ਸਚੁਮੱਚ ਅਸੀਂ ‘ਅਸੀਂ’ ਨਹੀਂ ਹਾਂ। ਸਾਡੇ ਰਵੱਈਏ ਦੀ ਲਿਸ਼ਕੋਰ ’ਚ ਸਾਡਾ ਚਾਨਣ ਨਹੀਂ। ਪਵਿੱਤਰ ਲਫਜ਼ਾਂ ਨੂੰ ਬੋਲਦੀ ਸੋਚ ਪਵਿੱਤਰ ਨਹੀਂ, ਪਵਿੱਤਰ ਦਿਨਾਂ ਤੇ ਉਕਰੇ ਜਾ ਰਹੇ ਦ੍ਰਿਸ਼ ਪਵਿੱਤਰ ਨਹੀਂ। ਫਿਰ ਅਸੀਂ ਕਿਵੇਂ ਕਿਸੇ ਪਵਿੱਤਰ ਸ਼ਖਸ਼ੀਅਤ ਨੂੰ ਯਾਦ ਕਰਨ ਦਾ ਦਾਅਵਾ ਕਰ ਸਕਦੇ ਹਾਂ? ਜਦੋਂ ਯਾਦ ਕਰਨ ਦਾ ਕਦਮ ਸਹੀ ਨਹੀਂ, ਫਿਰ ਉਹਨਾਂ ਦੇ ਕਦਮਾਂ ਤੇ ਕਦਮ ਰੱਖਣ ਦਾ ਦਾਅਵਾ ਕਿਵੇਂ ਸਹੀ ਹੋਵੇਗਾ?

ਨਾਹਰੇ ਕੈਮਰਿਆਂ ਨੂੰ ਸੁਣਾਉਣ ਲਈ ਨਾ ਨਿਕਲਣ, ਸਾਡੀ ਚੁੱਪ ਕਿਸੇ ਨੂੰ ਚੁੱਪ ਕਰਾਉਣ ਦੇ ਸਮਰੱਥ ਬਣੇ, ਸਾਡੀ ਕਾਹਲ ਨੂੰ ਸੰਗਲ ਲੱਗੇ, ਸਾਡਾ ਮੱਥਾ ਸ਼ਹੀਦਾਂ ਦੀ ਧਰਤ ਨੂੰ ਚੁੰਮੇਂ, ਸਾਡਾ ਧੁਰ ਅੰਦਰ ਸ਼ਹੀਦਾਂ ਨੂੰ ਮਹਿਸੂਸ ਕਰੇ, ਸਾਡਾ ਤਿਆਗ ਵਧੇ ਫੁੱਲੇ, ਅਸੀਂ ਡੂੰਘੇ ਦਰਿਆ ਬਣੀਏਂ, ਸਾਡੇ ਚੌਂਕੜੇ ਅਮੀਰ ਹੋਣ, ਸਾਡੀ ਸੁਰਤ ਨੂੰ ਟਿਕਣ ਦਾ ਵੱਲ ਆਵੇ, ਸਾਡੇ ਪੈਰ ਉਹ ਬਜ਼ੁਰਗ ਰਾਹ ਵੱਲ ਨੂੰ ਮੂੰਹ ਕਰਨ ਇਹ ਅਰਦਾਸ ਸਾਨੂੰ ਕਰਨੀ ਗੁਰੂ ਮਹਾਰਾਜ ਸਿਖਾ ਦੇਣ। ਫਿਰ ਸਾਡੇ ਅਮਲ ਦੀ ਲਿਸ਼ਕੋਰ ਚ ਸਾਡਾ ਚਾਨਣ ਹੋਵੇਗਾ। ਅਸੀਂ ਅਸੀਂ ਹੋਵਾਂਗੇ, ਫਿਰ ਗੱਲ ਤੂਫਾਨਾਂ ਦੀ ਦਹਿਸ਼ਤ ਦੀ ਨਹੀਂ ਸਾਡੀ ਬਹਾਦਰੀ ਦੀ ਚੱਲੇਗੀ।

* 7 ਜੂਨ 2018

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: