ਆਮ ਖਬਰਾਂ

ਪੰਜਾਬ ਯੂਨੀਵਰਸਿਟੀ ਵਿਚ ਗੁਰਦਾਸ ਮਾਨ ਦਾ ਵਿਰੋਧ; ਸਟੇਜ ਸਾਹਮਣੇ ਪਹੁੰਚਕੇ ਵਿਦਿਆਰਥੀਆਂ ਨੇ ਮਾਰੇ ਨਾਅਰੇ

March 8, 2020 | By

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਗੁਰਦਾਸ ਮਾਨ ਦੇ ਅਖਾੜੇ ਦੌਰਾਨ ਵਿਦਿਆਰਥੀਆਂ ਵੱਲੋਂ ਗੁਰਦਾਸ ਮਾਨ ਦੇ ਪੰਜਾਬੀ ਭਾਸ਼ਾ ਵਿਰੋਧੀ ਬਿਆਨ ਅਤੇ ਪੰਜਾਬੀਆਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੇ ਰੋਸ ਵਜੋਂ ਸਟੇਜ ਦੇ ਸਾਹਮਣੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ ਗਈ। ਵਿਰੋਧ ਕਰ ਰਹੇ ਸੱਥ ਦੇ ਵਿਦਿਆਰਥੀਆਂ ਨਾਲ ਪੁਲਸ ਅਤੇ ਅਖਾੜਾ ਲਵਾ ਰਹੀ ਕਾਂਗਰਸ ਦੀ ਵਿਦਿਆਰਥੀ ਇਕਾਈ ਐਨ.ਐਸ.ਯੂ.ਆਈ ਦੇ ਆਗੂਆਂ ਵੱਲੋਂ ਧੱਕਾ ਮੁੱਕੀ ਕੀਤੀ ਗਈ ਜਿਸ ਵਿਚ ਸਿੱਖ ਵਿਦਿਆਰਥੀਆਂ ਦੀਆਂ ਦਸਤਾਰਾਂ ਵੀ ਲਹਿ ਗਈਆਂ। ਇਸ ਦੌਰਾਨ ਸੱਥ ਅਤੇ ਏਐਫਐਸਐਸ ਨਾਲ ਸਬੰਧਿਤ ਪੰਜ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਹਨਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ।
ਸੱਥ ਦੀ ਪੰਜਾਬ ਇਕਾਈ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਵੱਲੋਂ ਭਾਜਪਾ ਦੀ ‘ਇਕ ਦੇਸ਼ ਇਕ ਭਾਸ਼ਾ’ ਨੀਤੀ ਦਾ ਸਮਰਥਨ ਕਰਕੇ ਮਾਂ-ਬੋਲੀਆਂ ਦੇ ਕਤਲੇਆਮ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਵਿਰੋਧ ਕਰਨ ਵਾਲੇ ਪੰਜਾਬੀਆਂ ਪ੍ਰਤੀ ਜਨਤਕ ਸਟੇਜ ਤੋਂ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਸ ਕਾਰਨ ਗੁਰਦਾਸ ਮਾਨ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬੀ ਭਾਈਚਾਰੇ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਗੁਰਦਾਸ ਮਾਨ ਦਾ ਅਖਾੜਾ ਰੱਦ ਨਹੀਂ ਕੀਤਾ।
ਉਹਨਾਂ ਕਿਹਾ ਕਿ ਐਨਐਸਯੂਆਈ ਨੇ ਇਕ ਦੇਸ਼ ਇਕ ਭਾਸ਼ਾ ਦੇ ਸਮਰਥਕ ਗੁਰਦਾਸ ਮਾਨ ਦਾ ਅਖਾੜਾ ਲਵਾ ਕੇ ਇਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਵੀ ਮਾਂ-ਬੋਲੀਆਂ ਨੂੰ ਖਤਮ ਕਰਨ ਦੀ ਨੀਤੀ ਵਿਚ ਬਰਾਬਰ ਦੀ ਭਾਈਵਾਲ ਹੈ। ਉਹਨਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਦੀ ਤੌਹੀਨ ਕਰਨ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰ ਸਕਦੇ।
ਜਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਖਤਰੇ ਕਾਰਨ ਯੂ.ਜੀ.ਸੀ.ਵੱਲੋਂ  ਹਦਾਇਤਾਂ ਜਾਰੀ ਕਰਕੇ ਯੂਨੀਵਰਸਿਟੀਆਂ, ਕਾਲਜਾਂ ਵਿਚ ਕਿਸੇ ਵੀ ਕਿਸਮ ਦੇ ਇਕੱਠ ‘ਤੇ ਰੋਕ ਲਗਾਈ ਗਈ ਸੀ, ਪਰ ਇਸਦੇ ਬਾਵਜੂਦ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਗੁਰਦਾਸ ਮਾਨ ਦੇ ਅਖਾੜੇ ਨੂੰ ਪ੍ਰਵਾਨਗੀ ਦਿੱਤੀ ਗਈ। ਸੱਥ ਆਗੂ ਸੁਖਵਿੰਦਰ ਸਿੰਘ ਅਤੇ ਵਿਦਿਆਰਥੀ ਕਾਉਂਸਲ ਦੇ ਪ੍ਰਧਾਨ ਚੇਤਨ ਚੌਧਰੀ ਵੱਲੋਂ ਇਤਰਾਜ਼ ਵੀ ਪ੍ਰਗਟ ਕੀਤਾ ਗਿਆ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸਿਹਤ ਤੋਂ ਜ਼ਿਆਦਾ ਤਰਜੀਹ ਗੁਰਦਾਸ ਮਾਨ ਦੇ ਅਖਾੜੇ ਨੂੰ ਦਿੱਤੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,