ਆਮ ਖਬਰਾਂ

ਪੰਚ ਪਰਧਾਨੀ ਵਲੋਂ ਖ਼ਾਲਿਸਤਾਨ ਐਲਾਨਨਾਮੇ ਦੇ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ

By ਸਿੱਖ ਸਿਆਸਤ ਬਿਊਰੋ

April 29, 2012

ਸ਼੍ਰੀ ਅੰਮ੍ਰਿਤਸਰ, ਪੰਜਾਬ (29 ਅਪ੍ਰੈਲ, 2012): 29 ਅਪ੍ਰੈਲ, 1986 ਨੂੰ ਕੀਤੇ ਗਏ ਸਿੱਖ ਰਾਜ ਖਾਲਸਤਾਨ ਦੇ ਐਲਾਨ ਦੀ ਵਰ੍ਹੇਗੰਢ ਮੌਕੇ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਰਾਹੀਂ ਜਿੱਥੇ ਜਥੇਬੰਦੀ ਦੇ ਆਗੂਆਂ ਨੇ ਖਾਲਸਤਾਨ ਦੇ ਸੰਘਰਸ਼ ਲਈ “ਤਨ-ਮਨ ਤੇ ਧਨ” ਨਾਲ ਸੇਵਾ ਕਰਨ ਵਾਲੇ ਸਮੂਹ ਮਾਈ-ਭਾਈ ਤੇ ਇਸ ਕਾਜ ਲਈ ਸੰਘਰਸ਼ ਕਰਨ ਵਾਲਿਆਂ ਨੂੰ ਪ੍ਰਣਾਮ ਕੀਤਾ ਹੈ ਓਥੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਬੱਤ ਖਾਲਸਾ ਬੁਲਾ ਕੇ ਖਾਲਸਤਾਨ ਲਈ ਠੋਸ, ਯੋਜਨਾਬੱਧ ਅਮਲੀ ਨੀਤੀ ਐਲਾਨਣ ਲਈ ਕਿਹਾ ਹੈ।

ਇਸ ਪੱਤਰ ਦੀ ਇੱਕ ਨਕਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਰਾਹੀਂ “ਸਿੱਖ ਸਿਆਸਤ” ਨੂੰ ਮਿਲੀ ਹੈ, ਜੋ ਹੇਠਾਂ ਇੰਨ-ਬਿੰਨ ਛਾਪੀ ਜਾ ਰਹੀ ਹੈ।

ਤਰੀਕ: 29 ਅਪਰੈਲ, 2012 ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਾਹਿਬ ਜੀਓ ਵਾਹਿਗੁਰੂ ਜੀ ਕਾ ਖ਼ਾਲਸਾ॥ਵਾਹਿਗੁਰੂ ਜੀ ਕੀ ਫਤਿਹ॥ ਅਸੀਂ ਅੱਜ ਖ਼ਾਲਿਸਤਾਨ ਐਲਾਨਨਾਮੇ ਦੇ ਦਿਹਾੜੇ 29 ਅਪਰੈਲ ਨੂੰ ਉਹਨਾਂ ਸਭ ਸੂਰਬੀਰ ਯੋਧਿਆਂ ਅਤੇ ਹਰ ਉਸ ਮਾਈ-ਭਾਈ ਨੂੰ ਪ੍ਰਣਾਮ ਕਰਦੇ ਹਾਂ ਜਿਹਨਾਂ ਇਸ ਪਵਿੱਤਰ ਕਾਰਜ ਲਈ ਤਨ-ਮਨ ਅਤੇ ਧਨ ਨਾਲ ਸੇਵਾ ਕੀਤੀ ਹੈ। ਮਾਣਯੋਗ ਜਥੇਦਾਰ ਸਾਹਿਬ ਜੀਓ ਆਪ ਜੀ ਇਸ ਤੱਥ ਤੋਂ ਜਾਣੂ ਹੀ ਹੋ ਕਿ ਗੁਰੂ ਸਾਹਿਬ ਨੇ ਹਰ ਮਨੁੱਖ ਮਾਤਰ ਦੀ ਤਨ-ਮਨ-ਧਨ ਦੀ ਗੁਲਾਮੀ ਨੂੰ ਖਤਮ ਕਰਨ ਲਈ ਇਕ ਆਦਰਸ਼ ਸਮਾਜਕ-ਆਰਥਿਕ ਗਿਆਨ ਪਰਬੰਧ ਸਿਰਜਣ ਅਤੇ ਸਰਬੱਤ ਦੇ ਭਲੇ ਵਾਲਾ ਰਾਜਸੀ ਪਰਬੰਧ ਕਾਇਮ ਕਰਨ ਲਈ “ਰਾਜ ਕਰੇਗਾ ਖ਼ਾਲਸਾ” ਦਾ ਨਿਸ਼ਾਨਾ ਸਿੱਖ ਪੰਥ ਨੂੰ ਦਿੱਤਾ ਹੈ। ਯਥਾ-ਸ਼ਕਤ ਖ਼ਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਸਾਂਝੀ ਅਗਵਾਈ ਵਿਚ ਇਸ ਕਾਰਜ ਲਈ ਸਦਾ ਹੀ ਸੰਘਰਸ਼ਸ਼ੀਲ ਰਿਹਾ ਹੈ।ਗੁਰੂ ਸਾਹਿਬ ਦੇ ਭਾਣੇ ਅਨੁਸਾਰ ਕਦੇ ਸਫਲਤਾਵਾਂ ਅਤੇ ਕਦੇ ਅਸਫਲਤਾਵਾਂ ਵੀ ਮਿਲੀਆਂ ਹਨ। ਅੱਜ ਅਸੀਂ ਰੂਹਾਨੀ ਅਹਿਸਾਸ ਤੋਂ ਸੱਖਣੀ ਤੇ ਬਿਪਰ ਸੰਸਕਾਰ ਦੀ ਧਾਰਕ ਦਿੱਲੀ ਹਕੂਮਤ ਨਾਲ ਸੰਘਰਸ਼ ਲੜ੍ਹ ਰਹੇ ਹਾਂ। 1947 ਵਿਚ ਸੱਤਾ ਦੇ ਤਬਾਦਲੇ ਤੋਂ ਬਾਅਦ ਮੌਜੂਦਾ ਹਾਕਮ ਸਿੱਖ ਪੰਥ ਨਾਲ ਕੀਤੇ ਸਭ ਵਾਅਦਿਆਂ ਤੋਂ ਮੁਕਰ ਗਏ ਜਿਸ ਕਰਕੇ ਸੰਵਿਧਾਨ ਘਾੜ੍ਹੀ ਸਭਾ ਵਿਚ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਉੱਤੇ ਦਸਤਖ਼ਤ ਨਹੀਂ ਕੀਤੇ ਸਨ। ਉਸ ਵਕਤ ਤੋਂ ਲੈ ਕੇ ਅੱਜ ਤੱਕ ਅਸੀਂ ਆਪਣੀ ਨਿਆਰੀ ਹੋਂਦ ਨੂੰ ਮਾਨਤਾ ਦਵਾਉਣ, ਖੁਦਮੁਖਤਿਆਰ ਸਰਬਹਿੰਦ ਗੁਰਦੁਆਰਾ ਕਾਨੂੰਨ ਬਣਾਉਣ, ਪੰਜਾਬੀ ਬੋਲੀ ਨੂੰ ਬਣਦੀ ਜਗ੍ਹਾ ਦਵਾਉਣ, ਪੰਜਾਬ ਦੇ ਰਾਜਸੀ ਨਕਸ਼ੇ ਦੀ ਮੁਕੰਮਲਤਾ ਅਤੇ ਖੁਦਮੁਖਤਿਆਰ ਰਾਜ ਬਣਾਉਣ (ਅਨੰਦਪੁਰ ਸਾਹਿਬ ਦਾ ਮਤਾ) ਵਰਗੀਆਂ ਜਾਇਜ਼ ਮੰਗਾਂ ਲਈ ਮੋਰਚੇ ਲਾਏ ਪਰੰਤੂ ਸਾਡੇ ਬਣਦੇ ਹੱਕ ਦੇਣ ਦੀ ਬਜਾਇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਹੋਂਦ ਨੂੰ ਹੀ ਖਤਮ ਕਰਨ ਲਈ ਹਮਲੇ ਨਿਰੰਤਰ ਜਾਰੀ ਹਨ। ਸਬਦ ਗੁਰੂ ਸਿਧਾਂਤ ਨੂੰ ਪੇਤਲਾ ਕਰਨ ਲਈ ਦਿੱਲੀ ਹਕੂਮਤ ਵਲੋਂ ਦੇਹਧਾਰੀ ਗੁਰੂ-ਡੰਮ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਉੱਤੇ ਸੂਖਮ ਬੌਧਿਕ ਹਮਲੇ ਹੋ ਰਹੇ ਹਨ। ਗੁਰੂ ਪੰਥ ਦੀ ਨਸਲਕੁਸ਼ੀ ਲਈ ਜੂਨ 1984 ਵਿਚ ਸ੍ਰੀ ਦਰਬਾਰ ਸਹਿਬ ਉੱਤੇ ਹਮਲਾ ਕੀਤਾ ਗਿਆ, ਨਵੰਬਰ 1984 ਵਿਚ ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਸਿੱਖ ਕਤਲੇਆਮ ਕੀਤ ਗਿਆ ਅਤੇ ਪੰਜਾਬ ਵਿਚ 1978 ਤੋਂ ਲੈ ਕੇ ਅੱਜ ਤੱਕ ਹਜ਼ਾਰਾਂ ਨੌਜਵਾਨਾਂ ਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਅਤੇ ਤਸੀਹੇ ਖਾਨਿਆਂ ਵਿਚ ਮੌਤ ਦੇ ਘਾਟ ਉਤਾਰਿਆ ਗਿਆ, ਔਰਤਾਂ ਅਤੇ ਬਜ਼ੁਰਗਾਂ ਨੂੰ ਬੇ-ਪਤ ਕੀਤਾ ਗਿਆ। ਸੁਰੱਖਿਆ ਏਜੰਸੀਆਂ ਨੇ ਸੱਚ-ਅਣਖ ਦੀ ਆਵਾਜ਼ ਬੁਲੰਦ ਕਰਨ ਵਾਲੇ ਹਰ ਸ਼ਖ਼ਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂ ਫਿਰ ਲੰਬੀਆਂ ਜੇਲ੍ਹਾਂ ਵਿਚ ਸੁੱਟ ਦਿੱਤਾ। ਪਿੱਛੇ ਰਹਿ ਗਏ ਸੱਚ ਦੇ ਪਾਂਧੀਆਂ ਦੀ ਵਿਰਲੀ ਵਿਰਲੀ ਆਵਾਜ਼ ਨੂੰ ਹਕੂਮਤੀ ਕੂੜ ਪ੍ਰਚਾਰ ਨੇ ਦਬਾ ਦਿੱਤਾ। ਸਿੰਘ ਸਾਹਿਬ ਜੀਓ ਅਸੀਂ ਆਪ ਜੀ ਦਾ ਧਿਆਨ ਬੀਤੇ ਮਹੀਨੇ ਵਿਚ ਹੋਈਆਂ ਘਟਨਾਵਾਂ ਵੱਲ ਦਿਵਾਉਂਣਾ ਚਾਹੁੰਦੇ ਹਾਂ; 1. ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਹੁਰਾਂ ਨੂੰ ਫਾਂਸੀ ਦੀ ਸਜ਼ਾ ਮੁਕਰਰ ਹੋਈ। 2. ਭਾਈ ਜਸਪਾਲ ਸਿੰਘ ਦੀ ਗੁਰਦਾਸਪੁਰ ਵਿਖੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਗੋਲੀ ਨਾਲ ਸ਼ਹਾਦਤ ਹੋਈ ਅਤੇ ਸ਼ਾਂਤਮਈ ਸਿੱਖ ਸੰਗਤ ਉੱਤੇ ਤਸ਼ੱਦਦ ਕੀਤਾ ਗਿਆ। 3. 28-29 ਮਾਰਚ ਨੂੰ ਪੰਥਕ ਸੇਵਾਦਾਰਾਂ ਦੀਆਂ ਸੈਂਕੜੇ ਗ੍ਰਿਫਤਾਰੀਆਂ ਹੋਈਆਂ ਅਤੇ ਸਥਾਪਤ ਕਾਨੂੰਨ ਦਾ ਮਜ਼ਾਕ ਉਡਾਉਂਦਿਆਂ ਉਹਨਾਂ ਨੂੰ ਲੰਮਾ ਸਮਾਂ ਜੇਲ੍ਹ ਵਿਚ ਰੱਖਿਆ ਗਿਆ। 4. ਸੈਂਕੜੇ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਕੇ ਅਤੇ ਇਜ਼ਹਾਰ ਆਲਮ ਦੀ ਪਤਨੀ ਨੂੰ ਵਜੀਰ ਬਣਾ ਕੇ ਸਿੱਖ ਨਸਲਕੁਸੀ ਨੂੰ ਜ਼ਾਇਜ਼ ਠਹਿਰਾਇਆ ਗਿਆ। 5. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਉਲਟ ਸਿੱਖ ਦੁਸ਼ਮਣ ਤਾਕਤਾਂ ਅਤੇ ਦੇਹਧਾਰੀ ਡੇਰੇਦਾਰਾਂ ਦੀਆਂ ਸਰਗਰਮੀਆਂ ਨੇ ਜੋਰ ਫੜਿਆ। 6. ਪਿਛਲੇ ਸਮਿਆਂ ਵਿਚ ਅਣਪਛਾਤੀਆਂ ਲਾਸ਼ਾਂ ਬਣਾਏ ਸਿੱਖ ਨੌਜਵਾਨਾਂ ਨੂੰ ਇਨਸਾਫ ਦੇਣ ਦੀ ਥਾਂ ਉਹਨਾਂ ਦਾ ਮੁੱਲ ਪੌਣੇ ਦੋ ਲੱਖ ਨਿਸਚਤ ਕਰਕੇ ਕੌਮ ਨੂੰ ਜਲੀਲ ਕੀਤਾ ਗਿਆ। 7. ਸੁਰੱਖਿਆਂ ਏਜੰਸੀਆਂ ਨੂੰ ਵੱਧ ਸ਼ਕਤੀਆਂ ਦੇਣ ਤੇ ਸਟੇਟ ਨੂੰ ਹੋਰ ਮਜਬੂਤ ਕਰਨ ਦਾ ਅਮਲ ਜਾਰੀ ਹੈ ਜੋ ਕਿ ਸਿੱਖ ਹੋਂਦ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀਓ ਸਾਨੂੰ ਇਹਨਾਂ ਘਟਨਾਵਾਂ ਦੀ ਪੜਚੋਲ ਕਰਨ ਤੋਂ ਬਾਅਦ ਇਹ ਅਹਿਸਾਸ ਹੋ ਰਿਹਾ ਹੈ ਕਿ ਭਾਰਤੀ ਹਕੂਮਤ ਦੀ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਹੋਂਦ ਖਤਮ ਕਰਨ ਵਾਲੀ ਸੋਚ ਵਿਚ ਕੋਈ ਤਬਦੀਲੀ ਨਹੀਂ ਆਈ। ਹੁਣ ਜਦੋਂ ਨਵੀਂ ਪੀੜ੍ਹੀ ਸੱਚ ਨੂੰ ਪ੍ਰਗਟ ਕਰਨ ਲਈ ਤਿਆਰ ਹੋ ਰਹੀ ਹੈ ਤਾਂ ਭਾਰਤੀ ਹਕੂਮਤ ਨੇ ਆਪਣਾ ਵਾਰ ਹੋਰ ਵੀ ਤਿੱਖਾ ਕਰ ਦਿੱਤਾ ਹੈ। ਸਿੱਖ ਨੂੰ ਹਮੇਸ਼ਾ ਹਿੰਸਕ ਕਹਿਣ ਵਾਲੇ ਆਪ ਦੁਬਾਰਾ ਹਿੰਸਾ ਦੀ ਸ਼ੁਰੂਆਤ ਕਰ ਚੁੱਕੇ ਹਨ।ਇਸ ਲਈ ਹੁਣ ਮੌਜੂਦਾ ਹਕੂਮਤ ਕੋਲੋਂ ਨਿਆਂ-ਇਨਸਾਫ ਦੀ ਆਸ ਫਜੂਲ਼ ਹੈ। ਸਤਿਕਾਰਯੋਗ ਜਥੇਦਾਰ ਜੀਓ ਬੇਸ਼ੱਕ ਇਸ ਬੀਤੇ ਮਹੀਨੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਅਤੇ ਸਮੁੱਚੇ ਖ਼ਾਲਸਾ ਪੰਥ ਦੇ ਸਰਗਰਮ ਯਤਨਾਂ ਸਦਕਾ ਗੁਰੂ ਪੰਥ ਦੀ ਜਿੰਦਾ ਹੋਂਦ ਦਾ ਅਹਿਸਾਸ ਹੋਇਆ ਹੈ ਅਤੇ ਪੰਥ ਦੇ ਜਾਹੋ-ਜਲਾਲ ਸਦਕਾ ਕੁਝ ਵਕਤੀ ਪਰਾਪਤੀਆਂ ਵੀ ਹੋਈਆਂ ਹਨ ਪਰੰਤੂ ਅਸੀਂ ਆਪਣੀ ਤੁੱਛ ਬੁੱਧੀ ਮੁਤਾਬਕ ਇਹ ਰਾਏ ਰੱਖਦੇ ਹਾਂ ਕਿ ਸਿੱਖ ਪੰਥ ਦੀਆਂ ਸੁਮੁੱਚੀਆਂ ਸਮੱਸਿਆਵਾਂ ਦਾ ਹੱਲ ਇਕ ਆਜ਼ਾਦ ਖ਼ਾਲਸਾ ਰਾਜ-ਖ਼ਾਲਿਸਤਾਨ- ਹੈ। ਖ਼ਾਲਿਸਤਾਨ ਦੀ ਪਰਾਪਤੀ ਲਈ ਹੋਈਆਂ ਅਥਾਹ ਸ਼ਹਾਦਤਾਂ ਦੇ ਪ੍ਰਥਾਏ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਮੌਰ ਹੋਂਦ ਹਸਤੀ ਅਤੇ ਆਪਣੀ ਜਥੇਬੰਦੀ ਦੀ ਕੀਟ-ਹਸਤੀ ਦਾ ਅਹਿਸਾਸ ਰੱਖਦੇ ਹੋਏ ਅਸੀਂ ਅਤੀ ਨਿਮਰ ਭਾਵ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਰਜ਼ ਕਰਦੇ ਹਾਂ ਕਿ ਇਕੱਲੇ-ਇਕੱਲੇ ਮੁੱਦੇ ਉੱਤੇ ਲੋੜ-ਵਕਤੀ ਪ੍ਰੋਗਰਾਮ ਦੇਣ ਦੇ ਨਾਲ-ਨਾਲ ਭਾਰਤੀ ਹਕੂਮਤ ਦੀ ਗੁਲਾਮੀ ਤੋਂ ਨਿਜ਼ਾਤ ਪਾਉਂਣ ਲਈ ਖ਼ਾਲਿਸਤਾਨ ਦੀ ਪਰਾਪਤੀ ਲਈ ਠੋਸ ਯੋਜਨਾਬੰਦੀ ਅਤੇ ਅਮਲੀ ਪ੍ਰੋਗਰਾਮ ਖ਼ਾਲਸਾ ਪੰਥ ਅੱਗੇ ਰੱਖਣ ਲਈ ਸਰਬੱਤ ਖ਼ਾਲਸਾ ਸੱਦਣਾ ਚਾਹੀਦਾ ਹੈ। ਅਸੀਂ ਹਰ ਪੰਥਕ ਕਾਰਜ ਵਿਚ ਆਪਣਾ ਯਥਾ ਸ਼ਕਤ ਯੋਗਦਾਨ ਪਾਉਂਣ ਲਈ ਸ੍ਰੀ ਅਕਾਲ ਤਖ਼ਤ ਨੂੰ ਸਮਰਪਤ ਹਾਂ ਅਤੇ ਆਸ ਕਰਦੇ ਹਾਂ ਕਿ ਆਪ ਜੀ ਪੰਥ ਦੇ ਸੁਨਹਿਰੀ ਭਵਿੱਖ ਲਈ ਇਸ ਮਹਾਨ ਪੰਥਕ ਕਾਰਜ ਲਈ ਪਹਿਲ ਕਦਮੀ ਕਰੋਗੇ। ਗੁਰੂ ਪੰਥ ਦੇ ਦਾਸ: ਭਾਈ ਦਲਜੀਤ ਸਿੰਘ ਚੇਅਰਮੈਨ ਅਤੇ ਸਮੂਹ ਅਹੁਦੇਦਾਰ ਤੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: