ਬੀਬੀ ਜਸਬੀਰ ਕੌਰ ਪਤਨੀ ਸ਼ਹੀਦ ਭਾਈ ਕੇਹਰ ਸਿੰਘ

ਸਿਆਸੀ ਖਬਰਾਂ

ਬੀਬੀ ਜਸਬੀਰ ਕੌਰ ਦੀ ਅੰਤਿਮ ਅਰਦਾਸ ਮੌਕੇ ਪੰਥਕ ਆਗੂਆਂ ਨੇ ਸ਼ਹੀਦ ਕੇਹਰ ਸਿੰਘ ਦੇ ਯੋਗਦਾਨ ਦੀ ਕੀਤੀ ਚਰਚਾ

By ਸਿੱਖ ਸਿਆਸਤ ਬਿਊਰੋ

October 17, 2017

ਨਵੀਂ ਦਿੱਲੀ: ਬੀਬੀ ਜਸਬੀਰ ਕੌਰ ਪਤਨੀ ਸ਼ਹੀਦ ਭਾਈ ਕੇਹਰ ਸਿੰਘ (ਇੰਦਰਾ ਕਤਲ ਕੇਸ) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਅੱਜ 17 ਅਕਤੂਬਰ, 2017 ਨੂੰ ਉਨ੍ਹਾਂ ਦੀ ਅੰਤਮ ਅਰਦਾਸ ਮੌਕੇ ਪੁੱਜੇ ਬੁਲਾਰਿਆਂ ਨੇ ਉਨ੍ਹਾਂ ਦੇ ਸਿਦਕ ਅਤੇ ਇਖਲਾਕ ਬਾਰੇ ਆਪਣੇ ਵਿਚਾਰ ਰੱਖੇ।

ਬੁਲਾਰਿਆਂ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀਕੇ ਆਦਿ ਸ਼ਾਮਿਲ ਸਨ। ਦਿੱਲੀ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸ਼ਹੀਦ ਪਰਿਵਾਰ ਵੱਲੋਂ ਕੌਮ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ।

ਜੀ.ਕੇ. ਨੇ ਕਿਹਾ ਕਿ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਬਹੁਤ ਸੰਤਾਪ ਹੰਢਾਇਆ ਹੈ। ਭਾਈ ਰਣਜੀਤ ਸਿੰਘ ਨੇ ਭਾਈ ਕੇਹਰ ਸਿੰਘ ਦੇ ਫਾਂਸੀ ਚੜ੍ਹਨ ਦੇ ਪੂਰੇ ਸਫ਼ਰ ਨੂੰ ਸੰਗਤਾਂ ਸਾਹਮਣੇ ਰੱਖਿਆ। ਭਾਈ ਰਣਜੀਤ ਸਿੰਘ ਨੇ ਭਾਈ ਕੇਹਰ ਸਿੰਘ ਵੱਲੋਂ ਫਾਂਸੀ ਦੇ ਤਖਤੇ ’ਤੇ ਫਾਂਸੀ ਚੜ੍ਹਨ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਪੂਰੀ ਚੜ੍ਹਦੀਕਲਾ ਨਾਲ ਕਰਨ ਦਾ ਵੀ ਖੁਲਾਸਾ ਕੀਤਾ। ਭਾਈ ਰੋਡੇ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਚੁੱਕਣ ਦਾ ਕਾਰਜ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸੂਰਮਿਆਂ ਵੱਲੋਂ ਕਰਨ ਦਾ ਦਾਅਵਾ ਕੀਤਾ। ਭਾਈ ਰੋਡੇ ਨੇ ਕਿਹਾ ਕਿ ਭਾਈ ਕੇਹਰ ਸਿੰਘ ਅਤੇ ਸਾਥੀਆਂ ਨੇ ਕੌਮ ਦਾ ਮਾਣ ਵਧਾਇਆ ਹੈ।

ਸਿਮਰਨਜੀਤ ਸਿੰਘ ਮਾਨ ਨੇ ਦੁੱਖ ਦੀ ਘੜੀ ’ਚ ਸ਼ਹੀਦ ਪਰਿਵਾਰ ਦੇ ਨਾਲ ਖੜ੍ਹਨ ਵਾਸਤੇ ਦਿੱਲੀ ਕਮੇਟੀ ਦਾ ਧੰਨਵਾਦ ਜਤਾਉਂਦੇ ਹੋਏ ਫਾਂਸੀ ਚੜ੍ਹੇ ਸਿੰਘਾਂ ਦੇ ਅੰਤਿਮ ਸੰਸਕਾਰ ਦੀ ਥਾਂ ਅਤੇ ਤਰੀਕੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਬੀਤੇ ਲੰਬੇ ਸਮੇਂ ਤੋਂ ਲੜੀ ਜਾ ਰਹੀ ਲੜਾਈ ਦੀ ਵੀ ਜਾਣਕਾਰੀ ਦਿੱਤੀ। ਮਾਨ ਨੇ ਕਿਹਾ ਕਿ ਅਸੀਂ ਸ਼ਹੀਦ ਪਰਿਵਾਰ ਦੀ ਇੱਜ਼ਤ ਕਰਦੇ ਹਾਂ ਕਿਉਂਕਿ ਇਨ੍ਹਾਂ ਨੇ ਕੌਮ ਦੀ ਇੱਜ਼ਤ ਦੀ ਰਾਖੀ ਕੀਤੀ ਹੈ। ਸੰਸਦ ਤੋਂ ਸਰਕਾਰੀ ਦਫ਼ਤਰਾਂ ਤਕ ਸ਼ਹੀਦਾਂ ਦੇ ਅੰਤਮ ਸੰਸਕਾਰ ਦੀ ਜਾਣਕਾਰੀ ਲੈਣ ਲਈ ਮਾਨ ਨੇ ਉਨ੍ਹਾਂ ਵੱਲੋਂ ਕੀਤੀ ਗਈ ਜਦੋਜ਼ਹਿਦ ਨੂੰ ਨਿਰਾਸ਼ਾਜਨਕ ਦੱਸਿਆ।

ਮਾਨ ਨੇ ਕਿਹਾ ਨਵੰਬਰ 1984 ’ਚ ਸਿੱਖਾਂ ਦੇ ਕਤਲੇਆਮ ਮੌਕੇ ਦਿੱਲੀ ਸ਼ਹਿਰ ’ਚ ਸਿੱਖ ਕਤਲੇਆਮ ਰੋਕਣ ਲਈ ਫੌਜ ਨੂੰ ਉਤਾਰਨ ਤੋਂ ਗੁਰੇਜ਼ ਕੀਤਾ ਗਿਆ। ਦਿੱਲੀ ਸ਼ਹਿਰ ਨੇ ਜਿਥੇ ਤੈਮੂਰ, ਨਾਦਿਰਸ਼ਾਹ ਅਤੇ ਔਰੰਗਜੇਬ ਵੱਲੋਂ ਕੀਤੇ ਗਏ ਕਤਲੇਆਮ ਨੂੰ ਝੱਲਿਆ ਹੈ ਉਥੇ ਹੀ ਬਹੁਗਿਣਤੀ ਵੱਲੋਂ ਮਾਰੇ ਗਏ ਸਿੱਖਾਂ ਨੂੰ “ਦੰਗਾ” ਦੱਸਣ ਦੀ ਵੀ ਗੁਸਤਾਖੀ ਕੀਤੀ ਹੈ। ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੀ ਇਸ ਮਸਲੇ ’ਤੇ ਧਾਰੀ ਚੁੱਪ ਨੂੰ ਗਲਤ ਦੱਸਦੇ ਹੋਏ ਮਾਨ ਨੇ ਭਾਰਤੀ ਸੁਪਰੀਮ ਕੋਰਟ ’ਤੇ ਸਿੱਖਾਂ ਨੂੰ ਇਨਸਾਫ਼ ਨਾ ਦੇਣ ਦਾ ਵੀ ਦੋਸ਼ ਲਾਇਆ।

ਪੀਰ ਮੁਹੰਮਦ ਨੇ ਇੰਦਰਾ ਗਾਂਧੀ ਨੂੰ ਉਸਦੇ ਕੀਤੇ ਦੀ ਸਜ਼ਾ ਦੇਣ ਵਾਲੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦਗਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਉਣ ਦੀ ਦਿੱਲੀ ਕਮੇਟੀ ਤੋਂ ਮੰਗ ਕੀਤੀ। ਹਿਤ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੀ ਇੰਦਰਾ ਗਾਂਧੀ ਨੂੰ ਮਾਰ ਕੇ ਸਿੱਖਾਂ ਨੇ ਕੋਈ ਗਲਤੀ ਨਹੀਂ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਸਣੇ ਕਈ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: