ਖਾਸ ਖਬਰਾਂ

ਪਾਬੰਦੀਸ਼ੁਦਾ ਕੀਟਨਾਸ਼ਕਾਂ ਨੂੰ ਨਹਿਰਾਂ ਜਾਂ ਦਰਿਆਵਾਂ ਵਿੱਚ ਸੁੱਟੇ ਜਾਣ ਦਾ ਖ਼ਦਸ਼ਾ: ਮੀਡਿਆ ਰਿਪੋਰਟਾਂ

By ਸਿੱਖ ਸਿਆਸਤ ਬਿਊਰੋ

February 02, 2018

ਫਰੀਦਕੋਟ: ਮਾਲਵੇ ਵਿੱਚ ਕੈਂਸਰ ਦਾ ਮੁੱਖ ਸਰੋਤ ਬਣੀਆਂ 20 ਕੀਟਨਾਸ਼ਕ ਦਵਾਈਆਂ ਉੱਪਰ ਪੰਜਾਬ ਸਰਕਾਰ ਨੇ ਮੁਕੰਮਲ ਪਾਬੰਦੀ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਕਾਰਨ ਡੀਲਰਾਂ ਵੱਲੋਂ ਵਾਧੂ ਪਏ ਸਟਾਕ ਨੂੰ ਨਹਿਰਾਂ ਜਾਂ ਦਰਿਆਵਾਂ ਵਿੱਚ ਸੁੱਟ ਦਿੱਤੇ ਜਾਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਬਾਬਾ ਫ਼ਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਨੇ ਸਾਲ 2009 ਵਿੱਚ ਜਰਮਨ ਲੈਬ ਦੀ ਮਦਦ ਨਾਲ ਖੁ਼ਲਾਸਾ ਕੀਤਾ ਸੀ ਕਿ ਪੰਜਾਬ ਦੀ ਮਿੱਟੀ, ਪਾਣੀ ਅਤੇ ਹਵਾ ਵਿੱਚ ਯੂਰੇਨੀਅਮ ਅਤੇ ਸਿਹਤ ਲਈ ਘਾਤਕ ਭਾਰੀ ਧਾਤਾਂ ਸ਼ਾਮਲ ਹਨ, ਜਿਸ ਦਾ ਮੁੱਖ ਸਰੋਤ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਹਨ।

30 ਸਾਲਾਂ ਤੱਕ ਮਾਲਵੇ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਖ਼ੁੱਲ੍ਹ ਕੇ ਕੀਤੀ ਗਈ ਹੈ, ਜਿਸ ਕਰਕੇ ਮਾਲਵੇ ਦੇ ਦਸ ਜ਼ਿਿਲ੍ਹਆਂ ਵਿੱਚ ਕੈਂਸਰ, ਮਾਨਸਿਕ ਅਪਾਹਜਤਾ, ਗੁਰਦਿਆਂ ਦਾ ਫੇਲ੍ਹ ਹੋਣਾ ਆਦਿ ਬਿਮਾਰੀਆਂ ਘਰ ਕਰ ਗਈਆਂ ਹਨ। ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਇਲਾਕੇ ਵਿੱਚ ਇਨ੍ਹਾਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨੇ ਮਨੁੱਖੀ ਸਿਹਤ ਦਾ ਸਭ ਤੋਂ ਵੱਧ ਘਾਣ ਕੀਤਾ ਹੈ।

ਬਾਬਾ ਫ਼ਰੀਦ ਸੈਂਟਰ ਦੇ ਖੁ਼ਲਾਸੇ ਮਗਰੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਭਾਰਤ ਪ੍ਰਮਾਣੂ ਖੋਜ ਕੇਂਦਰ ਨੇ ਸਮੁੱਚੇ ਮਾਲਵੇ ਵਿੱਚ ਮਿੱਟੀ ਅਤੇ ਪਾਣੀ ਦੇ ਨਮੂਨੇ ਲੈ ਕੇ ਬਾਬਾ ਫ਼ਰੀਦ ਸੈਂਟਰ ਦੇ ਖੁ਼ਲਾਸੇ ਦੀ ਪੁਸ਼ਟੀ ਕੀਤੀ ਸੀ, ਜਿਸ ਮਗਰੋਂ ਪਾਰਲੀਮੈਂਟ ਨੇ ਇਸ ਸਬੰਧੀ ਇੱਕ ਸੰਸਦੀ ਕਮੇਟੀ ਵੀ ਬਣਾਈ ਸੀ। ਇਸ ਸੰਸਦੀ ਕਮੇਟੀ ਨੇ ਵੀ ਮਾਲਵੇ ਵਿੱਚ ਅੰਨ੍ਹੇਵਾਹ ਵਰਤੀਆਂ ਗਈਆਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਮਨੁੱਖੀ ਸਿਹਤ ਉੱਪਰ ਦੁਰਪ੍ਰਭਾਵਾਂ ਬਾਰੇ ਆਪਣੀ ਪੁਸ਼ਟੀ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਸੀ।

ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਨੇ 30 ਜਨਵਰੀ 2018 ਨੂੰ ਪੱਤਰ ਨੰਬਰ 1670 ਜਾਰੀ ਕਰਕੇ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੂੰ ਆਦੇਸ਼ ਦਿੱਤੇ ਹਨ ਕਿ ਪਹਿਲੀ ਫਰਵਰੀ 2018 ਤੋਂ ਮੋਨੋਕ੍ਰੋਟੋਫਾਸ, ਇੰਡੋਸਲਫਾਨ, ਫੋਰਏਟ, ਟਰਾਈਜੋਫਾਸ ਸਮੇਤ 20 ਕੀਟਨਾਸ਼ਕ ਦਵਾਈਆਂ ਦੇ ਲਾਇਸੈਂਸ ਜਾਰੀ ਕਰਨੇ ਬੰਦ ਕੀਤੇ ਜਾਣ।

ਬਾਬਾ ਫ਼ਰੀਦ ਸੈਂਟਰ ਦੇ ਮੁੱਖ ਸਲਾਹਕਾਰ ਐੱਮਡੀ ਡਾ. ਅਮਰ ਸਿੰਘ ਆਜ਼ਾਦ ਨੇ ਕਿਹਾ ਕਿ ਡੀਲਰ ਵੱਲੋਂ ਵਾਧੂ ਪਏ ਸਟਾਕ ਨੂੰ ਨਹਿਰਾਂ ਜਾਂ ਦਰਿਆਵਾਂ ਵਿੱਚ ਸੁੱਟਣ ਦਾ ਖਦਸ਼ਾ ਹੈ, ਇਸ ਲਈ ਸੂਬਾ ਸਰਕਾਰ ਨੂੰ ਪਾਬੰਦੀਸ਼ੁਦਾ ਕੀਟਨਾਸ਼ਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਖ਼ਤਮ ਕਰਨ ਲਈ ਡੀਲਰਾਂ ਦਾ ਸਾਥ ਦੇਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: