Site icon Sikh Siyasat News

ਪੀਜੀਆਈ ਚੰਡੀਗੜ੍ਹ ਵਿੱਚ ਲਾਈਵ ਲਿਵਰ ਟਰਾਂਸਪਲਾਂਟ ਸ਼ੁਰੂ ਹੋਵੇਗਾ

ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਅਜਿਹਾ ਪਹਿਲਾ ਸਰਕਾਰੀ ਹਸਪਤਾਲ ਬਣੇਗਾ ਜਿੱਥੇ ਦਾਨੀ ਰਿਸ਼ਤੇਦਾਰ ਦੇ ਜਿਗਰ ਦਾ ਅੱਧਾ ਹਿੱਸਾ ਕੱਟ ਕੇ ਮਰੀਜ਼ ਦੇ ਫਿੱਟ ਕਰਨ ਨਾਲ ਉਸ ਦੀ ਜਾਨ ਬਚਾਈ ਜਾ ਸਕੇਗੀ। ਪੀਜੀਆਈ ਦੇ ਡਾਕਟਰਾਂ ਨੇ ਹਾਲ ਹੀ ’ਚ ਇੱਕ ਮਰੀਜ਼ ਦਾ ਇੱਕੋ ਵੇਲੇ ਜਿਗਰ ਅਤੇ ਗੁਰਦਾ ਟਰਾਂਸਪਲਾਂਟ ਕਰ ਕੇ ਨਵਾਂ ਇਤਿਹਾਸ ਰਚਿਆ ਹੈ। ਪੀਜੀਆਈ ਨੇ ਲਾਈਵ ਲਿਵਰ ਟਰਾਂਸਪਲਾਂਟ ਦੀ ਤਿਆਰੀ ਪੂਰੀ ਕਰ ਲਈ ਹੈ ਅਤੇ ਇਸੇ ਮਹੀਨੇ ਇਲਾਜ ਦੀ ਨਵੀਂ ਤਕਨੀਕ ਸ਼ੁਰੂ ਕੀਤੀ ਜਾ ਰਹੀ ਹੈ। ਲਾਈਵ ਲਿਵਰ ਟਰਾਂਸਪਲਾਂਟ ’ਤੇ ਮਸਾਂ ਦੋ ਲੱਖ ਰੁਪਏ ਦਾ ਖ਼ਰਚਾ ਆਵੇਗਾ ਜਦਕਿ ਲਿਵਰ ਟਰਾਂਸਪਲਾਟ ’ਤੇ ਪੰਦਰਾਂ ਲੱਖ ਰੁਪਏ ਤੋਂ ਵੱਧ ਲੱਗ ਜਾਂਦੇ ਹਨ।

ਸਰਕਾਰੀ ਤੌਰ ’ਤੇ ਮਿਲੀ ਜਾਣਕਾਰੀ ਮੁਤਾਬਿਕ ਪੀਜੀਆਈ ਵਿੱਚ ਘੱਟੋ-ਘੱਟ ਪੰਜਾਹ ਅਜਿਹੇ ਮਰੀਜ਼ ਹਨ ਜਿਹੜੇ ਜਿਗਰ ਦੀ ਬਿਮਾਰੀ ਕਾਰਨ ਜ਼ਿੰਦਗੀ ਦੇ ਆਖ਼ਰੀ ਪੜ੍ਹਾਅ ’ਤੇ ਹਨ। ਪੀਜੀਆਈ ਨੇ ਇਨ੍ਹਾਂ ਮਰੀਜ਼ਾਂ ਦਾ ਇਲਾਜ ਪਹਿਲ ਦੇ ਆਧਾਰ ’ਤੇ ਕਰਨ ਖ਼ਾਤਰ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਹੈ। ਮ੍ਰਿਤਕ ਮਰੀਜ਼ ਦੇ ਪਰਿਵਾਰ ਵੱਲੋਂ ਜਿਗਰ ਦਾਨ ਕਰਨ ਲਈ ਰਜ਼ਾਮੰਦੀ ਦੇਣ ਦੀ ਸੂਰਤ ਵਿੱਚ ਹੀ ਲਿਵਰ ਟਰਾਂਸਪਲਾਟ ਹੋ ਸਕੇਗਾ। ਪਿਛਲੇ ਦੋ ਦਹਾਕਿਆਂ ਵਿੱਚ ਜਿਗਰ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵਧੀ ਹੈ। ਸਾਲ 1993 ਵਿੱਚ ਹੈਪਟਾਲੋਜੀ ਵਿਭਾਗ ਵਿੱਚ ਪੰਜ ਤੋਂ ਦਸ ਮਰੀਜ਼ ਰੋਜ਼ ਆਉਂਦੇ ਸਨ। ਉਸ ਸਮੇਂ ਹਫ਼ਤੇ ਵਿੱਚ ਦੋ ਦਿਨ ਲਿਵਰ ਕਲੀਨਕ ਹੁੰਦੀ ਸੀ। ਸਾਲ 2018 ਵਿੱਚ ਸਥਿਤੀ ਇਹ ਬਣ ਗਈ ਹੈ ਕਿ ਰੋਜ਼ ਸਵਾ ਸੌ ਨਵੇਂ ਅਤੇ ਢਾਈ ਸੌ ਪੁਰਾਣੇ ਮਰੀਜ਼ ਆ ਰਹੇ ਹਨ। ਸਵਾ ਸੌ ਨਵੇਂ ਮਰੀਜ਼ਾਂ ਵਿੱਚੋਂ ਵੀਹ ਦਾ ਲਿਵਰ ਟਰਾਂਸਪਲਾਂਟ ਕਰਨ ਦੀ ਲੋੜ ਪੈਂਦੀ ਹੈ।

ਪੀਜੀਆਈ ਵਿੱਚ ਇਸ ਵੇਲੇ ਜਿਗਰ ਦੇ ਬਿਲਕੁਲ ਖ਼ਰਾਬ ਹੋਣ ਦੀ ਸੂਰਤ ਵਿੱਚ ਟਰਾਂਸਪਲਾਂਟ ਕਰਨ ਦੀ ਸਹੂਲਤ ਤਾਂ ਸਫ਼ਲਤਾ ਨਾਲ ਚੱਲ ਰਹੀ ਹੈ, ਪਰ ਇਸ ਵਿੱਚ ਦੋ ਕਿਸਮ ਦੀਆਂ ਦਿੱਕਤਾਂ ਆ ਰਹੀਆਂ ਹਨ। ਇੱਕ ਤਾਂ ਜਿਗਰ ਦਾਨ ਕਰਨ ਵਾਲੇ ਦਾਨੀ ਬੜੇ ਘੱਟ ਮਿਲ ਰਹੇ ਹਨ ਤੇ ਦੂਜਾ ਅਪਰੇਸ਼ਨ ’ਤੇ ਪੰਦਰਾਂ ਲੱਖ ਰੁਪਏ ਖ਼ਰਚ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਲਿਵਰ ਟਰਾਂਸਪਲਾਂਟ ਦੀ ਸ਼ੁਰੂਆਤ ਸਾਲ 2011 ਵਿੱਚ ਹੋਈ ਸੀ ਅਤੇ ਸੱਤ ਸਾਲਾਂ ਵਿੱਚ ਚਾਰ ਦਰਜਨ ਮਰੀਜ਼ਾਂ ਦੇ ਜਿਗਰ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਇਸ ਵਿਧੀ ਵਿੱਚ ਮਰੀਜ਼ ਦਾ ਲਿਵਰ ਉਦੋਂ ਹੀ ਬਦਲਿਆ ਜਾ ਸਕਦਾ ਹੈ ਜਦੋਂ ਕੋਈ ਦਾਨੀ ਸੱਜਣ ਮਿਲਦਾ ਹੈ।

ਜਿਗਰ ਦਾਨ ਵੀ ਸਿਰਫ਼ ਹਾਦਸਿਆਂ ਵਿੱਚ ਸਿਰ ਦੀ ਸੱਟ ਵਾਲੇ ਹੀ ਕਰ ਸਕਦੇ ਹਨ। ਇਹ ਵੀ ਉਸ ਸੂਰਤ ਵਿੱਚ ਜਦੋਂ ਜ਼ਖ਼ਮੀ ਦੇ ਸਿਰ ਦੀ ਸੱਟ ਲੱਗਣ ਦੇ ਬਾਵਜੂਦ ਸਰੀਰ ਦੇ ਦੂਜੇ ਅੰਗ ਕੰਮ ਕਰਦੇ ਹੋਣ। ਪ੍ਰਾਈਵੇਟ ਹਸਪਤਾਲਾਂ ਵਿੱਚ ਲਿਵਰ ਟਰਾਂਸਪਲਾਟ ਦਾ ਖ਼ਰਚਾ ਪੀਜੀਆਈ ਨਾਲੋਂ ਤਿੰਨ ਗੁਣਾ ਵੱਧ ਹੈ। ਲਾਈਵ ਲਿਵਰ ਟਰਾਂਸਪਲਾਂਟ ਵਿੱਚ ਦਾਨੀ ਦੇ ਜਿਗਰ ਦਾ ਕੁਝ ਹਿੱਸਾ ਲੈ ਕੇ ਟਰਾਂਸਪਲਾਟ ਕਰ ਦਿੱਤਾ ਜਾਂਦਾ ਹੈ, ਬਸ਼ਰਤੇ ਦਾਨੀ ਦਾ ਜਿਗਰ ਤੰਦਰੁਸਤ ਹੋਵੇ। ਕੋਈ ਦੀ ਦਾਨੀ ਆਪਣੇ ਜਿਗਰ ਦਾ 65 ਫ਼ੀਸਦੀ ਹਿੱਸਾ ਦਾਨ ਕਰ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version