ਆਮ ਖਬਰਾਂ

ਜੇਲ੍ਹ ਕੈਦੀਆਂ ਨੂੰ ਬਾਜ਼ਾਰੀ ਕੀਮਤ ਤੋਂ ਕਈ ਗੁਣਾਂ ਵੱਧ ਕੀਮਤ ਤੇ ਮਿਲਦਾ ਸਾਮਾਨ, ਜੇਲ੍ਹ ਅਮਲੇ ਵੱਲੋਂ ਮੋਟੀ ਕਮਾਈ: ਲੱਖਾ ਸਿਧਾਣਾ

January 3, 2018 | By

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਲੱਖਾ ਸਿਧਾਣਾ ਨੇ ਪੰਜਾਬ ਦੀਆਂ ਜੇਲ੍ਹਾਂ ’ਚ ਨਸ਼ਿਆਂ ਦਾ ਪ੍ਰਵਾਹ ਆਮ ਵਾਂਗ ਚੱਲਣ ਅਤੇ ਕੈਦੀਆਂ ’ਤੇ ਤਸ਼ੱਦਦ ਢਾਹੇ ਜਾਣ ਦੇ ਦੋਸ਼ ਲਾਏ ਹਨ।

ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਲੱਖਾ ਸਿਧਾਣਾ ਨੇ ਦੋਸ਼ ਲਾਇਆ ਕਿ ਜੇਲ੍ਹਾਂ ਵਿੱਚ ਚਿੱਟਾ, ਸੁਲਫਾ, ਸਿਗਰਟਾਂ, ਬੀੜੀਆਂ, ਜਰਦਾ, ਨਸ਼ੀਲੀ ਦਵਾਈ, ਟੀਕੇ ਅਤੇ ਮੋਬਾਈਲ ਆਮ ਮਿਲ ਰਹੇ ਹਨ। ਜੇਲ੍ਹ ਅਮਲੇ ’ਤੇ ਮਿਲੀਭੁਗਤ ਦੇ ਦੋਸ਼ ਲਾਉਂਦਿਆਂ ਲੱਖੇ ਨੇ ਕਿਹਾ ਕਿ ਉਕਤ ਸਾਮਾਨ ਕੈਦੀਆਂ ਤੇ ਹਵਾਲਾਤੀਆਂ ਨੂੰ ਬਾਜ਼ਾਰੀ ਕੀਮਤ ਤੋਂ ਕਈ ਗੁਣਾਂ ਵੱਧ ਕੀਮਤ ਤੋਂ ਉਪਲੱਬਧ ਹੋ ਰਿਹਾ ਹੈ ਤੇ ਜੇਲ੍ਹ ਅਮਲੇ ਵੱਲੋਂ ਮੋਟੀ ਕਮਾਈ ਕੀਤੀ ਜਾਂਦੀ ਹੈ।

ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਮਹਾਰਾਜ।

ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਮਹਾਰਾਜ।

ਕੌਮੀ ਮਾਰਗਾਂ ’ਤੇ ਅੰਗਰੇਜ਼ੀ ਭਾਸ਼ਾ ਦੇ ਸਾਈਨ ਬੋਰਡਾਂ ’ਤੇ ਕੂਚੀ ਫੇਰਨ ਦੇ ਦੋਸ਼ਾਂ ਤਹਿਤ ਜੇਲ੍ਹ ਜਾਣ ਤੋਂ ਬਾਅਦ ਬਾਹਰ ਆਏ ਲੱਖਾ ਸਿਧਾਣਾ ਨੇ ਦਾਅਵਾ ਕੀਤਾ ਜੇਲ੍ਹਾਂ ’ਚ ਤਸ਼ੱਦਦ ਕਾਰਨ ਕੈਦੀ ਤੇ ਹਵਾਲਾਤੀ ਖੁਦਕੁਸ਼ੀਆਂ ਤੱਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਦੀਆਂ ਨੂੰ ਲੁੱਟਣ ਲਈ ਪਹਿਲਾਂ ਔਖੀ ਮੁਸ਼ੱਕਤ ’ਤੇ ਲਾਇਆ ਜਾਂਦਾ ਹੈ ਫਿਰ ਮੋਟੀਆਂ ਰਕਮਾਂ ਹਾਸਲ ਕੀਤੀਆਂ ਜਾਂਦੀਆਂ ਹਨ।

ਪੰਜਾਬ ’ਚ ਨਸ਼ਿਆਂ ਦੀ ਰੋਕਥਾਮ ਸਬੰਧੀ ਸਰਕਾਰੀ ਦਾਅਵਿਆਂ ਨੂੰ ਝੂਠੇ ਕਰਾਰ ਦਿੰਦਿਆਂ ਲੱਖੇ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫ਼ਤਿਆਂ ਵਿਚ ਨਸ਼ਾ ਖਤਮ ਕਰਨ ਦੇ ਦਾਅਵੇ ਵਿਚ ਕੋਈ ਦਮ ਨਹੀਂ ਹੈ ਕਿਉਂਕਿ ਜੇਲ੍ਹਾਂ ਵਿਚ ਸ਼ਰੇਆਮ ਚਿੱਟੇ ਦੀ ਸਪਲਾਈ ਹੋ ਰਹੀ ਹੈ। ਹਵਾਲਾਤੀ ਵਜੋਂ ਫਰੀਦਕੋਟ ਜੇਲ੍ਹ ’ਚ ਰਹਿ ਚੁੱਕੇ ਲੱਖਾ ਸਿਧਾਣਾ ਨੇ ਖ਼ੁਲਾਸਾ ਕੀਤਾ ਕਿ ਜੇਲ੍ਹ ਵਿੱਚ ਇੱਕ ਸਰਿੰਜ ਨੂੰ 20 ਤੋਂ 25 ਕੈਦੀਆ ਵਲੋਂ ਵਰਤਿਆ ਜਾਂਦਾ ਹੈ, ਜਿਸ ਕਰਕੇ 250 ਤੋਂ ਵੱਧ ਕੈਦੀ ਐਚ.ਆਈ.ਵੀ ਅਤੇ 200 ਹੈਪੇਟਾਈਟਸ ਸੀ (ਕਾਲਾ ਪੀਲੀਆ) ਦੇ ਸ਼ਿਕਾਰ ਹਨ।

ਲੱਖੇ ਨੇ ਕਿਹਾ ਕਿ ਜਿਹੜੇ ਕੈਦੀ, ਹਵਾਲਾਤੀ ਜੇਲ੍ਹ ਸਟਾਫ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਚੱਕੀਆਂ ਵਿਚ ਬੰਦ ਕਰ ਦਿੱਤਾ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,