ਨਵੀਂ ਦਿੱਲੀ/ ਲੁਧਿਆਣਾ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਮਾਹੌਲ ਠੀਕ ਕਰਨ ਆ ਰਹੇ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਅੱਜ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਾਜਪਾ ਅਤੇ ਲੁਧਿਆਣਾ ਪੁੱਜਣ ‘ਤੇ ਅਕਾਲੀ ਅਤੇ ਕਾਂਗਰਸੀਆਂ ਦੀ ਧੱਕਾ-ਮੁੱਕੀ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਦੀ ਔਰਤ ਵਿੰਗ ਦੀ ਪ੍ਰਧਾਨ ਕਮਲਜੀਤ ਸਹਿਰਾਵਤ ਅਤੇ ਪਾਰਟੀ ਦੇ ਬੁਲਾਰੇ ਪ੍ਰਵੀਨ ਕਪੂਰ ਦੀ ਅਗਵਾਈ ‘ਚ ਆਏ ਭਾਜਪਾ ਕਾਰਜਕਰਤਾਵਾਂ ਨੇ ਪਲੇਟਫਾਰਮ ਨੰ: 1 ‘ਤੇ ਪੰਜਾਬ ਆਉਣ ਲਈ ਪਹੁੰਚੇ ਕੇਜਰੀਵਾਲ ਦੇ ਖਿਲਾਫ ਉਕਸਾਊ ਨਾਅਰੇਬਾਜ਼ੀ ਕੀਤੀ ਅਤੇ ਕੇਜਰੀਵਾਲ ਵੱਲ ਚੂੜੀਆਂ ਵੀ ਸੁਟੀਆਂ।
ਭਾਜਪਾ ਔਰਤ ਵਿੰਗ ਵਲੋਂ ਕੇਜਰੀਵਾਲ ਦਾ ਵਿਰੋਧ
ਕੁਝ ਕਾਰਜਕਰਤਾਵਾਂ ਨੇ ਪੁਲਿਸ ਅਤੇ ਕੇਜਰੀਵਾਲ ਨਾਲ ਹੱਥੋਪਾਈ ਵੀ ਕੀਤੀ। ਭਾਜਪਾ ਦੇ ਕਾਰਜਕਰਤਾ ਮੰਗ ਕਰ ਰਹੇ ਸਨ ਕਿ ਉਹ ਆਸ਼ੂਤੋਸ਼ ਨੂੰ ਵਿਵਾਦਤ ਬਿਆਨ ਦੇਣ ਦੇ ਬਦਲੇ ਪਾਰਟੀ ਵਿਚੋਂ ਕੱਢੇ। ਇਥੇ ਇਹ ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਨੇ ਨਹਿਰੂ ਅਤੇ ਗਾਂਧੀ ਦੇ ਖਿਲਾਫ ਬਲੌਗ ਲਿਖਿਆ ਸੀ।
ਇਸ ਘਟਨਾ ਲਈ ‘ਆਪ’ ਵਲੋਂ ਨਰਿੰਦਰ ਮੋਦੀ ਅਤੇ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਦੱਸਦੇ ਹੋਏ ਇਹ ਕਿਹਾ ਗਿਆ ਕਿ ਇਸ ਮੌਕੇ ਪੁਲਿਸ “ਮੂਕ ਦਰਸ਼ਕ” ਬਣ ਕੇ “ਪਹਿਲਾਂ ਤੋਂ ਤੈਅ” ਪ੍ਰੋਗਰਾਮ ਦੇਖਦੀ ਰਹੀ।
ਇਸਤੋਂ ਬਾਅਦ ਜਿਵੇਂ ਹੀ ਕੇਜਰੀਵਾਲ ਸ਼ਤਾਬਦੀ ਐਕਸਪ੍ਰੈਸ ਦੇ ਜ਼ਰੀਏ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੇ ਤਾਂ ਇਥੇ ਉਨ੍ਹਾਂ ਦਾ “ਸਵਾਗਤ” ਯੂਥ ਅਕਾਲੀ ਦਲ ਅਤੇ ਕਾਂਗਰਸ ਦੀ ਔਰਤ ਵਿੰਗ ਵਲੋਂ ਨਵੀਂ ਦਿੱਲੀ ਵਾਂਗ ਹੀ ਹੋਇਆ।
ਸੱਤਾਧਾਰੀ ਪਾਰਟੀ ਵਲੋਂ ਯੂਥ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਗੋਸ਼ਾ ਦੀ ਅਗਵਾਈ ‘ਚ ਕਾਰਜਕਰਤਾਵਾਂ ਨੇ ਕੇਜਰੀਵਾਲ ਵੱਲ ਚੂੜੀਆਂ ਵਗਾਹ ਕੇ ਸੁੱਟੀਆਂ ਅਤੇ ਇਹ ਦਾਅਵਾ ਕੀਤਾ ਕਿ ਕੇਜਰੀਵਾਲ ਸਰਕਾਰ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋਈ ਹੈ।
ਕਾਂਗਰਸ ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਲੀਨਾ ਟਾਪਰੀਆ ਦੀ ਅਗਵਾਈ ‘ਚ ਕਾਂਗਰਸੀ ਔਰਤਾਂ ਵੀ “ਕੇਜਰੀਵਾਲ ਵਾਪਸ ਜਾਓ” ਦੇ ਨਾਅਰੇ ਲਾਉਂਦੀਆਂ ਰਹੀਆਂ।
ਜਿਵੇਂ ਹੀ ਕੇਜਰੀਵਾਲ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਾਹਰ ਆਏ ਤਾਂ ਇਕ ਹੋਰ ਧੜੇ ਨੇ ਕੇਜਰੀਵਾਲ ਦਾ ਵਿਰੋਧ ਕੀਤਾ ਜਿਹੜਾ ਕਿ ਆਪਣੇ ਆਪ ਨੂੰ ਹਿੰਦੂ ਜਥੇਬੰਦੀ ਦਾ ਦੱਸ ਰਿਹਾ ਸੀ। ਹਾਲਾਂਕਿ, ਪੰਜਾਬ ਪੁਲਿਸ ਨੇ ਕਿਸੇ ਨੂੰ ਵੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ।
ਅੱਜ ਹੀ ਨਵਜੋਤ ਸਿੱਧੂ ਨੇ ਆਪਣੇ ਚੌਥੇ ਫਰੰਟ ਦਾ ਐਲਾਨ ਵੀ ਲੁਧਿਆਣਾ ਤੋਂ ਹੀ ਕਰਨਾ ਹੈ।
