ਖਾਸ ਖਬਰਾਂ

ਖਾਸ ਰਿਪੋਰਟ: ਨਾਨਕ ਸ਼ਾਹ ਫਕੀਰ ਵਿਵਾਦਤ ਫਿਲਮ ਖਿਲਾਫ ਰੋਸ ਵਧਿਆ; ਪੰਥਕ ਸਖਸ਼ੀਅਤਾਂ ਨੇ ਫਿਲਮ ਰੱਦ ਕੀਤੀ

By ਸਿੱਖ ਸਿਆਸਤ ਬਿਊਰੋ

March 29, 2018

ਚੰਡੀਗੜ੍ਹ: “ਨਾਨਕ ਸ਼ਾਹ ਫਕੀਰ” ਨਾਮੀ ਵਿਵਾਦਿਤ ਫਿਲਮ ਇਕ ਵਾਰ ਫੇਰ ਚਰਚਾ ਵਿਚ ਹੈ ਕਿਉਂਕਿ ਫਿਲਮ ਦੇ ਨਿਰਮਾਤਾ ਨੇ ਸਿੱਖ ਜਗਤ ਦੇ ਰੋਹ ਨੂੰ ਅੱਖੋਂ-ਪਰੋਖੇ ਕਰਦਿਆਂ ਇਸ ਫਿਲਮ ਨੂੰ ਦੁਬਾਰਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵਾਰ ਫਿਲਮ ਨਿਰਮਾਤਾ ਨੂੰ ਭਾਰਤੀ ਰਾਜਸੀ ਤੰਤਰ ਦੇ ਕਾਬੂ ਹੇਠ ਵਿਚਰਦੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਸ਼ਹਿ ਦਿੱਤੀ ਜਾ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਵੀ ਸਿੱਖ ਜਗਤ ਦਾ ਰੋਸ ਸਹੇੜਨ ਦੀ ਪੂਰੀ ਤਿਆਰੀ ਵਿਚ ਨਜ਼ਰ ਆ ਰਹੀ ਹੈ।

ਜਿਵੇਂ ਹੀ ਇਸ ਫਿਲਮ ਨੂੰ ਸਿੱਖਾਂ ਦੇ ਪਵਿਤਰ ਖਾਲਸਾ ਪ੍ਰਕਾਸ਼ ਦਿਹਾੜੇ (ਵਿਸਾਖੀ) ‘ਤੇ 13 ਅਪ੍ਰੈਲ ਨੂੰ ਦੁਬਾਰਾ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਅਤੇ ਯੂ-ਟਿਊਬ ਉੱਤੇ ਫਿਲਮ ਦੀ ਮਸ਼ਹੂਰੀ ਜਾਰੀ ਕੀਤੀ ਗਈ ਤਾਂ ਸਿੱਖ ਜਗਤ ਵਿਚ ਇਸ ਵਿਰੁੱਧ ਰੋਸ ਮੁੜ ਨਜ਼ਰ ਆਉਣਾ ਸ਼ੁਰੂ ਹੋ ਗਿਆ ਅਤੇ ਹੁਣ ਤਕ ਸੋਸ਼ਲ ਮੀਡੀਆ ਉੱਤੇ #StopNanakShahFakirFilm ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਤੋਂ ਇਹ ਵਿਰੋਧ ਜ਼ਮੀਨੀ ਪੱਧਰ ਉੱਤੇ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ।

ਸ਼੍ਰੋਮਣੀ ਕਮੇਟੀ ਵਲੋਂ ਆਪਣੇ ਵਿਦਿਅਕ ਅਦਾਰਿਆਂ ਦੇ ਡਾਇਰੈਕਟਰ ਨੂੰ ਜਾਰੀ ਕੀਤੀ ਗਈ ਚਿੱਠੀ:

ਪਰ ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਇਸ ਸਾਰੇ ਰੋਸ ਤੇ ਅੱਖਾਂ ਮੀਚਦੀ ਨਜ਼ਰ ਆ ਰਹੀ ਹੈ ਤੇ ਕਮੇਟੀ ਫਿਲਮ ਨੂੰ ਪੂਰੀ ਹੱਲਾਸ਼ੇਰੀ ਦੇ ਰਹੀ ਹੈ। ਇਸ ਸਬੰਧੀ ਜਿੱਥੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਵਿਦਿਅਕ ਅਦਾਰਿਆਂ ਦੇ ਡਾਇਰੈਕਟਰ ਨੂੰ ਇਕ ਚਿੱਠੀ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨਾਲ ਸਬੰਧਤਿ ਸਾਰੇ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਇਹ ਫਿਲਮ ਦਿਖਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉੱਥੇ ਹੀ ਸਿੱਖ ਜਗਤ ਵਿਚ ਇਸ ਫਿਲਮ ਖਿਲਾਫ ਫੈਲੇ ਰੋਹ ਨੂੰ ਗਲਤ ਦੱਸਦਿਆਂ ਫਿਲਮ ‘ਤੇ ਕਿੰਤੂ ਪ੍ਰੰਤੂ ਨਾ ਕਰਨ ਲਈ ਕਿਹਾ ਹੈ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਫਿਲਮ ਵਿਚ ਕੁਝ ਵੀ “ਇਤਰਾਜ਼ਯੋਗ” ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬ-ਕਮੇਟੀ ਨੇ ਇਸ ਦੀ ਸਕਰਿਪਟ ਨੂੰ ਵਾਚਣ ਵਿਚਾਰਨ ਤੋਂ ਬਾਅਦ ਹੀ ਮਨਜ਼ੂਰੀ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ 2016 ਵਿਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ ਨੇ ਫਿਲਮ ਨਾਨਕ ਸ਼ਾਹ ਫਕੀਰ ਨੂੰ ਪ੍ਰਵਾਨਗੀ ਪੱਤਰ ਦਿੱਤਾ ਸੀ। ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ 2010 ਵਿਚ ਫਿਲਮਾਂ ਸਬੰਧੀ ਇਕ ਸਬ-ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨ ਕਰਨ ਤੋਂ ਬਾਅਦ ਕੇਸ ਸ਼੍ਰੋਮਣੀ ਕਮੇਟੀ ਪਾਸ ਭੇਜਿਆ ਗਿਆ ਸੀ। ਬੁਲਾਰੇ ਨੇ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੂੰ ਛੱਡ ਕੇ ਕਿਸੇ ‘ਤੇ ਵੀ ਐਨੀਮੇਸ਼ਨ ਫਿਲਮ ਬਣਾਉਣ ਨੂੰ ਸਮੇਂ ਦੀ ਲੋੜ ਦੱਸਿਆ ਗਿਆ ਸੀ। ਇਸੇ ਹੀ ਕਮੇਟੀ ਵੱਲੋਂ ਐਨੀਮੇਸ਼ਨ ਫਿਲਮ ਬਣਾਉਣ ਸਮੇਂ ਗੁਰੂ ਸਾਹਿਬਾਨ ਦੀਆਂ ਪ੍ਰਵਾਨਤ ਤਸਵੀਰਾਂ ਵਰਤਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ।

ਕਮੇਟੀ ਦੇ ਸਾਬਕਾ ਜਨ. ਸਕੱਤਰ ਨੇ ਕੀਤਾ ਸਿਆਸੀ ਦਬਾਅ ਦਾ ਖੁਲਾਸਾ:

ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਨੇ ਵੀ ਜਨਤਕ ਕੀਤਾ ਹੈ ਕਿ ਇਸ ਫਿਲਮ ਨੂੰ ਹਰੀ ਝੰਡੀ ਦਵਾਉਣ ਲਈ ਫਿਲਮ ਦੇ ਨਿਰਮਾਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਆਗੂਆਂ ਨਾਲ ਆਪਣੀ ਨੇੜਤਾ ਨੂੰ ਵਰਤਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੇਖਣ ਲਈ ਬਣਾਈ ਗਈ ਸਬ ਕਮੇਟੀ ਵਿਚ ਉਹ ਸ਼ਾਮਿਲ ਸਨ ਤੇ ਉਨ੍ਹਾਂ ਨੇ ਫਿਲਮ ਦੇਖਣ ਤੋਂ ਬਾਅਦ ਇਸ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਕੁਝ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਫਿਲਮ ਦੁਬਾਰਾ ਦੇਖ ਕੇ ਆਉਣੀ ਹੈ ਅਤੇ ਪਾਸ ਵੀ ਕਰਨੀ ਹੈ, ਜਿਸ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ ਸੀ।

ਸ. ਸੁਖਦੇਵ ਸਿੰਘ ਭੌਰ ਵੱਲੋਂ ਫਿਲਮ ਜਾਰੀ ਕਰਨ ਲਈ ਸਿਆਸੀ ਦਬਾਅ ਦਾ ਖੁਲਾਸਾ ਕਰਦੀ ਪੂਰੀ ਲਿਖਤ ਪੜ੍ਹੋ – ਹਰਿੰਦਰ ਸਿੱਕਾ ਦੀ ਸਿੱਖ ਜਗਤ ਨੂੰ ਮੁੜ ਚੁਣੌਤੀ; ਸ਼੍ਰੋਮਣੀ ਕਮੇਟੀ ਅਤੇ ਗੁਰਬਚਨ ਸਿੰਘ ‘ਤੇ ਉੱਠੀਆਂ ਉਂਗਲਾਂ

ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਕਾਰਨ ਪੰਥ ਵੱਲੋਂ ਫਿਲਮ ਦਾ ਵਿਰੋਧ ਹੋ ਰਿਹਾ ਹੈ:

ਸਿੱਖ ਸਿਧਾਂਤਾਂ ਅਨੁਸਾਰ ਸਿੱਖ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਵਾਰ ਤੇ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਜੁੜੇ ਮਹਾਨ ਗੁਰਸਿੱਖਾਂ ਬਾਰੇ ਨਾਟਕ-ਚੇਟਕ ਕਰਨੇ ਮਨਮਤ ਹਨ ਤੇ ਇਨ੍ਹਾਂ ਦੀ ਸਖਤ ਮਨਾਹੀ ਹੈ। ਇਹੀ ਕਾਰਨ ਹੈ ਕਿ ਪਹਿਲਾਂ 2015 ਵਿੱਚ ਅਤੇ ਹੁਣ ਮੁੜ ਸਿੱਖਾਂ ਵੱਲੋਂ ਇਸ ਵਿਵਾਦਤ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਜਿੱਥੇ ਸਿੱਖ ਜਗਤ ਵਿਚ ਇਸ ਗੱਲ ਦਾ ਇਤਰਾਜ਼ ਹੈ ਕਿ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ ਦਾ ਕਿਰਦਾਰ ਕਿਸੇ ਵੀ ਰੂਪ ਵਿਚ ਕੋਈ ਕਲਾਕਾਰ ਨਹੀਂ ਕਰ ਸਕਦਾ ਉੱਥੇ ਸ਼੍ਰੋਮਣੀ ਕਮੇਟੀ ਆਪਣੇ ਪ੍ਰੈਸ ਬਿਆਨ ਵਿਚ ਇਹ ਸਲਾਹ ਦੇ ਰਹੀ ਹੈ ਕਿ ਫਿਲਮ ‘ਤੇ ਕਿਸੇ ਕਿਸਮ ਦੇ ਇਤਰਾਜ਼ ਫਿਲਮ ਦੇਖਣ ਤੋਂ ਬਾਅਦ ਹੀ ਦੇਣੇ ਚਾਹੀਦੇ ਹਨ।

ਸਾਲ 2015 ਵਿੱਚ ਇਸ ਫਿਲਮ ਦੇ ਹਵਾਲੇ ਨਾਲ ਸਿੱਖ ਸਿਆਸਤ ਵੱਲੋਂ ਸਿੱਖ ਚਿੰਤਕ ਸ. ਅਜਮੇਰ ਸਿੰਘ ਨਾਲ ਕੀਤੀ ਗਈ ਵਿਚਾਰ-ਚਰਚਾ ਵਿੱਚ ਹੀ ਇਹ ਗੱਲ ਸਾਹਮਣੇ ਆਈ ਸੀ ਕਿ ਸਿੱਖੀ ਸਿਧਾਂਤ ਅਨੁਸਾਰ ਅਜਿਹੀ ਫਿਲਮ ਬਣਾਉਣਾ ਹੀ ਸਹੀ ਨਹੀਂ ਹੈ ਤਾਂ ਫਿਲਮ ਵੇਖ ਕੇ ਇਤਰਾਜ਼ ਪਰਗਟ ਕਰਨ ਵਾਲੀ ਗੱਲ ਆਪਣੇ ਆਪ ਹੀ ਬੇਮਾਇਨੇ ਹੋ ਜਾਂਦੀ ਹੈ।

ਸਿੱਖ ਪੰਥ ਵੱਲੋਂ ਰੱਦੀ ਜਾ ਚੁੱਕੀ ਫਿਲਮ ਮੁੜ ਜਾਰੀ ਕਰਨ ਦਾ ਕੋਈ ਅਧਾਰ ਨਹੀਂ ਬਣਦਾ: ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਫਿਲਮ ਦੇ ਪ੍ਰਚਾਰ ਵਾਸਤੇ ਆਪਣੇ ਵਿਦਿਅਕ ਅਦਾਰਿਆਂ ਨੂੰ ਦਿੱਤੇ ਗਏ ਪੱਤਰ ਗੰਭੀਰ ਮੁੱਦਾ ਹੈ। ਉਨ੍ਹਾਂ ਆਖਿਆ ਕਿ ਇਹ ਫਿਲਮ 2015 ਵਿੱਚ ਉਸ ਵੇਲੇ ਵਾਪਸ ਲੈ ਲਈ ਗਈ ਸੀ ਜਦੋਂ ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤਾ ਗਿਆ ਸੀ। ਸਰਕਾਰ ਨੇ ਵੀ ਇਸ ’ਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਆਖਿਆ ਕਿ ਹੁਣ ਇਸ ਫਿਲਮ ਨੂੰ ਕਿਸ ਆਧਾਰ ’ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਫਿਲਮ ਦੇ ਦਰੁਸਤ ਹੋਣ ਦਾ ਕੋਈ ਗੁਰਬਾਣੀ ਆਧਾਰਿਤ ਹਵਾਲਾ ਪੇਸ਼ ਕਰੇ।

ਅਜਿਹੀਆਂ ਫਿਲਮਾਂ ਸਿੱਖਾਂ ਸਿਧਾਂਤਾਂ ਦੀ ਉਲੰਘਣਾ ਕਰਦੀਆਂ ਹਨ; ਸਾਬਕਾ ਜਥੇਦਾਰ ਗਿਆਨ ਜੋਗਿੰਦਰ ਸਿੰਘ ‘ਵੇਦਾਂਤੀ’

ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ ਦਾ ਕਿਸੇ ਵੀ ਪ੍ਰਕਾਰ ਦਾ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਫਿਲਮ ਅਜਿਹਾ ਕਰਦੀ ਹੈ ਤਾਂ ਇਹ ਸਿੱਖੀ ਸਿਧਾਂਤਾਂ ਦੀ ਉਲੰਘਣਾ ਹੈ।

ਨਾਨਕ ਸ਼ਾਹ ਫਕੀਰ ਸਿੱਖਾਂ ਨੂੰ ਬੁੱਤ ਪ੍ਰਸਤੀ ਵੱਲ ਤੋਰਨ ਦੀ ਸਾਜਿਸ਼: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

ਚੰਡੀਗੜ੍ਹ ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਂਇੰਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਲਈ ਸਿਰਫ ਗੁਰੂ ਹੀ ਸ਼ਬਦ ਹੈ ਤੇ ਇਹ ਫਿਲਮਾਂ ਸਿੱਖ ਨੂੰ ਬੁੱਤ ਪ੍ਰਸਤੀ ਵੱਲ ਤੋਰਨ ਦੀ ਇਕ ਸਾਜਿਸ਼ ਹਨ ਜਿਸ ਦਾ ਸਿੱਖ ਜਗਤ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਸ਼੍ਰੋਮਣੀ ਕਮੇਟੀ ਧਾਰਮਿਕ ਸੰਸਥਾ ਨਹੀਂ ਰਹੀ, ਬਲਕਿ ਸਿਰਫ ਸਿਆਸਤ ਖੇਡਣ ਵਾਲੀ ਇਕ ਸੰਸਥਾ ਬਣ ਕੇ ਰਹਿ ਗਈ ਹੈ।

ਗੁਰੂ ਸਾਹਿਬਾਨ ਨੂੰ ਅਕਾਰ ਵਿੱਚ ਬੰਨਣ ਦੀ ਕੋਸ਼ਿਸ਼ ਕਰਨਾ ਮਨਮਤ ਹੈ: ਡਾ. ਗੁਰਮੀਤ ਸਿੰਘ (ਮੁਖੀ ਧਰਮ ਅਧਿਐਨ, ਪੰਜਾਬੀ ਯੂਨੀ. ਪਟਿਆਲਾ)

ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਪ੍ਰੋਫੈਸਰ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਅਕਾਰ ਜਾਂ ਚਿਤਰ ਬਣਾਉਣ ਜਾਂ ਨਾ ਬਣਾਉਣ ਬਾਰੇ ਕੋਈ ਨਿਰਣਾ ਲੈਣ ਤੋਂ ਪਹਿਲਾਂ ਇਹ ਵਿਚਾਰ ਲੈਣਾ ਜ਼ਰੂਰੀ ਹੈ ਕਿ ਸਿੱਖ ਪਰੰਪਰਾ ਵਿਚ ਗੁਰੂ ਦਾ ਸਰੂਪ ਕੀ ਹੈ? ਗੁਰੂ ਇਤਿਹਾਸ ਅਤੇ ਗੁਰੂ ਸਿਧਾਂਤਾਂ ਮੁਤਾਬਕ ਨਿਰਣਾ ਸਪਸ਼ਟ ਹੈ ਕਿ ਗੁਰੂ ਦੇਹ ਭਾਵ ਕੋਈ ਅਕਾਰ ਨਹੀਂ ਸਗੋਂ ਗੁਰੂ ਸ਼ਬਦ ਹੈ ਜੋ ਆਪ ਨਿਰੰਕਾਰ ਹੈ ਪਰੰਤੂ ਉਹ ਸਭ ਅਕਾਰਾਂ ਦਾ ਸਿਰਜਕ ਹੈ। ਸੁਭਾਵਿਕ ਹੀ ਸਿਰਜਕ ਦੀ ਸਿਰਜਨਾ ਇਸਦਾ ਅਕਾਰ ਨਹੀਂ ਬਣਾ ਸਕਦੀ ਕਿਉਂਕਿ ਸਿਰਜਕ ਆਪਣੀ ਸਿਰਜਨਾ ਤੋਂ ਪਾਰ ਹੈ। ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤ ਮੁਤਾਬਕ ਗੁਰੂ ਦਾ ਅਕਾਰ ਬਣਾਉਣਾ ਮਨਮਤਿ ਹੈ ਜੋ ਗੁਰਮਤਿ ਦੇ ਉਲਟ ਹੈ।

ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿਰੋਧ:

ਪਿਛਲੀ ਵਾਰ ਫਿਲਮ ਨੂੰ ਰੁਕਵਾਉਣ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਗੁਰੂ ਸਾਹਿਬ ਜਾ ਗੁਰੂ ਪਰਿਵਾਰ ਦਾ ਫਿਲਮਾਂਕਣ ਕਰਨਾ ਸਿੱਖ ਸਿਧਾਂਤ ਦੇ ਖਿਲਾਫ ਹੈ ਤੇ ਉਹ ਪਿਛਲੀ ਵਾਰ ਵਾਂਗ ਇਸ ਵਾਰ ਵੀ ਇਸ ਫਿਲਮ ਦਾ ਪੂਰਾ ਵਿਰੋਧ ਕਰਨਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ‘ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਮੋਜੂਦਾ ਸ਼੍ਰੋਮਣੀ ਕਮੇਟੀ ਜਿੱਥੇ ਪਹਿਲਾਂ ਸਿਆਸੀ ਤੌਰ ‘ਤੇ ਡਿਗੀ ਸੀ ਹੁਣ ਇਹ ਧਾਰਮਿਕ ਤੌਰ ‘ਤੇ ਵੀ ਡਿਗ ਗਈ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚਲੇ ਵਿਦਿਆਰਥੀ ਵਿਚਾਰ ਮੰਚ ‘ਸੱਥ’ ਨੇ ਵੀ ਇਸ ਫਿਲਮ ਨੂੰ ਸਿੱਖੀ ਸਿਧਾਂਤਾਂ ਦੀ ਉਲੰਘਣਾ ਦੱਸਦਿਆਂ ਇਸ ਦਾ ਵਿਰੋਧ ਕੀਤਾ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਵੀ ਫਿਲਮ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: