ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ)

ਖੇਤੀਬਾੜੀ

ਪੰਜਾਬ ਖੇਤੀਬਾੜੀ ਯੂਨੀ. ਕਰੇਗੀ ਕਿਸਾਨ ਖੁਦਕੁਸ਼ੀਆਂ ਦੇ ਮਨੋਵਿਗਿਆਨਕ ਕਾਰਨਾਂ ਦੀ ਘੋਖ

By ਸਿੱਖ ਸਿਆਸਤ ਬਿਊਰੋ

August 19, 2017

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਪੱਤਰਕਾਰੀ ਵਿਭਾਗ ਵੱਲੋਂ ਆਉਂਦੇ ਸਮੇਂ ਵਿੱਚ ਕਿਸਾਨਾਂ ਸਮੇਤ ਹੋਰਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੇ ਮਨੋਵਿਿਗਆਨਕ ਪੱਖਾਂ ਸਬੰਧੀ ਘੋਖ ਕੀਤੀ ਜਾਵੇਗੀ। ਇਸ ਕਾਰਜ ਲਈ ’ਵਰਸਿਟੀ ਦੇ ਉਕਤ ਵਿਭਾਗ ਨੂੰ ਪਹਿਲੀ ਵਾਰ ਨੈਸ਼ਨਲ ਐਗਰੀਕਲਚਰਲ ਸਾਇੰਸ ਫੰਡ ਤਹਿਤ 1.35 ਕਰੋੜ ਰੁਪਏ ਦੀ ਰਕਮ ਮਿਲੀ ਹੈ।

ਪੀਏਯੂ ਦੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਅਤੇ ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ‘ਖੁਦਕੁਸ਼ੀ: ਮਨੋਵਿਿਗਆਨਕ ਪੱਖ’ ਵਿਸ਼ੇ ਹੇਠ ਚਲਾਏ ਜਾ ਰਹੇ ਤਿੰਨ ਸਾਲਾ ਪ੍ਰੋਜੈਕਟ ਵਿੱਚ ਤਿਲੰਗਾਨਾ ਸਟੇਟ ਐਗਰੀਕਲਚਰਲ ਯੂਨੀਵਰਸਿਟੀ ਹੈਦਰਾਬਾਦ, ਮਰਾਠਵਾੜਾ ਖੇਤੀ ਵਿਿਦਆਪੀਠ, ਪਰਭਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਟੀਮਾਂ ਵੀ ਸਹਿਯੋਗ ਦੇ ਰਹੀਆਂ ਹਨ। ਚਾਰੇ ਟੀਮਾਂ ਦੀ ਪਟਿਆਲਾ ਵਿਖੇ ਮੀਟਿੰਗ ਵੀ ਹੋ ਚੁੱਕੀ ਹੈ।

ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਖੁਦਕੁਸ਼ੀਆਂ ਦਾ ਮਾਮਲਾ ਇੰਨਾ ਗੰਭੀਰ ਹੈ ਕਿ ਇਸ ਪਾਸੇ ਸੋਚਣਾ ਸਮੇਂ ਦੀ ਅਹਿਮ ਲੋੜ ਬਣ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਦੀ ਹਦਾਇਤਾਂ ਮੁਤਾਬਕ ਖੁਦਕੁਸ਼ੀ ਨੂੰ ਵਧਾ-ਚੜ੍ਹਾ ਕੇ ਬਿਆਨ ਨਾ ਕੀਤਾ ਜਾਵੇ ਕਿਉਂਕਿ ਮਨੋਵਿਿਗਆਨਕ ਕਾਰਨਾਂ ਕਰਕੇ ਬਹੁਤੇ ਲੋਕ ਅਜਿਹੀਆਂ ਖਬਰਾਂ ਪੜ੍ਹ ਕੇ ਹੀ ਇਸ ਪਾਸੇ ਨੂੰ ਤੁਰ ਪੈਂਦੇ ਹਨ। ਡਬਲਿਯੂਐਚਓ ਦਾ ਕਹਿਣਾ ਹੈ ਕਿ ਖੁਦਕੁਸ਼ੀ ਕਰਨ ਵਾਲੇ ਦੇ ਪਿੱਛੋਂ ਪਰਿਵਾਰਕ ਮੈਂਬਰਾਂ ’ਤੇ ਕਿਹੜੇ ਕਿਹੜੇ ਦੁੱਖ ਆਉਂਦੇ ਹਨ, ਬਾਰੇ ਵੀ ਵਿਸਥਾਰ ਨਾਲ ਦੱਸਣ ਦੀ ਲੋੜ ਹੈ।

ਡਾ. ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਉਨ੍ਹਾਂ ਦੀ ਟੀਮ ਇਹ ਖੋਜ ਕਰੇਗੀ ਕਿ ਦੋ ਲੱਖ ਦੇ ਕਰਜ਼ੇ ਵਾਲੇ ਕਿਸਾਨ ਵਿੱਚ ਅਜਿਹੇ ਕਿਹੜੇ ਗੁਣਾਂ ਦੀ ਘਾਟ ਸੀ ਜਿਸ ਨੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰ ਦਿੱਤਾ ਜਦਕਿ ਕਈ ਪੰਜ-ਪੰਜ, ਦਸ-ਦਸ ਲੱਖ ਦਾ ਕਰਜ਼ਾ ਲੈਣ ਵਾਲੇ ਕਿਸਾਨ ਵੀ ਕਦੇ ਖੁਦਕੁਸ਼ੀ ਕਰਨ ਬਾਰੇ ਨਹੀਂ ਸੋਚਦੇ। ਕਿਸਾਨਾਂ ਨੂੰ ਮਨੋਵਿਿਗਆਨਕ ਪੱਖੋਂ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸੂਬੇ ਵਿੱਚ 200 ਵਾਲੰਟੀਅਰ ਤਿਆਰ ਕੀਤੇ ਜਾ ਰਹੇ ਹਨ। ਦੋ ਦਿਨ ਦੀ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਆਪੋ ਆਪਣੇ ਪਿੰਡਾਂ, ਕਸਬਿਆਂ ਵਿੱਚ ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਸਾਧਨਾਂ ਰਾਹੀਂ ਜਾਗਰੂਕਤਾ ਫੈਲਾਉਣ ਲਈ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਕਿਹਾ ਕਿ ਉਹ ਸਕੂਲਾਂ/ਕਾਲਜਾਂ ਵਿੱਚ ਮੁੱਢਲੀ ਡਾਕਟਰੀ ਸਿੱਖਿਆ ਦੇ ਨਾਲ ਨਾਲ ਮੁੱਢਲੀ ਮਨੋਵਿਿਗਆਨਕ ਸਿੱਖਿਆ ਵੀ ਦੇਣੀ ਸ਼ੁਰੂ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੇ ਪੱਖ ਨੂੰ ਗੰਭੀਰਤਾ ਨਾਲ ਲੈਂਦਿਆਂ ਪੀਏਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ 8 ਸਤੰਬਰ ਤੋਂ ਸ਼ੁਰੂ ਹੋ ਰਹੀ ਪੀਏਯੂ ਕਿਸਾਨ ਮੇਲਿਆਂ ਦੀ ਲੜੀ ਦਾ ਨਾਅਰਾ ‘ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਰੱਖਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: