ਖਾਸ ਖਬਰਾਂ

ਬੁੜੈਲ ਜੇਲ ਵਿੱਚ ਕੈਦ ਸਿੱਖ ਰਾਜਸੀ ਨਜ਼ਰਬੰਦਾਂ ਦੀ ਪੱਕੀ ਰਿਹਾਈ ਦੀ ਸੁਣਵਾਈ 18 ਜੁਲਾਈ ‘ਤੇ ਪਈ

May 27, 2014 | By

ਚੰਡੀਗੜ,(27 ਮਈ 2014):- ਲੰਬੇ ਸਮੇਂ ਤੋਂ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਚੰਡੀਗੜ੍ਹ ਦੀ ਬੂੜੈਲ ਜੇਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ‘ਚ ਬੰਦ  ਸਿੱਖ ਰਾਜਸੀ ਕੈਦੀ ਭਾਈ ਗੁਰਮੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲਗਾਈ ਪਟੀਸ਼ਨ ਤੇ ਸੁਣਵਾਈ ਅੱਜ ਮਾਨਯੋਗ ਜਸਟਿਸ ਰਾਜੀਵ ਭੱਲਾ ਦੇ ਬੈਂਚ ਵਲੋਂ ਕੀਤੀ ਗਈ ।

ਇਸ ਦੋਰਾਨ ਚੰਡੀਗੜ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਨਜ਼ਰਬੰਦਾਂ ਦੀ ਰਿਹਾਈ ‘ਤੇ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਗਿਆ ਹੈ । ਜਿਸ ਤੇ ਹਾਈਕੋਰਟ ‘ਚ ਸੁਣਵਾਈ ਕਰ ਰਹੇ ਬੈਂਚ ਵਲੋਂ ਭਾਰਤ ਸਰਕਾਰ ਅਤੇ ਚੰਡੀਗੜ ਪ੍ਰਸ਼ਾਸ਼ਨ ਨੂੰ ਜਵਾਬ ਦੇਹੀ ਲਈ 18 ਜੁਲਾਈ ਤਕ ਦਾ ਸਮਾਂ ਦਿਤਾ ਹੈ।

ਸਿੱਖ ਨੋਜਵਾਨਾਂ ਦੀ ਰਿਹਾਈ ਲਈ ਕਨੂੰਨੀ ਕਾਰਵਾਈ ਕਰ ਰਹੇ ਸੀਨੀਅਰ ਐਡਵੋਕੇਟ ਸ. ਅਮਰ ਸਿੰਘ ਚਹਿਲ ਨੇ ਦਸਿਆ ਕਿ ਇਹ ਜੋ ਪਟੀਸ਼ਨ ਹਾਈਕੋਰਟ ਵਿਚ ਲਗਾਈ ਹੈ ਇਸ ਵਿਚ ਦਸਿਆ ਗਿਆ ਹੈ ਕਿ ਅਦਾਲਤ ਵਲੋਂ ਦਿਤੀ ਸਜ਼ਾ ਕਨੂੰਨ ਅਨੂਸਾਰ ਭਾਈ ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ 14ਸਾਲ ਦੀ ਸਜ਼ਾ ਦੀ ਬਜਾਇ 18 ਸਾਲ ਦੀ ਸਜ਼ਾ ਭੁਗਤ ਚੁਕੇ ਹਨ ਅਤੇ ਇਸ ਤੋਂ ਇਲਾਵਾ ਹੋਰ ਕਈ ਜਰੂਰੀ ਜਾਣਕਾਰੀਆਂ ਪਟੀਸ਼ਨ ਰਾਹੀਂ ਹਾਈਕੋਰਟ ਦੇ ਧਿਆਨ ਵਿਚ ਪਹਿਲਾਂ ਹੀ ਦਿਤੀਆਂ ਹਨ।

ਜ਼ਿਕਰਯੋਗ ਹੈ ਕਿ ਜਨਵਰੀ 2014 ਵਿੱਚ ਸਜ਼ਾ ਪੂਰੀ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਕਰੂਕਸ਼ੇਤਰ ਦੇ ਰਹਿਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ ,ਜਿਸਨੂੰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਸਮਾਜ ਦੇ ਚੇਤੰਨ ਵਰਗ ਵੱਲੋਂ ਜੋਰਦਾਰ ਹੁਗਾਰਾ ਮਿਲਿਆ ਸੀ। ਜਦ ਇਹ ਮੋਰਚਾ ਆਪਣੇ ਸਿਖਰ ‘ਤੇ ਪੁੱਜਿਆ ਤਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਦੀ ਜ਼ਿਮੇਵਾਰੀ ਆਪਣੇ ਸਿਰ ਲੈਦਿਆ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਪ੍ਰੇਰਿਆ। ਪਰ ਇੱਕ ਵਾਰ ਮੋਰਚਾ ਖਤਮ ਹੋਣ ਤੋਂ ਬਾਅਦ ਜੱਥੇਦਾਰ ਨੇ ਇਸ ਮੱਸਲੇ ‘ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੰਘ ਅਜੇ ਵੀ ਜੇਲਾਂ ਵਿੱਚ ਬੰਦ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,