ਸਿਆਸੀ ਖਬਰਾਂ

ਸਰਕਾਰ ਤੇ ਖੰਡ ਮਿਲ ਮਾਲਕਾਂ ਵਿਚ ਸਮਝੌਤਾ ਹੋਇਆ: ਸਰਕਾਰ ਕਿਸਾਨਾਂ ਨੂੰ 25 ਰੁ: ਪ੍ਰਤੀ ਕੁਇੰਟਲ ਸਿੱਧੇ ਅਦਾ ਕਰੇਗੀ

December 6, 2018 | By

ਚੰਡੀਗੜ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਨਿੱਜੀ ਖੰਡ ਮਿਲਾਂ ਦੇ ਮਾਲਕਾਂ ਦਰਮਿਆਨ ਅੱਜ ਚੰਡੀਗੜ੍ਹ ਵਿਖੇ ਗੱਲਬਾਤ ਹੋਈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੇ ਇਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਗੰਨੇ ਦੀ ਪਿੜਾਈ ਦਾ ਮਸਲਾ ਹੱਲ ਕਰ ਲੈਣ ਦਾ ਦਾਅਵਾ ਕੀਤਾ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੌਰਾਨ ਖੰਡ ਕਾਰਖਾਨਿਆਂ ਕੋਲ ਵੇਚੇ ਗੰਨੇ ਦੇ ਪੈਸੇ ਨਾ ਮਿਲਣ ਕਾਰਨ ਤੇ ਮਿਲ ਮਾਲਕਾਂ ਵਲੋਂ ਇਸ ਸਾਲ ਗੰਨੇ ਦੀ ਪਿੜਾਈ ਸ਼ੁਰੂ ਨਾ ਕਰਨ ਕਾਰਨ ਪੰਜਾਬ ਵਿਚ ਗੰਨਾ ਕਾਸ਼ਤਕਾਰ ਖੰਡ ਕਾਰਖਾਨਿਆਂ ਦੇ ਬਾਹਰ ਧਰਨੇ-ਮੁਜਾਹਿਰੇ ਕਰ ਰਹੇ ਸਨ।

ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਹੋਰ ਨਿਜੀ ਖੰਡ ਕਾਰਖਾਨਿਆਂ ਦੇ ਮਲਕਾਂ ਨਾਲ ਗੱਲ ਬਾਤ ਕਰਦੇ ਹੋਏ

ਅੱਜ ਸ਼ਾਮ ਜਾਰੀ ਹੋਏ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਅੱਜ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਕਾਸ਼ਤਕਾਰਾਂ ਨੂੰ ਅਦਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਲਈ ਨਿੱਜੀ ਖੰਡ ਕਾਰਖਾਨਿਆਂ ਮਾਲਕਾਂ ਵੱਲੋਂ ਚੁੱਕੇ ਕਰਜ਼ੇ ’ਤੇ ਵਿਆਜ ਦੇ ਰੂਪ ਵਿੱਚ 65 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਵੀ ਐਲਾਨ ਕੀਤਾ।

ਮੁਕੇਰੀਆਂ ਵਿਖੇ ਇਕ ਨਿਜੀ ਖੰਡ ਕਾਰਖਾਨੇ ਦੇ ਬਾਹਰ 3 ਦਸੰਬਰ ਨੂੰ ਕਿਸਾਨਾਂ ਵਲੋਂ ਲਾਏ ਗਏ ਧਰਨੇ ਦਾ ਦ੍ਰਿਸ਼

ਜ਼ਿਕਰਯੋਗ ਹੈ ਕਿ ਪੰਜਾਬ ਦੇ 7 ਨਿਜੀ ਖੰਡ ਕਾਰਖਾਨਿਆਂ ਨੇ ਪਿਛਲੇ ਸਾਲ ਗੰਨਾ ਕਾਸ਼ਤਕਾਰਾਂ ਕੋਲੋਂ ਖਰੀਦੇ ਗੰਨੇ ਦਾ ਚਾਰ ਸੌ ਕਰੋੜ ਤੋਂ ਵੱਧ ਦਾ ਬਕਾਇਆ ਨਹੀਂ ਦਿੱਤਾ ਜਿਸ ਕਾਰਨ ਕਿਸਾਨਾਂ ਦੀ ਹਾਲਤ ਕਸੂਤੀ ਬਣੀ ਹੋਈ ਹੈ।

ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਨਿੱਜੀ ਖੰਡ ਕਾਰਖਾਨਿਆਂ ਦੇ ਮਾਲਕਾਂ ਨੂੰ ਗੰਨੇ ਦੀ ਪਿੜਾਈ ਤੁਰੰਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਗੰਨੇ ਦੀ ਪਿੜਾਈ ਪਹਿਲਾਂ ਹੀ ਦੋ ਹਫ਼ਤੇ ਪਛੜ ਗਈ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਟੇਟ ਐਸ਼ੋਰਡ ਪ੍ਰਾਈਸ (ਐਸ.ਏ.ਪੀ.) ਦੇ 310 ਰੁਪਏ ਪ੍ਰਤੀ ਕੁਇੰਟਲ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਅਦਾ ਕੀਤਾ ਜਾਣਗੇ ਜਦਕਿ ਬਾਕੀ 285 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਕਿਸਾਨਾਂ ਨੂੰ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਕੀਤਾ ਜਾਵੇਗਾ।

ੲਹ ਫੈਸਲਾ ਬੁੱਧਵਾਰ (3 ਦਸੰਬਰ ਨੂੰ) ਬਾਅਦ ਦੁਪਹਿਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਨਿਜੀ ਖੰਡ ਕਾਰਖਾਨਿਆਂ ਦੇ ਮਾਕਲਾਂ ਨਾਲ ਹੋਈ ਗੱਲਬਾਤ ਦੌਰਾਨ ਲਿਆ ਗਿਆ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ (ਵਿਕਾਸ) ਨੂੰ ਪਿੜਾਈ ਦਾ ਨਿਰਵਿਘਨ ਕੰਮ ਸ਼ੁਰੂ ਕਰਵਾਉਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਖੰਡ ਮਿੱਲ ਮਾਲਕਾਂ ਅਤੇ ਸੂਬਾ ਸਰਕਾਰ ਦਰਮਿਆਨ ਹੋਏ ਸਮਝੌਤੇ ਨੂੰ ਅਮਲ ਵਿਚ ਲਿਆਉਣ ਲਈ ਕਿਹਾ ਹੈ।

ਸਰਕਾਰੀ ਬਿਆਨ ਮੁਤਾਬਕ ਸਾਲ 2015-16 ਦੇ ਪਿੜਾਈ ਮੌਸਮ ਲਈ ਕਿਸਾਨਾਂ ਦੀ ਅਦਾਇਗੀ ਕਰਨ ਲਈ ਨਿੱਜੀ ਖੰਡ ਕਾਰਖਾਨਿਆਂ ਦੇ ਮਾਲਕਾਂ ਵੱਲੋਂ ਚੁੱਕੇ 200 ਕਰੋੜ ਰੁਪਏ ਦੇ ਕਰਜ਼ੇ ਦੇ ਵਿਆਜ ਨੂੰ ਸਹਿਣ ਕਰਨ ਲਈ ਸਾਲ 2015 ਵਿੱਚ ਸੂਬਾ ਸਰਕਾਰ ਵੱਲੋਂ ਦਿੱਤੇ ਭਰੋਸੇ ਦੀ ਲੀਹ ’ਤੇ ਮੁੱਖ ਮੰਤਰੀ ਨੇ ਵਿਆਜ ਦੀ ਲਗਪਗ 65 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਪ੍ਰਾਈਵੇਟ ਮਿੱਲ ਮਾਲਕਾਂ ਵੱਲ 192 ਕਰੋੜ ਰੁਪਏ ਦੇ ਬਕਾਏ ’ਚੋਂ ਕੁਝ ਅਦਾਇਗੀ ਕੀਤੀ ਜਾ ਸਕੇ।

ਨਿਜੀ ਖੰਡ ਕਾਰਖਾਨਿਆਂ ਦੇ ਮਾਲਕਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਲ 2017-18 ਦੀ ਪਿੜਾਈ ਮੌਸਮ ਦੌਰਾਨ ਖਰੀਦੇ ਗੰਨੇ ਦੀ ਕਿਸਾਨਾਂ ਦੀ ਬਕਾਇਆ ਰਾਸ਼ੀ ਉਨਾਂ ਵੱਲੋਂ ਸਿੱਧੇ ਤੌਰ ’ਤੇ ਛੇਤੀ ਅਦਾ ਕਰ ਦਿੱਤੀ ਜਾਵੇਗੀ।

ਇਕੱਤਰਤਾ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਿੱਤ ਕਮਿਸ਼ਨਰ ਵਿਕਾਸ ਵਿਸਵਾਜੀਤ ਖੰਨਾ, ਪ੍ਰਮੁੱਖ ਸਕੱਤਰ ਵਿੱਤ ਅਨੁਰਿਧ ਤਿਵਾੜੀ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਹਾਜ਼ਰ ਸਨ।

ਇਸ ਦੌਰਾਨ ਮੀਟਿੰਗ ਵਿੱਚ ਹਾਜ਼ਰ ਪ੍ਰਾਈਵੇਟ ਮਿੱਲ ਮਾਲਕਾਂ ਵਿੱਚ ਰਜਿੰਦਰ ਸਿੰਘ ਚੱਢਾ, ਕਮਲ ਓਸਵਾਲ, ਰਾਣਾ ਇੰਦਰ ਪ੍ਰਤਾਪ ਸਿੰਘ, ਜਰਨੈਲ ਸਿੰਘ ਵਾਹਦ ਅਤੇ ਕੁਨਲ ਯਾਦਵ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,