January 22, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਵੇਰਵੇ ਅਨੁਸਾਰ ਪੰਜਾਬ ਪੁਲਿਸ ਵਿੱਚ ਏਆਈਜੀ/ਐਸਐਸਪੀ/ਐਸਪੀ ਦੀਆਂ ਪ੍ਰਵਾਨਿਤ ਅਸਾਮੀਆਂ 160 ਹਨ ਜਦੋਂਕਿ 192 ਪੁਲੀਸ ਅਫ਼ਸਰ ਤਾਇਨਾਤ ਹਨ। 32 ਪੁਲੀਸ ਅਫ਼ਸਰ ‘ਸਰਪਲੱਸ’ ਹਨ। ਐਡੀਸ਼ਨਲ ਡੀਜੀ 11 ਹਨ ਤੇ ਕੋਈ ਅਸਾਮੀ ਖਾਲੀ ਨਹੀਂ। ਗ੍ਰਹਿ ਮੰਤਰਾਲੇ ਅਨੁਸਾਰ ਪੰਜਾਬ ਪੁਲੀਸ ‘ਚ 32 ਆਈਜੀ ਤਾਇਨਾਤ ਹਨ ਤੇ ਕੋਈ ਅਸਾਮੀ ਖਾਲੀ ਨਹੀਂ। ਏਐਸਪੀਜ਼ ਦੀਆਂ 294 ਅਸਾਮੀਆਂ ਪ੍ਰਵਾਨਿਤ ਹਨ ਅਤੇ ਕੋਈ ਵੀ ਖਾਲੀ ਨਹੀਂ ਹੈ।
ਪੰਜਾਬ ਪੁਲੀਸ ਦੀ ਕੁੱਲ (ਸਿਵਲ ਤੇ ਆਰਮਡ) ਮਨਜ਼ੂਰਸ਼ੁਦਾ ਨਫ਼ਰੀ 87,672 ਹੈ, ਜਿਸ ’ਚੋਂ 7186 ਅਸਾਮੀਆਂ ਖਾਲੀ ਹਨ। ਸਿਪਾਹੀਆਂ ਦੀਆਂ 50,214 ’ਚੋਂ 46,070 ਅਤੇ ਹੌਲਦਾਰਾਂ ਦੀਆਂ 10059 ’ਚੋਂ 8511 ਭਰੀਆਂ ਹਨ। ਇੰਸਪੈਕਟਰਾਂ ਦੀਆਂ 158, ਸਬ ਇੰਸਪੈਕਟਰਾਂ ਦੀਆਂ 322 ਅਤੇ ਏਐਸਆਈਜ਼ ਦੀਆਂ 418 ਅਸਾਮੀਆਂ ਖਾਲੀ ਹਨ।
ਇਸ ਹਿਸਾਬ ਨਾਲ ਪੰਜਾਬ ‘ਚ ਔਸਤਨ 363 ਵਿਅਕਤੀਆਂ ਦੀ ਸੁਰੱਖਿਆ ਲਈ ਇੱਕ ਪੁਲੀਸ ਮੁਲਾਜ਼ਮ ਤਾਇਨਾਤ ਹੈ। ਭੂਗੋਲਿਕ ਤੌਰ ’ਤੇ ਦੇਖੀਏ ਤਾਂ ਪੰਜਾਬ ‘ਚ ਇੱਕ ਸੌ ਵਰਗ ਕਿਲੋਮੀਟਰ ਦੀ ਸੁਰੱਖਿਆ ਦਾ ਜਿੰਮਾ 123 ਪੁਲੀਸ ਮੁਲਾਜ਼ਮਾਂ ਕੋਲ ਹੈ ਜਦੋਂਕਿ ਪ੍ਰਵਾਨਿਤ ਨਫ਼ਰੀ 136 ਮੁਲਾਜ਼ਮ ਹੈ। ਪੁਲੀਸ ਅਫਸਰਾਂ ਨੇ ਆਪਣੇ ਦਫ਼ਤਰਾਂ ਅਤੇ ਘਰਾਂ, ਕੈਂਪ ਦਫ਼ਤਰਾਂ ਵਿੱਚ ਥੋਕ ’ਚ ਸੀਸੀਟੀਵੀ ਕੈਮਰੇ ਲਾਏ ਹੋਏ ਹਨ।
ਪੰਜਾਬ ਪੁਲੀਸ ਕੋਲ 33,467 ਸੀਸੀਟੀਵੀ ਕੈਮਰੇ ਹਨ, ਜੋ ਭਾਰਤ ਭਰ ’ਚੋਂ ਸਭ ਤੋਂ ਵੱਧ ਹਨ। ਕਿਸੇ ਪੁਲੀਸ ਅਫ਼ਸਰ ਕੋਲ ਸਰਕਾਰੀ ਰਿਹਾਇਸ਼ ਦੀ ਕਮੀ ਨਹੀਂ ਹੈ। ਸਿਰਫ਼ ਦੋ ਐਸਐਸਪੀ ਦਫ਼ਤਰ ਕਿਰਾਏ ਦੀਆਂ ਇਮਾਰਤਾਂ ’ਚ ਹਨ। ਦੂਜੇ ਪਾਸੇ ਪੰਜਾਬ ‘ਚ ਹੇਠਲੇ 13083 ਪੁਲੀਸ ਮੁਲਾਜ਼ਮਾਂ ਕੋਲ ਹੀ ਸਰਕਾਰੀ ਕੁਆਰਟਰ ਦੀ ਸਹੂਲਤ ਹੈ। ਪੁਲੀਸ ਅਫ਼ਸਰਾਂ ਕੋਲ ਨਵੀਆਂ ਨਕੋਰ ਗੱਡੀਆਂ ਹਨ ਅਤੇ ਹਰ ਵੱਡੇ ਅਫ਼ਸਰ ਦੀ ਸੁਰੱਖਿਆ ਲਈ ਮੁਲਾਜ਼ਮਾਂ ਦੀ ਫੌਜ ਲੱਗੀ ਹੋਈ ਹੈ।
ਪੰਜਾਬ ‘ਚ ਸਮੇਤ ਰੇਲਵੇ 404 ਪੁਲੀਸ ਥਾਣੇ ਹਨ ਜਦੋਂਕਿ ਮਨਜ਼ੂਰਸ਼ੁਦਾ ਥਾਣਿਆਂ ਦੀ ਗਿਣਤੀ 399 ਹੈ ਅਤੇ 165 ਚੌਕੀਆਂ ਹਨ। ਇਨ੍ਹਾਂ ’ਚੋਂ 30 ਥਾਣਿਆਂ ਕੋਲ ਟੈਲੀਫੋਨ ਅਤੇ 16 ਕੋਲ ਵਾਇਰਲੈੱਸ ਦੀ ਘਾਟ ਹੈ ਜਦੋਂਕਿ 32 ਥਾਣੇ ਕਿਰਾਏ ਦੀਆਂ ਇਮਾਰਤਾਂ ’ਚ ਚੱਲ ਰਹੇ ਹਨ। 22 ਪੁਲੀਸ ਚੌਕੀਆਂ ਵੀ ਕਿਰਾਏ ਦੀਆਂ ਇਮਾਰਤਾਂ ’ਚ ਹਨ। ਪੰਜਾਬ ‘ਚ 172 ਆਈਪੀਐਸ ਅਫ਼ਸਰਾਂ ਦੀਆਂ ਅਸਾਮੀਆਂ ਪ੍ਰਵਾਨਿਤ ਹਨ ਅਤੇ ਤਾਇਨਾਤੀ 147 ਅਫ਼ਸਰਾਂ ਦੀ ਹੈ ਜਦੋਂਕਿ 15 ਅਫਸਰ ਕੇਂਦਰੀ ਡੈਪੂਟੇਸ਼ਨ ’ਤੇ ਹਨ। ਪੁਲੀਸ ਕੋਲ ਪੰਜਾਬ ਭਰ ‘ਚ ਸਿਰਫ਼ 52 ਸਪੀਡੋਮੀਟਰ ਹਨ ਜਦੋਂਕਿ ਸੜਕ ਹਾਦਸੇ ਨਿੱਤ ਵਾਪਰਦੇ ਹਨ।
ਪੰਜਾਬ ਪੁਲੀਸ ਦਾ 2015-16 ਵਰ੍ਹੇ ’ਚ 4596 ਕਰੋੜ ਦਾ ਖਰਚਾ ਸੀ। ਸਾਲ 2016-17 ਵਿੱਚ ਇਹ ਖਰਚਾ 3914 ਕਰੋੜ ਰਿਹਾ। ਪੁਲੀਸ ਦੀ ਸਿਖਲਾਈ ‘ਤੇ ਸਾਲ 2015-16 ਵਿੱਚ 62.76 ਕਰੋੜ ਅਤੇ ਸਾਲ 2016-17 ਵਿੱਚ 41.79 ਕਰੋੜ ਖਰਚੇ ਗਏ ਹਨ।
Related Topics: AIG, Punjab Police, SP, SSP