ਖਾਸ ਖਬਰਾਂ » ਖੇਤੀਬਾੜੀ » ਪੰਜਾਬ ਦੀ ਰਾਜਨੀਤੀ

ਦੱਖਣੀ ਪੰਜਾਬ ਵਿਚ ਖੜਾ ਹੋਇਆ ਪਾਣੀ ਸੰਕਟ; ਖੇਤਾਂ ਮਗਰੋਂ ਲੋਕ ਵੀ ਪਾਣੀ ਲਈ ਤਰਸਣ ਲੱਗੇ

June 4, 2018 | By

ਮਾਨਸਾ: ਦੱਖਣੀ ਪੰਜਾਬ ਵਿੱਚ ਵਿਸਾਖ ਦਾ ਮਹੀਨਾ ਲੰਘਣ ਤੋਂ ਪਹਿਲਾਂ ਨਹਿਰਾਂ ਦੀ ਬੰਦੀ ਨੇ ਐਸਾ ਭੜਥੂ ਪਾਇਆ ਕਿ ਚੜ੍ਹਦੇ ਜੇਠ ਤੋਂ ਲੈ ਕੇ ਹੁਣ ਤੱਕ ਖੇਤਾਂ ਦੀ ਪਿਆਸ ਨਹੀਂ ਬੁਝ ਸਕੀ। ਪਾਣੀ ਦੀ ਘਾਟ ਨੇ ਨਰਮੇ ਦੀ ਬਿਜਾਈ ਵਾਲੇ ਦਿਨਾਂ ਨੂੰ ਲੰਘਾ ਦਿੱਤਾ ਹੈ। ਸਾਉਣੀ ਦੀਆਂ ਫ਼ਸਲਾਂ ਦਾ ਪਾਣੀ ਬਿਨਾਂ ਸਾਹ ਫੁੱਲਣ ਲੱਗਿਆ ਹੈ। ਪਾਣੀ ਦੀ ਘਾਟ ਖੇਤਾਂ ਤੋਂ ਚੱਲ ਕੇ ਪਿੰਡਾਂ ਦੇ ਘਰਾਂ ਤੱਕ ਪੁੱਜ ਗਈ ਹੈ। ਵਾਟਰ ਵਰਕਸਾਂ ਦੇ ਟੈਂਕ ਭਰੇ ਹੀ ਨਹੀਂ ਜਾ ਸਕੇ ਹਨ। ਤੜਕੇ ਉੱਠ ਕੇ ਪਹਿਲਾਂ ਕਿਸਾਨਾਂ-ਮਜ਼ਦੂਰਾਂ ਨੂੰ ਫ਼ਸਲਾਂ ਬੀਜਣ ਦਾ ਫਿਕਰ ਹੁੰਦਾ ਸੀ ਤੇ ਹੁਣ ਜਵਾਕਾਂ ਦੀ ਤੇਹ ਮਿਟਾਉਣ ਦਾ ਝੋਰਾ ਹੋਣ ਲੱਗਿਆ ਹੈ।

ਬੰਦ ਪਈ ਕੋਟਲਾ ਬਰਾਂਚ ਨਹਿਰ ਦਾ ਦਿ੍ਸ਼

ਗਰਮੀ ਦੇ ਤਪਦੇ ਦਿਨਾਂ ਵਿੱਚ ਦੱਖਣੀ ਪੰਜਾਬ ਦਾ ਇਲਾਕਾ ਪੀਣ ਵਾਲੇ ਪਾਣੀ ਪੱਖੋਂ ਤਿਹਾਇਆ ਹੋ ਗਿਆ ਹੈ। ਵਰਲਡ ਬੈਂਕ ਦਾ ਵਾਟਰ ਵਰਕਸਾਂ ਉੱਤੇ ਕਰੋੜਾਂ ਰੁਪਏ ਖਰਚ ਕੇ ਵੀ ਲੋਕਾਂ ਨੂੰ ਸ਼ੁੱਧ, ਸਾਫ਼-ਸੁਥਰਾ ਅਤੇ ਸਮਰੱਥਾ ਅਨੁਸਾਰ ਪਾਣੀ ਨਹੀਂ ਪ੍ਰਾਪਤ ਹੋ ਰਿਹਾ ਹੈ। ਮਹਿਕਮੇ ਦੀਆਂ ਅਣਗਹਿਲੀਆਂ ਕਾਰਨ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ ਹਨ। ਪਿੰਡਾਂ ਵਿੱਚ ਘਰਾਂ ’ਚੋਂ ਘੜੇ ਚੁੱਕ ਕੇ ਔਰਤਾਂ ਨੇ ਮੁੱਖ ਮਾਰਗਾਂ ’ਤੇ ਜਾਮ ਵੀ ਲਾਏ ਹਨ, ਪਰ ਭਰੋਸਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ।

ਇਸ ਖੇਤਰ ’ਚੋਂ ਲੰਘਦੀ ਭਾਖੜਾ ਨਹਿਰ ਦੀ ਲੰਬਾ ਸਮਾਂ ਬੰਦੀ (3 ਅਪਰੈਲ ਤੋਂ 4 ਮਈ) ਨੇ 50 ਤੋਂ ਵੱਧ ਪਿੰਡਾਂ ਵਿੱਚ ਸਿੰਜਾਈ ਵਾਲੇ ਪਾਣੀ ਦੀ ਤਕਲੀਫ਼ ਪੈਦਾ ਕਰ ਦਿੱਤੀ। ਰਜਵਾਹੇ ਤੇ ਸੂਏ ਖਾਲੀ ਹੋਣ ਕਾਰਨ ਵਾਟਰ ਵਰਕਸਾਂ ਦੇ ਟੈਂਕਾਂ ’ਚੋਂ ਪਾਣੀ ਸੁੱਕਾ ਗਿਆ। ਇਹ ਪਹਿਲੀ ਵਾਰ ਹੈ ਕਿ ਖੇਤਾਂ ਦੇ ਨਾਲ-ਨਾਲ ਘਰਾਂ ਦੇ ਜੀਅ ਵੀ ਪਾਣੀ ਨੂੰ ਤਰਸਣ ਲੱਗੇ ਹਨ। ਭਾਵੇਂ ਖੇਤੀਬਾੜੀ ਮਹਿਕਮੇ ਵੱਲੋਂ ਪੰਜਾਬ ਸਰਕਾਰ ਨੂੰ ਭੇਜੀਆਂ ਗਈਆਂ ਤਾਜ਼ਾ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਮਾਲਵਾ ਖੇਤਰ ਵਿੱਚ ਇਸ ਵਾਰ 25 ਪ੍ਰਤੀਸ਼ਤ ਤੋਂ ਵੱਧ ਰਕਬਾ ਨਰਮੇ ਹੇਠੋਂ ਨਿਕਲ ਗਿਆ ਹੈ, ਪਰ ਪਿੰਡਾਂ ਵਿੱਚ ਜਾ ਕੇ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਚਿੱਟੇ ਸੋਨੇ ਦੇ ਖੇਤਾਂ ’ਚੋਂ ਗਾਇਬ ਹੋਣ ਬਾਰੇ ਅੰਕੜੇ ਇਸ ਤੋਂ ਵੱਧ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਨਹਿਰਾਂ ’ਚ ਪਾਣੀ ਨਾ ਆਉਣ ਕਾਰਨ ਨਰਮੇ ਦੀ ਅਸਲ ਬਿਜਾਈ ਵਾਲੇ ਦਿਨ ਹੀ ਟੱਪ ਗਏ ਹਨ। ਦੁਖਾਂਤ ਇਹ ਹੈ ਕਿ ਇਸ ਵਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਵਾਸਤੇ ਵੱਧ ਬਿਜਲੀ ਦੀ ਸਪਲਾਈ ਛੱਡੀ ਹੀ ਨਹੀਂ ਗਈ ਹੈ, ਜਦੋਂਕਿ ਡੀਜ਼ਲ ਦੇ ਰੇਟ ਅਸਮਾਨੀ ਚੜ੍ਹਨ ਕਰਕੇ ਕਿਸਾਨਾਂ ਤੋਂ ਟਿਊਬਵੈੱਲ ਚਲਾਉਣੇ ਵਾਰਾ ਨਹੀਂ ਸੀ ਖਾ ਰਹੇ।
ਨਹਿਰਾਂ ਦੇ ਛੁੱਟੀ ਕਰ ਜਾਣ ਨਾਲ ਬਿਜਾਈ ਦੀ ਪਿਛੇਤ ਨੇ ਦਸਤਕ ਦੇ ਦਿੱਤੀ। ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਨਰਮੇ ਦੀ ਬਿਜਾਈ ਹਰ ਹਾਲਤ ਵਿੱਚ ਮਈ ਦੇ ਪਹਿਲੇ ਦੋ ਹਫ਼ਤਿਆਂ ’ਚ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਕੋਟਲਾ ਬ੍ਰਾਂਚ ਨਹਿਰ ਦੇ ਬੰਦ ਹੋਣ ਨਾਲ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਬਰਨਾਲਾ, ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਦਾ ਹਜ਼ਾਰਾਂ ਏਕੜ ਰਕਬਾ ਨਹਿਰੀ ਪਾਣੀ ਨੂੰ ਤਰਸਣ ਲੱਗਿਆ ਹੈ। ਇਸ ਖੇਤਰ ਵਿੱਚ ਨਰਮੇ ਦੀ ਅਗੇਤੀ ਬਿਜਾਈ ਹੀ ਕਾਮਯਾਬ ਮੰਨੀ ਜਾਂਦੀ ਹੈ। ਇਸ ਕਰਕੇ ਲੇਟ ਆਏ ਨਹਿਰੀ ਪਾਣੀ ਨੇ ਕਿਸਾਨਾਂ ਦਾ ਨਰਮੇ ਤੋਂ ਮੋਹ ਭੰਗ ਕਰ ਦਿੱਤਾ ਹੈ।

ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਇਕੱਲੇ ਨਰਮੇ ਦੀ ਬਿਜਾਈ ਹੀ ਪ੍ਰਭਾਵਿਤ ਨਹੀਂ ਹੁੰਦੀ, ਸਗੋਂ ਝੋਨੇ ਦੀ ਪਨੀਰੀ ਨੂੰ ਨਹਿਰੀ ਪਾਣੀ ਆਸਰੇ ਬੀਜਿਆ ਜਾਂਦਾ ਹੈ।

ਦੂਜੇ ਪਾਸੇ ਨਹਿਰਾਂ ਦੀ ਬੰਦੀ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿਚਲੇ ਵਾਟਰ ਵਰਕਸਾਂ ਦੇ ਪਾਣੀ ਸਟੋਰ ਕਰਨ ਵਾਲੇ ਭੰਡਾਰ ਛੁੱਟੀ ਕਰ ਗਏ ਸਨ, ਜਿਸ ਕਾਰਨ ਵਾਟਰ ਵਰਕਸਾਂ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਧਰਤੀ ਹੇਠਲਾ ਪਾਣੀ ਪੀਣ ਦੇ ਯੋਗ ਨਾ ਹੋਣ ਕਾਰਨ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਆਪਣੀ ਪਿਆਸ ਬੁਝਾਉਣ ਦੀ ਵੱਖਰੇ ਤੌਰ ’ਤੇ ਖੜ੍ਹੀ ਹੋ ਗਈ ਹੈ।

ਮਾਨਸਾ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਨਹਿਰਾਂ ਵਿੱਚ ਪਾਣੀ ਪਿੱਛੋਂ ਹੀ ਬੰਦ ਹੁੰਦਾ ਹੈ ਅਤੇ ਇਸ ਨੂੰ ਨਹਿਰਾਂ ਦੀ ਸਫਾਈ ਅਤੇ ਟੇਲਾਂ ’ਤੇ ਪੂਰਾ ਪਾਣੀ ਪਹੁੰਚਾਉਣ ਦੇ ਇਰਾਦੇ ਨਾਲ ਹੀ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਖੜਾ ਨਹਿਰ ਅਤੇ ਕੋਟਲਾ ਬਰਾਂਚ ਦੀ ਕਈ ਥਾਵਾਂ ਉਤੇ ਸਫ਼ਾਈ ਕਰਨ ਲਈ ਅਤੇ ਕਈ ਥਾਵਾਂ ਉਪਰ ਵਿਸ਼ੇਸ ਮੁਰੰਮਤ ਕਰਨ ਲਈ ਹੀ ਮਹਿਕਮੇ ਨੂੰ ਇਨ੍ਹਾਂ ਦਿਨਾਂ ਵਿੱਚ ਮਜਬੂਰਨ ਪਾਣੀ ਦੀ ਬੰਦੀ ਕਰਨੀ ਪਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: