ਆਮ ਖਬਰਾਂ

ਤਿੰਨ ਰੋਜਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ

By ਸਿੱਖ ਸਿਆਸਤ ਬਿਊਰੋ

February 13, 2018

ਸੰਗਰੂਰ: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਣ ਲਈ ਪਿੰਡ ਪੱਧਰ ‘ਤੇ ਗੱਤਕੇਬਾਜ਼ੀ ਦੇ ਵਿਰਾਸਤੀ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਸਮੂਹ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਇਹ ਸਵੈ-ਰੱਖਿਆ ਦੀ ਮਾਣਮੱਤੀ ਖੇਡ ਅਪਨਾਉਣ ਚਾਹੀਦਾ ਹੈ।

ਪਿੰਡ ਜਖੇਪਲ ਵਿੱਚ ਬਾਬਾ ਪਰਮਾਨੰਦ ਕੰਨਿਆਂ ਮਹਾਂਵਿਿਦਆਲਾ ਵਿਖੇ ਤਿੰਨ ਰੋਜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ-ਕਾਲਜ ਗੱਤਕਾ ਟੂਰਨਾਮੈਂਟ ਦੀ ਅਰੰਭਤਾ ਕੀਤੀ ਗਈ। ਇਸ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਦੀਆਂ 11 ਲੜਕਿਆਂ ਅਤੇ 8 ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈ ਰਹੀਆਂ ਹਨ। ਇਸ ਟੂਰਨਾਂਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਸ. ਹਰਜੀਤ ਸਿੰਘ ਗਰੇਵਾਲ, ਲੋਕ ਗਾਇਕ ਪਰਮਜੀਤ ਸਿੰਘ ਪੰਮੀ ਬਾਈ, ਕਾਲਜ ਦੇ ਸੰਸਥਾਪਕ ਬਾਬਾ ਪ੍ਰੀਤਮ ਦਾਸ ਅਤੇ ਪ੍ਰਿੰਸੀਪਲ ਉਂਕਾਰ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ।

ਗਰੇਵਾਲ, ਜੋ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਵੀ ਚੇਅਰਮੈਨ ਹਨ, ਨੇ ਕਿਹਾ ਕਿ ਮਾਣਮੱਤੀ ਖੇਡ ਗੱਤਕਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ। ਉਨਾ ਗੱਤਕਾ ਖੇਡ ਨੂੰ ਅਮੀਰ ਵਿਰਸੇ ਪੱਖੋਂ ਅਤੇ ਖੇਡ ਦੇ ਤੌਰ ‘ਤੇ ਵਿਕਸਤ ਕਰਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਉਣ ਲਈ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ, ਸਭਾਵਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਸ ਖੇਡ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

ਇਸ ਮੌਕੇ ਲੋਕ ਗਾਇਕ ਪੰਮੀ ਬਾਈ ਨੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਏ ਲੜਕੇ-ਲੜਕਿਆਂ ਨੂੰ ਇਹ ਵਿਰਾਸਤੀ ਖੇਡ ਅਪਨਾਉਣੀ ਚਾਹੀਦੀ ਹੈ ਤਾਂ ਜੋ ਵਿਸਰ ਰਹੀ ਇਸ ਪੁਰਾਤਨ ਖੇਡ ਨੂੰ ਅਗਲੀਆਂ ਪੀੜ੍ਹੀਆਂ ਲਈ ਸਾਂਭਿਆ ਜਾ ਸਕੇ। ਉਨਾਂ ਕਿਹਾ ਕਿ ਹਰ ਵਿਿਦਆਰਥੀ ਨੂੰ ਖੇਡਾਂ ਅਤੇ ਕਲਾਤਮਕ ਰੁਚੀਆਂ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ।

ਇਸ ਮੌਕੇ ਪ੍ਰਿੰਸੀਪਲ ਉਂਕਾਰ ਸਿੰਘ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਸਾਂਭਣ ਅਤੇ ਆਪਣੀ ਸਵੈ-ਰੱਖਿਆ ਲਈ ਗੱਤਕੇ ਦੀ ਖੇਡ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ। ਉਨਾ ਅਖਿਆ ਕਿ ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਮੋੜ ਕੇ ਪੰਜਾਬ ਦੀ ਤਰੱਕੀ ਲਈ ਵਿਿਦਆ ਅਤੇ ਖੇਡਾਂ ਵੱਲ ਲਾਉਣਾ ਅੱਜ ਸਮੇਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਆਖਿਆ ਕਿ ਉਹ ਖੇਡ ਭਾਵਨਾ ਨਾਲ ਖੇਡਦੇ ਹੋਏ ਵਧੀਆ ਪ੍ਰਦਰਸ਼ਨੀ ਦਿਖਾਕੇ ਆਪਣਾ ਅਤੇ ਆਪਣੇ ਰਾਜ ਦਾ ਨਾਮ ਉਚਾ ਚੁੱਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਉਪ ਚੇਅਰਮੈਨ ਅਵਤਾਰ ਸਿੰਘ, ਗੱਤਕਾ ਕੋਚ ਸਕੱਤਰ ਉਦੈ ਸਿੰਘ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸੰਯੁਕਤ ਸਕੱਤਰ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਸਕਰੌਦੀ, ਹਰਜੀਤ ਸਿੰਘ ਗਿੱਲ ਬਠਿੰਡਾ, ਸਕੂਲ ਦੇ ਪਿੰਸੀਪਲ ਦਰਸ਼ਨ ਖਾਨ, ਅਮਰੀਕ ਸਿੰਘ ਕਣਕਵਾਲ, ਕੋਚ ਦਵਿੰਦਰ ਸਿੰਘ ਢਿੱਲੋਂ, ਪ੍ਰੋ. ਸੁਖਜੀਤ ਸਿੰਘ ਸੁੱਖੀ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: