ਸਿੱਖ ਖਬਰਾਂ

ਪੰਜਾਬੀ ਯੂਨੀਵਰਸਿਟੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਭਾਸ਼ਨ ਕਰਵਾਇਆ ਗਿਆ

September 17, 2015 | By

ਪਟਿਆਲਾ (16 ਸਤੰਬਰ, 2015): ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਇਤਿਹਾਸ ਅਧਿਐਨ ਵਿਭਾਗ ਵੱਲੋਂ ਡਾ. ਗੰਡਾ ਸਿੰਘ ਯਾਦਗਾਰੀ ਲੈਕਚਰ ਲੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਭਾਸ਼ਨ ਕਰਵਾਇਆ ਗਿਆ। ਇਸ ਮੌਕੇ ਵਿਦਵਾਨਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਾਰਤੀ ਸਰਕਾਰਾਂ ਤੇ ਇਤਿਹਾਸਕਾਰਾਂ ਨੇ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੀ ਸ਼ਹੀਦੀ ਨੂੰ ਭਾਰਤੀ ਖੋਜਾਰਥੀਆਂ ਦੀ ਖੋਜ ਦੇ ਵਿਸ਼ੇ ਤੋਂ ਦੂਰ ਰੱਖਿਆ।

ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ

ਫ਼ਾਰਸੀ ਵਿੱਚ ਮਿਲਣ ਵਾਲੀਆਂ ਪੁਰਾਣੀਆਂ ਲਿਖਤਾਂ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਵਰਣਨ ਤਾਂ ਮਿਲਦਾ ਹੈ ਪਰ ਉਨ੍ਹਾਂ ਵਿੱਚ ਵੀ ਕਾਫ਼ੀ ਕੁਝ ਛੁਪਾਇਆ ਮਿਲਦਾ ਹੈ ਪਰ ਉੱਘੇ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਮਿਹਨਤ ਨਾਲ ਕੀਤੀ ਖੋਜ ਬਾਬਾ ਜੀ ਦੀ ਸ਼ਹੀਦੀ ਬਾਰੇ ਤੱਥ ਸਾਹਮਣੇ ਲਿਆਉਂਦੀ ਹੈ।

ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਤਿਹਾਸਕਾਰ ਡਾ. ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ੳੁਨ੍ਹਾਂ ਦੀ ਖੋਜ ਵਿੱਚ 26 ਫ਼ਾਰਸੀ ਅਤੇ ਰਾਜਸਥਾਨੀ ਲਿਖਤਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਮੁਸਲਮਾਨਾਂ ਦੇ ਵਿਰੋਧੀ ਨਹੀਂ ਸਨ, ਕਿਉਂਕਿ ਉਨ੍ਹਾਂ ਦੇ ਜਥਿਆਂ ਵਿੱਚ ਮੁਸਲਮਾਨ ਵੀ ਸਨ। ਜੇਕਰ ਰਾਜਪੂਤ ਮੁਖੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇ ਦਿੰਦੇ ਤਾਂ ਇੱਥੇ ਜ਼ਾਲਮ    ਮੁਗਲ ਬਾਦਸ਼ਾਹਾਂ ਦਾ ਕੁਝ ਵੀ ਨਹੀਂ ਰਹਿਣਾ ਸੀ।

ਇਨ੍ਹਾਂ ਲਿਖਤਾਂ ਵਿੱਚ ਉਨ੍ਹਾਂ ਦੇ ਬੈਰਾਗੀ ਹੋਣ ਦੇ ਕੋਈ ਸੰਕੇਤ ਨਹੀਂ ਹਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਭਾਰਤੀ ਇਤਿਹਾਸਕਾਰਾਂ ਨੇ ਲਿਖਣ ਵੇਲੇ ਬੜਾ ਹੀ ਸੰਕੋਚ     ਕੀਤਾ ਹੈ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਦੋ ਅੰਗਰੇਜ਼ਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਮਿਲਦਾ ਹੈ ਜਿਨ੍ਹਾਂ ਨੇ ਸੱਚੋ-ਸੱਚੀ ਬਿਆਨ ਕੀਤਾ ਹੈ।

ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ 740 ਦੇ ਕਰੀਬ ਸਿੱਖਾਂ ਦਾ ਦਿਲੀ ਵਿੱਚ ਜਲੂਸ ਕੱਢ ਕੇ ਬੁਰੀ ਤਰ੍ਹਾਂ ਸ਼ਹੀਦ ਕਰ ਦਿੱਤੇ ਗਏ। ਭਾਰਤ ਦੇ ਕਿਸੇ ਵੀ ਕੋਨੇ ਵਿੱਚ ਭਾਰਤ ਸਰਕਾਰ ਵੱਲੋਂ ਬਾਬਾ ਜੀ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ। ਇਸ ਵੇਲੇ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਜਵਾਈ ਪੀਸੀਐਸ ਜਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਡਾ. ਬਲਵਿੰਦਰਜੀਤ ਕੌਰ ਭੱਟੀ ਤੇ ਡੀਨ ਕਾਲਜ ਡਾ. ਕੁਲਬੀਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,