ਆਮ ਖਬਰਾਂ

ਕੁਰਾਨ ਬੇਅਦਬੀ ਮਾਮਲਾ: ਭਾਈ ਮੰਡ, ਭਗਵੰਤ ਮਾਨ, ਜਗਮੀਤ ਬਰਾੜ ਆਦਿ ਮਲੇਰਕੋਟਲਾ ਪਹੁੰਚੇ

By ਸਿੱਖ ਸਿਆਸਤ ਬਿਊਰੋ

June 27, 2016

ਮਲੇਰਕੋਟਲਾ: ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਕਦੇ ਗੁਰੂ ਗ੍ਰੰਥ ਸਾਹਿਬ ਕਦੇ ਕਿਸੇ ਹੋਰ ਧਰਮ ਗ੍ਰੰਥ ਦੇ ਅਪਮਾਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਤਾਜ਼ਾ ਖ਼ਬਰ ਰਮਜ਼ਾਨ ਦੇ ਮਹੀਨੇ ਵਿਚ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਖ਼ਬਰ ਆਈ। ਜਿਸ ਤੋਂ ਬਾਅਦ ਰੋਸ ਪ੍ਰਦਰਸ਼ਨਾਂ ਅਤੇ ਹਿੰਸਾ ਵਿਚ ਕਾਫੀ ਮਾਲੀ ਨੁਕਸਾਨ ਹੋਇਆ, ਕਈ ਪ੍ਰਦਰਸ਼ਨਕਾਰੀ ਅਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਵੀ ਹੋਏ।

ਜਿਵੇਂ ਕਿ ਅਜਿਹੇ ਹਰ ਮਸਲੇ ’ਤੇ ਹੁੰਦਾ ਹੀ ਹੈ ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਗ ਜਾਂਦੇ ਹਨ ਅਜਿਹਾ ਹੀ ਕੁਝ ਮਲੇਰਕੋਟਲਾ ਵਿਖੇ ਦੇਖਣ ਨੂੰ ਮਿਲਿਆ ਜਦੋਂ ਮੌਜੂਦਾ ਅਕਾਲੀ ਵਿਧਾਇਕ ਫਰਜ਼ਾਨਾ ਆਲਮ ਦੇ ਪਤੀ ਇਜ਼ਹਾਰ ਆਲਮ ਅਤੇ ਸਾਬਕਾ ਕਾਂਗਰਸੀ ਵਿਧਾਇਕ ਰਜ਼ੀਆ ਸੁਲਤਾਨਾ ਨੇ ਇਕ ਦੂਜੇ ’ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।

ਬੇਅਦਬੀ ਦੀ ਘਟਨਾ ਅਤੇ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੇ ਤਿੰਨ ਐਫ.ਆਈ.ਆਰ. ਦਰਜ ਕੀਤੀਆਂ। ਪਹਿਲੀ ਕੁਰਾਨ ਦੀ ਬੇਅਦਬੀ ਦੀ, ਦੂਜੀ ਅੱਗਜਨੀ ਦੀ, ਤੀਜੀ ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮਾਂ ’ਤੇ ਹਮਲੇ ਦੀ। 19 ਵਿਅਕਤੀਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ।

ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਇਸ ਦੁਖ ਦੀ ਘੜੀ ਵਿਚ ਮੁਸਲਮਾਨ ਵੀਰਾਂ ਨਾਲ ਦੁਖ ਸਾਂਝਾ ਕਰਨ ਲਈ ਭਾਈ ਧਿਆਨ ਸਿੰਘ ਮੰਡ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਆਦਿ ਪਹੁੰਚੇ। ਇਨ੍ਹਾਂ ਆਗੂਆਂ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਲਈ ਸਰਕਾਰ ਨੂੰ ਜ਼ਿੰਮੇਵਾਰ ਦਰਸਾਉਂਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਹਾਲੇ ਤਕ ਫੜੇ ਨਹੀਂ ਗਏ, ਸਗੋਂ ਹੁਣ ਕੁਰਾਨ ਸ਼ਰੀਫ ਦੇ ਬੇਅਦਬੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਾੜੇ ਅਨਸਰ ਪੰਜਾਬ ਵਿਚ ਬੇਖੌਫ ਘੁੰਮ ਰਹੇ ਹਨ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਆਗੂਆਂ ਨੇ ਕਿਹਾ ਕਿ ਕੁਰਾਨ ਦੀ ਬੇਅਦਬੀ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ।

ਜਨਾਬ ਜ਼ੁਲਫਕਾਰ ਅਲੀ ਮਲਿਕ, ਸਾਬਕਾ ਮੁੱਖ ਕਾਰਜਕਾਰੀ ਅਫਸਰ, ਪੰਜਾਬ ਵਕਫ ਬੋਰਡ ਨੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਜਮਾਤ-ਏ-ਇਸਲਾਮੀ ਦੇ ਪੰਜਾਬ ਪ੍ਰਧਾਨ ਜਨਾਬ ਅਬਦੁਸ਼ ਸ਼ਕੂਰ ਨੇ ਘਟਨਾ ਲਈ ਜ਼ਿੰਮੇਵਾਰ ਅਸਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਬੇਨਤੀ ਕੀਤੀ ਹੈ। ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਹਥੋਆ, ਪ੍ਰਦੀਪ ਸਿੰਘ ਧਨੋਆ, ਰੁਪਿੰਦਰ ਸਿੰਘ ਚੌਂਦਾ ਨੇ ਇਸ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਗੁਰਦੁਆਰਾ ਹਾਅ ਦਾ ਨਾਅਰਾ ਦੇ ਪ੍ਰਧਾਨ ਬਲਰਾਜ ਸਿੰਘ ਸੰਧੂ, ਰਾਮਗੜ੍ਹੀਆ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਗਿਆਨੀ ਅਮਰ ਸਿੰਘ, ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਦੇ ਆਗੂ ਭਾਈ ਨਰਿੰਦਰਪਾਲ ਸਿੰਘ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਸਿਆਸੀ ਲਾਹਾ ਲੈਣ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: