Site icon Sikh Siyasat News

ਕੁਰਾਨ ਦੀ ਬੇਅਦਬੀ ਤੋਂ ਬਾਅਦ ਮਲੇਰਕੋਟਲਾ ਵਿਖੇ ਹਿੰਸਾ, ਵਿਧਾਇਕ ਦੇ ਘਰ ਨੂੰ ਅੱਗ ਲਾਈ

ਮਲੇਰਕੋਟਲਾ: ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਕੁਰਾਨ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਾਰੇ ਇਲਾਕੇ ਵਿਚ ਹਿੰਸਾ ਫੈਲ ਗਈ ਹੈ। ਹਿੰਸਾ ਉਦੋਂ ਭੜਕੀ ਜਦੋਂ ਖੰਨਾ ਰੋਡ ਚੌਂਕ ‘ਚ ਕੁਰਾਨ ਸ਼ਰੀਫ ਦੇ ਵਰਕੇ ਪਾੜੇ ਹੋਏ ਪਏ ਮਿਲੇ। ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿਚ ਇਸ ਘਟਨਾ ਨਾਲ ਲੋਕਾਂ ਵੀ ਭਾਰੀ ਰੋਸ ਪਾਇਆ ਗਿਆ।

ਮਲੇਰਕੋਟਲਾ ਦੇ ਪੁਲਿਸ ਕਪਤਾਨ ਜਸਵਿੰਦਰ ਸਿੰਘ, ਡਿਪਟੀ ਪੁਲਿਸ ਕਪਤਾਨ ਰਣਧੀਰ ਸਿੰਘ ਅਤੇ ਅਹਿਮਦਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਰੋਸ਼ਨ ਲਾਲ ਸਣੇ 8 ਪੁਲਿਸ ਮੁਲਾਜ਼ਮ ਪਰਦਰਸ਼ਨਕਾਰੀਆਂ ਅਤੇ ਪੁਲਿਸ ਵਿਚ ਹੋਈ ਹਿੰਸਾ ਵਿਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ 11 ਤੇ ਖੜ੍ਹੀ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਜਿਵੇਂ ਹੀ ਹਿੰਸਾ ਦੀ ਖਬਰ ਫੈਲੀ ਦੋ ਪ੍ਰਾਈਵੇਟ ਬੱਸਾਂ ਨੂੰ ਵੀ ਪਰਦਰਸ਼ਨਕਾਰੀਆਂ ਨੇ ਅੱਗ ਲਾ ਦਿੱਤੀ।

ਇਕ ਚਸ਼ਮਦੀਦ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਭੀੜ ਵਿਚ ਸ਼ਾਮਲ ਹਰੇਕ ਬੰਦਾ ਪਸਤੌਲ, ਰਾਈਫਲ ਅਤੇ ਪੱਥਰਾਂ ਨਾਲ ਲੈਸ ਸੀ। ਸ਼ੁਰੂ ਵਿਚ ਪ੍ਰਦਰਸ਼ਨਕਾਰੀਆਂ ਨੇ ਟਾਇਰਾਂ ਨੂੰ ਅੱਗਾਂ ਲਾ ਕੇ ਸੜਕਾਂ ‘ਤੇ ਸੁਟਿਆ ਫੇਰ ਆਉਂਦੀਆਂ ਜਾਂਦੀਆਂ ਗੱਡੀਆਂ ਦੀ ਭੰਨ-ਤੋੜ ਕੀਤੀ ਫੇਰ ਉਹ ਫਰਜ਼ਾਨਾ (ਵਿਧਾਇਕ) ਦੇ ਘਰ ਵੱਲ ਨੂੰ ਤੁਰ ਪਏ ਕਿਉਂਕਿ ਉਥੋਂ ਇਹ ਖ਼ਬਰ ਆ ਰਹੀ ਸੀ ਕਿ ਉਥੇ ਮੌਜੂਦ ਪੁਲਿਸ ਨੇ ਕਿਸੇ ਬੰਦੇ ਨੂੰ ਗੋਲੀ ਮਾਰ ਦਿੱਤੀ ਹੈ।

ਵਿਧਾਇਕ ਫਰਜ਼ਾਨਾ ਦੇ ਘਰ ਦੇ ਗੇਟਕੀਪਰ ਮੁਹੰਮਦ ਨਜੀਦ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਬਿਜਲੀ ਸਪਲਾਈ ਕੱਟੀ ਫੇਰ ਘਰ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਵਿਧਾਇਕ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ‘ਤੇ ਪੁਲਿਸ ਉਥੋਂ ਭੱਜ ਗਈ। ਹਮਲਾਵਰਾਂ ਨੇ ਨੇੜੇ ਹੀ ਸਥਿਤ ਪੈਟਰੋਲ ਟੈਂਕਰ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਲਾ ਨਹੀਂ ਸਕੇ। ਨਜੀਦ ਨੇ ਦੱਸਿਆ ਕਿ ਪੁਲਿਸ ਦੀ ਸਹਾਇਤਾ ਘਟਨਾ ਤੋਂ 40 ਮਿੰਟ ਬਾਅਦ ਆਈ। ਇਸ ਤੋਂ ਪਹਿਲਾਂ ਉਹ ਸਥਾਨ ਪੂਰੀ ਤਰ੍ਹਾਂ ਹਰੇਕ ਦੇ ਆਉਣ ਜਾਣ ਲਈ ਖੁੱਲ੍ਹਾ ਸੀ।

ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ 100 ਰਾਊਂਡ ਫਾਇਰ ਚੱਲਣ ਦੀ ਵੀ ਜਾਣਕਾਰੀ ਮਿਲੀ ਹੈ।

ਪੰਜਾਬ ਮੁਸਲਿਮ ਫਰੰਟ ਦੇ ਚੇਅਰਪਰਸਨ ਸ਼ਹਿਜ਼ਾਦ ਹੁਸੈਨ ਨੇ ਦੋਸ਼ ਲਾਇਆ ਕਿ 1000 ਤੋਂ ਵੱਧ ਪੰਨੇ ਨਵੀਆਂ ਕੁਰਾਨ ਸ਼ਰੀਫ ਦੇ ਪਾੜੇ ਪਏ ਮਿਲੇ।

ਡੀ.ਜੀ.ਪੀ. ਹਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ‘ਚ ਤਿੰਨ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪਹਿਲੀ ਬੇਅਦਬੀ ਦੀ ਘਟਨਾ ਲਈ, ਦੂਜੀ ਅੱਗ ਲਾਉਣ ਦੀ ਘਟਨਾ ਲਈ ਅਤੇ ਤੀਜੀ ਪੁਲਿਸ ਮੁਲਾਜ਼ਮਾਂ ‘ਤੇ ਹਮਲੇ ਲਈ।

ਸੰਗਰੂਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਪ੍ਰਿਤਪਾਲ ਸਿੰਘ ਥਿੰਦ ਦੀ ਅਗਵਾਈ ‘ਚ ਪੁਲਿਸ ਵਲੋਂ ਫਲੈਗ ਮਾਰਚ ਕਢਿਆ ਗਿਆ।

ਇਸੇ ਦੌਰਾਨ ਸਿਆਸਤ ਵੀ ਸ਼ੁਰੂ ਹੋ ਗਈ ਹੈ; ਬਾਦਲ ਦਲ ਦੀ ਵਿਧਾਇਕ ਫਰਜ਼ਾਨਾ ਦੇ ਪਤੀ ਮੁਹੰਮਦ ਇਜ਼ਹਾਰ ਆਲਮ, ਜੋ ਕਿ ਸਾਬਕਾ ਪੁਲਿਸ ਮੁਖੀ (ਜੇਲ੍ਹਾਂ) ਹਨ, ਨੇ ਦੋਸ਼ ਲਾਇਆ ਕਿ ਇਹ ਸਾਰਾ ਕੁਝ ਸਥਾਨਕ ਕਾਂਗਰਸੀ ਆਗੂ ਦੇ ਇਸ਼ਾਰੇ ‘ਤੇ ਹੋਇਆ। ਇਜ਼ਹਾਰ ਆਲਮ ਨੇ ਦੋਸ਼ ਲਾਇਆ ਕਿ 500 ਬੰਦਿਆਂ ਨੇ ਮੇਰੇ ਘਰ ‘ਤੇ ਹਮਲਾ ਕੀਤਾ, ਇਹ ਸਾਰਾ ਕੁਝ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ।

ਸਥਾਨਕ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਜ਼ੀਆ ਸੁਲਤਾਨਾ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਿਹਾ ਕਿ ਜੇ ਇਜ਼ਹਾਰ ਆਲਮ ਇਹ ਕਹਿਣਾ ਚਾਹੁੰਦਾ ਹੈ ਕਿ ਇਸ ਘਟੀਆ ਕੰਮ ਲਈ ਕਾਂਗਰਸ ਜ਼ਿੰਮੇਵਾਰ ਹੈ ਤਾਂ ਇਹ ਉਸਦੇ ਦਿਮਾਗ ਦੀ ਉਪਜ ਹੈ। ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਨ ਦੀ ਬਜਾਏ, ਬਾਦਲ ਦਲ ਦੇ ਆਗੂ ਆਧਾਰਹੀਣ ਬਿਆਨਬਾਜ਼ੀ ਕਰ ਰਹੇ ਹਨ। ਨਿਰਪੱਖ ਜਾਂਚ ਨਾਲ ਸੱਚ ਲੋਕਾਂ ਸਾਹਮਣੇ ਆ ਜਾਏਗਾ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/28UssMq

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version