ਆਮ ਖਬਰਾਂ

ਮੌਸਮ ਵਿਭਾਗ ਨੇ ਦੋ ਦਿਨ ਭਰਵਾਂ ਮੀਂਹ ਤੇ ਗੜ੍ਹੇ ਪੈਣ ਦੀ ਭਵਿੱਖਬਾਣੀ ਕੀਤੀ

By ਸਿੱਖ ਸਿਆਸਤ ਬਿਊਰੋ

February 12, 2018

ਚੰਡੀਗੜ੍ਹ: ਅਗਲੇ ਦੋ ਦਿਨਾਂ ਦੌਰਾਨ ਮੈਦਾਨੀ ਖੇਤਰ ਵਿੱਚ ਮੀਂਹ/ਗੜ੍ਹੇ ਅਤੇ ਪਹਾੜੀ ਖੇਤਰ ਵਿੱਚ ਬਰਫ਼ਬਾਰੀ ਹੋਣ ਦੀ ਵੀ ਭਵਿੱਖਬਾਣੀ ਹੈ। ਮੰਗਲਵਾਰ ਤਕ ਮੌਸਮ ਖ਼ਰਾਬ ਰਹਿਣ ਤੋਂ ਬਾਅਦ ਸੂਰਜ ਦੇ ਮੁੜ ਤੋਂ ਚਮਕਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਗੜ੍ਹਿਆਂ ਦੀ ਚਿਤਾਵਨੀ ਦਿੱਤੀ ਹੈ। ਭਲ੍ਹਕ ਨੂੰ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

ਅਫ਼ਗਾਨਿਸਤਾਨ ਦੇ ਕੇਂਦਰੀ ਹਿੱਸੇ ਵਿੱਚ ਪੱਛਮੀ ਗੜਬੜੀ ਬਣਨੀ ਸ਼ੁਰੂ ਹੋ ਚੁੱਕੀ ਹੈ, ਜਿਹੜੀ ਕਿ ਉਤਰ ਪੱਛਮੀ ਸੂਬਿਆਂ ਵੱਲ ਨੂੰ ਵੀ ਵਧਣ ਲੱਗ ਪਈ ਹੈ। ਇਸ ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰ ਕਈ ਰਾਜਾਂ ਵਿੱਚ ਕੱਲ ਸ਼ਾਮ ਨੂੰ ਬੱਦਲਵਾਈ ਤੋਂ ਬਾਅਦ ਮੀਂਹ ਪੈਹ ਰਿਹਾ ਹੈ। ਚੰਡੀਗੜ੍ਹ ਦਾ ਤਾਪਮਾਨ 27.8 ਡਿਗਰੀ ਦਰਜ ਕੀਤਾ ਗਿਆ ਹੈ ਜਿਹੜਾ ਕਿ ਕਲ੍ਹ ਨਾਲੋਂ ਦੋ ਡਿਗਰੀ ਵੱਧ ਹੈ। ਚੰਡੀਗੜ੍ਹ ਦੇ ਬਾਹਰਵਾਰ ਦਾ ਘੱਟੋ ਘੱਟ ਪਾਰਾ 7.8 ਡਿਗਰੀ ਦਰਜ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਅੰਬਾਲਾ ਦਾ ਦਿਨ ਦਾ ਤਾਪਮਾਨ 26.6 ਡਿਗਰੀ, ਅੰਮ੍ਤਿਸਰ ਦਾ 23.7 , ਲੁਧਿਆਣਾ ਦਾ 24.4 , ਪਟਿਆਲਾ ਦਾ 23.8 ਅਤੇ ਅੰਬਾਲਾ ਦਾ 25.7 ਡਿਗਰੀ ਰਿਕਾਰਡ ਕੀਤਾ ਗਿਆ ਹੈ। ਮੀਂਹ ਪੈਣ ਨਾਲ ਮੁੜ ਤੋਂ ਠੰਢ ਵਧਣ ਦੇ ਆਸਾਰ ਹਨ।

ਫਰਵਰੀ ਦੇ ਦੂਜੇ ਹਫ਼ਤੇ ਦੀ ਬਾਰਸ਼ ਚਾਹੇ ਫਸਲਾਂ ਲਈ ਲਾਹੇਵੰਦ ਦੱਸੀ ਗਈ ਹੈ ਪਰ ਗੜ੍ਹੇ ਪੈਣ ਨਾਲ ਹਾੜੀ ਦੀ ਫਸਲ ਨੂੰ ਨੁਕਸਾਨ ਪੁੱਜਣ ਦਾ ਡਰ ਹੈ। ਇਸ ਵਾਰ ਕਣਕ ਲਈ ਮੌਸਮ ਖ਼ੁਸ਼ਗਵਾਰ ਚੱਲ ਰਿਹਾ ਹੈ ਅਤੇ ਖੇਤੀਬਾੜੀ ਵਿਭਾਗ ਨੂੰ ਬੰਪਰ ਫਸਲ ਦੀ ਉਮੀਦ ਹੈ। ਬੱਦਲਵਾਈ ਹੋਣ ਨਾਲ ਹਵਾ ਵਿੱਚ ਨਮੀ ਵਧ ਗਈ ਹੈ ਅਤੇ ਦੂਰ ਤਕ ਦਿਸਣਾ ਵੀ ਘੱਟ ਗਿਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਪਾਲ ਦਾ ਕਹਿਣਾ ਹੈ ਕਿ ਦੋ ਦਿਨ ਮੀਂਹ ਪੈਣ ਤੋਂ ਬਾਅਦ ਬੁੱਧਵਾਰ ਨੂੰ ਮੌਸਮ ਵਿੱਚ ਨਿਖ਼ਾਰ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਂਹ ਦੇ ਗਿਆਰਾਂ ਫਰਵਰੀ ਦੀ ਰਾਤ ਤੋਂ ਹੀ ਸ਼ੁਰੂ ਹੋਣ ਦੇ ਆਸਾਰ ਬਣਨ ਲੱਗੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: